ਜ਼ਿੰਬਾਬਵੇ ਵਿਰੁੱਧ 5 ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੁਕਾਬਲਾ ਅੱਜ
Saturday, Jul 06, 2024 - 12:28 PM (IST)

ਹਰਾਰੇ– ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਬਿਨਾਂ ਜਦੋਂ ਯੂਥ ਬ੍ਰਿਗੇਡ ਜ਼ਿੰਬਾਬਵੇ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ 5 ਮੈਚਾਂ ਦੀ ਟੀ-20 ਲੜੀ ਵਿਚ ਉਤਰੇਗੀ ਤਾਂ ਇਸ ਸਵਰੂਪ ਵਿਚ ਇਹ ਭਾਰਤੀ ਕ੍ਰਿਕਟ ਦੇ ਨਵੇਂ ਦੌਰ ਦੀ ਸ਼ੁਰੂਆਤ ਵੀ ਹੋਵੇਗੀ। ਭਾਰਤ ਵਿਚ ਟੀ-20 ਵਿਸ਼ਵ ਕੱਪ ਦੀ ਜਿੱਤ ਦੇ ਜਾਰੀ ਜਸ਼ਨ ਵਿਚਾਲੇ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਆਈ. ਪੀ. ਐੱਲ. ਸਿਤਾਰਿਆਂ ਨਾਲ ਸਜ਼ੀ ਇਹ ਨੌਜਵਾਨ ਟੀਮ ਜਿੱਤ ਦਾ ਆਪਣਾ ਸਿਲਸਿਲਾ ਸ਼ੁਰੂ ਕਰਨਾ ਚਾਹੇਗੀ।
ਆਈ. ਪੀ. ਐੱਲ. ਵਿਚ ਸਨਰਾਈਜ਼ਰਜ਼ ਹੈਦਰਾਬਾਦ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਪੰਜਾਬ ਦੇ ਅਭਿਸ਼ੇਕ ਸ਼ਰਮਾ ਤੇ ਰਾਜਸਥਾਨ ਰਾਇਲਜ਼ ਲਈ ਖੇਡਣ ਵਾਲਾ ਅਸਾਮ ਦਾ ਰਿਆਨ ਪ੍ਰਾਗ ਇਸ ਲੜੀ ਰਾਹੀਂ ਡੈਬਿਊ ਕਰਨਗੇ। ਪਿਛਲੇ ਕੁਝ ਸਾਲਾਂ ਵਿਚ ਰੋਹਿਤ ਤੇ ਵਿਰਾਟ ਕੋਹਲੀ ਟੀ-20 ਕ੍ਰਿਕਟ ਵਿਚ ਕਈ ਦੋ-ਪੱਖੀ ਲੜੀਆਂ ’ਚੋਂ ਬਾਹਰ ਰਹੇ ਸਨ ਹਾਲਾਂਕਿ ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਵਿਚ ਟੀਮ ਦੀ ਜਿੱਤ ਵਿਚ ਅਹਿਮ ਯੋਗਦਾਨ ਦਿੱਤਾ ਪਰ ਹੁਣ ਟੀ-20 ਕੌਮਾਂਤਰੀ ਕ੍ਰਿਕਟ ਵਿਚ ਦੋਵਾਂ ਦੇ ਸੰਨਿਆਸ ਤੋਂ ਬਾਅਦ ਉਨ੍ਹਾਂ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ।
ਇਸ ਦੀ ਭਰਪਾਈ ਕਰਨਾ ਤਾਂ ਮੁਸ਼ਕਿਲ ਹੈ ਪਰ ਬਦਲਾਅ ਦੁਨੀਆ ਦਾ ਨਿਯਮ ਹੈ। ਜ਼ਿੰਬਾਬਵੇ ਮਜ਼ਬੂਤ ਟੀਮ ਨਹੀਂ ਹੈ ਪਰ ਟੀ-20 ਸਵਰੂਪ ਵਿਚ ਦੋਵਾਂ ਟੀਮਾਂ ਵਿਚਾਲੇ ਜ਼ਿਆਦਾ ਫਰਕ ਨਹੀਂ ਹੈ। ਆਈ. ਪੀ. ਐੱਲ. ਵਿਚ ਪੰਜਾਬ ਕਿੰਗਜ਼ ਲਈ ਖੇਡਣ ਵਾਲਾ ਸਿਕੰਦਰ ਰਜਾ ਭਾਰਤ ਲਈ ਚੁਣੌਤੀ ਸਾਬਤ ਹੋ ਸਕਦਾ ਹੈ।
ਸ਼ਿਵਮ ਦੂਬੇ, ਸੰਜੂ ਸੈਮਸਨ ਤੇ ਯਸ਼ਸਵੀ ਜਾਇਸਵਾਲ ਤੀਜੇ ਮੈਚ ’ਚ ਹੀ ਉਪਲੱਬਧ ਹੋਣਗੇ। ਭਾਰਤ ਦੇ ਭਵਿੱਖ ਦਾ ਟੀ-20 ਕਪਤਾਨ ਹਾਰਦਿਕ ਪੰਡਯਾ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ ਤੇ ਕੁਲਦੀਪ ਯਾਦਵ ਵੀ ਭਵਿੱਖ ਵਿਚ ਇਸ ਸਵਰੂਪ ਵਿਚ ਪਰਤਣਗੇ, ਲਿਹਾਜਾ ਆਖਰੀ-11 ਵਿਚ ਜ਼ਿਆਦਾ ਜਗ੍ਹਾ ਖਾਲੀ ਨਹੀਂ ਹਨ।
ਹੁਣ ਤੋਂ 2026 ਟੀ-20 ਵਿਸ਼ਵ ਕੱਪ ਤਕ ਭਾਰਤੀ ਟੀਮ ਇਸ ਸਵਰੂਪ ਵਿਚ 34 ਮੈਚ ਖੇਡੇਗੀ। ਕਪਤਾਨ ਗਿੱਲ ਪਾਰੀ ਦਾ ਆਗਾਜ਼ ਕਰੇਗਾ ਅਤੇ ਦੇਖਣਾ ਹੋਵੇਗਾ ਕਿ ਉਸਦੇ ਦੋਸਤ ਅਭਿਸ਼ੇਕ ਸ਼ਰਮਾ ਨੂੰ ਡੈਬਿਊ ਦਾ ਮੌਕਾ ਮਿਲਦਾ ਹੈ ਜਾਂ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਰਿਤੂਰਾਜ ਗਾਇਕਵਾੜ ਖੇਡਦਾ ਹੈ। ਜੇ ਅਭਿਸ਼ੇਕ ਪਾਰੀ ਦੀ ਸ਼ੁਰੂਆਤ ਕਰਦਾ ਹੈ ਤਾਂ ਗਾਇਕਵਾੜ ਤੀਜੇ ਨੰਬਰ ’ਤੇ ਉਤਰ ਸਕਦਾ ਹੈ। ਪ੍ਰਾਗ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ, ਲਿਹਾਜਾ ਉਸਦੀ ਚੋਣ ਦੀ ਸੰਭਾਵਨਾ ਜ਼ਿਆਦਾ ਹੈ।
ਟੀ-20 ਕ੍ਰਿਕਟ ਦਾ ਹਮਲਾਵਰ ਫਿਨਿਸ਼ਰ ਰਿੰਕੂ ਸਿੰਘ 5ਵੇਂ ਨੰਬਰ ’ਤੇ ਉਤਰ ਸਕਦਾ ਹੈ ਜਦਕਿ 6ਵੇਂ ਨੰਬਰ ’ਤੇ ਜਿਤੇਸ਼ ਸ਼ਰਮਾ ਜਾਂ ਧਰੁਵ ਜੁਰੇਲ ਨੂੰ ਉਤਾਰਿਆ ਜਾ ਸਕਦਾ ਹੈ।
ਗੇਂਦਬਾਜ਼ੀ ਵਿਚ ਆਵੇਸ਼ ਖਾਨ ਤੇ ਖਲੀਲ ਅਹਿਮਦ ਦਾ ਖੇਡਣਾ ਤੈਅ ਹੈ ਜਦਕਿ ਡੈੱਥ ਓਵਰਾਂ ਦਾ ਖਤਰਨਾਕ ਗੇਂਦਬਾਜ਼ ਮੁਕੇਸ਼ ਕੁਮਾਰ ਤੀਜਾ ਤੇਜ਼ ਗੇਂਦਬਾਜ਼ ਹੋਵੇਗਾ। ਦੂਬੇ ਦੇ ਆਉਣ ਤਕ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਮਿਲ ਸਕਦਾ ਹੈ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰਿਤੂਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ, ਧਰੁਵ ਜੁਰੇਲ, ਰਿਆਨ ਪ੍ਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਖਲੀਲ ਅਹਿਮਦ, ਮੁਕੇਸ਼ ਕੁਮਾਰ, ਤੁਸ਼ਾਰ ਦੇਸ਼ਪਾਂਡੇ, ਸਾਈ ਸੁਦਰਸ਼ਨ, ਜਿਤੇਸ਼ ਸ਼ਰਮਾ, ਹਰਸ਼ਿਤ ਰਾਣਾ। (ਉਪਰੋਕਤ ਟੀਮ ਸਿਰਫ ਸ਼ੁਰੂਆਤੀ ਦੋ ਮੁਕਾਬਿਲਆਂ ਲਈ ਹੈ)
ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਫਰਾਜ਼ ਅਕਰਮ, ਬ੍ਰਾਇਨ ਬੇਨੇਟ, ਜੋਨਾਥਨ ਕੈਂਪਬੇਲ, ਟੇਂਡਾਈ ਚਤਾਰਾ, ਲਿਊਕ ਜੋਂਗਵੇ, ਇਨੋਸੇਂਟ ਕੇਈਯਾ, ਕਲਾਈਵ ਐੱਮ., ਵੇਸਲੀ ਮੇਦੇਵੇਰੇ, ਟੀ. ਮਾਰੂਮਾਨੀ, ਵੇਲਿੰਗਟਨ ਮਸਾਕਾਜਾ, ਬ੍ਰੈਂਡਨ ਮਾਵੁਤਾ, ਬਲੇਸਿੰਗ ਮੁਜਾਰਾਬਾਨੀ, ਡਿਓਨ ਮਾਇਰਸ, ਅੰਤੁਮ ਨਕਵੀ, ਰਿਚਰਡ ਨਗਾਰਾਵਾ, ਮਿਲਟਨ ਸ਼ੁਮਬਾ।