IND vs ZIM :ਮੇਜ਼ਬਾਨ ਜ਼ਿੰਬਾਬਵੇ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ

Saturday, Jul 13, 2024 - 10:18 AM (IST)

ਹਰਾਰੇ–ਭਾਰਤੀ ਕ੍ਰਿਕਟ ਦੀ ਯੂਥ ਬ੍ਰਿਗੇਡ ਜ਼ਿੰਬਾਬਵੇ ਵਿਰੁੱਧ ਸ਼ਨੀਵਾਰ ਨੂੰ ਚੌਥੇ ਟੀ-20 ਮੈਚ ਰਾਹੀਂ ਲੜੀ ਆਪਣੇ ਨਾਂ ਕਰਕੇ ਇਕ ਨਵੇਂ ਦੌਰ ਦਾ ਆਗਾਜ਼ ਕਰਨ ਦੇ ਇਰਾਦੇ ਨਾਲ ਉਤਰੇਗੀ। ਪਹਿਲੇ ਮੈਚ ਵਿਚ ਹੈਰਾਨੀਜਨਕ ਹਾਰ ਤੋਂ ਬਾਅਦ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜਾ ਤੇ ਤੀਜਾ ਮੈਚ ਵੱਡੇ ਫਰਕ ਨਾਲ ਜਿੱਤ ਕੇ 2-1 ਨਾਲ ਬੜ੍ਹਤ ਬਣਾ ਲਈ ਸੀ।
ਮੌਜੂਦਾ ਕ੍ਰਿਕਟ ਦ੍ਰਿਸ਼ ਵਿਚ ਜ਼ਿੰਬਾਬਵੇ ’ਤੇ ਜਿੱਤ ਬਹੁਤ ਵੱਡੀ ਨਹੀਂ ਕਹੀ ਜਾਵੇਗੀ ਪਰ ਇਸ ਨਾਲ ਉਨ੍ਹਾਂ ਨੌਜਵਾਨਾਂ ਵਿਚ ਉਮੀਦ ਜ਼ਰੂਰ ਪੈਦਾ ਹੋਈ ਹੋਵੇਗੀ, ਜਿਹੜੇ ਆਧੁਨਿਕ ਕ੍ਰਿਕਟ ਦੇ ਕੁਝ ਧਾਕੜਾਂ ਦੇ ਸੰਨਿਆਸ ਤੋਂ ਬਾਅਦ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਹਨ। ਇਨ੍ਹਾਂ ਵਿਚ ਵਾਸ਼ਿੰਗਟਨ ਸੁੰਦਰ ਤੇ ਅਭਿਸ਼ੇਕ ਸ਼ਰਮਾ ਸ਼ਾਮਲ ਹਨ।
ਟੀ-20 ਕ੍ਰਿਕਟ ਤੋਂ ਰਵਿੰਦਰ ਜਡੇਜਾ ਦੇ ਸੰਨਿਆਸ ਤੋਂ ਬਾਅਦ ਵਾਸ਼ਿੰਗਟਨ ਦੀਆਂ ਨਜ਼ਰਾਂ ਸਪਿਨ ਆਲਰਾਊਂਡਰ ਦੇ ਰੂਪ ਵਿਚ ਟੀਮ ਵਿਚ ਜਗ੍ਹਾ ਪੱਕੀ ਕਰਨ ’ਤੇ ਲੱਗੀਆਂ ਹਨ। ਜ਼ਿੰਬਾਬਵੇ ਵਿਰੱਧ ਉਸ ਨੇ 4.5 ਦੀ ਇਕਾਨਮੀ ਰੇਟ ਨਾਲ 6 ਵਿਕਟਾਂ ਲਈਆਂ ਹਨ। ਸ਼੍ਰੀਲੰਕਾ ਦੌਰੇ ਲਈ ਸਫੈਦ ਗੇਂਦ ਦੀ ਟੀਮ ਚੁਣਦੇ ਸਮੇਂ ਉਸਦੇ ਨਾਂ ’ਤੇ ਵਿਚਾਰ ਜ਼ਰੂਰ ਹੋਵੇਗੀ। ਉਪਯੋਗੀ ਸਪਿਨ ਗੇਂਦਬਾਜ਼ ਹੋਣ ਦੇ ਨਾਲ ਹੀ ਉਹ ਹੇਠਲੇ ਕ੍ਰਮ ਵਿਚ ਚੰਗਾ ਬੱਲੇਬਾਜ਼ ਵੀ ਹੈ।
ਉੱਥੇ ਹੀ, ਅਭਿਸ਼ੇਕ ਨੇ ਦੂਜੇ ਟੀ-20 ਵਿਚ 47 ਗੇਂਦਾਂ ਵਿਚ ਸੈਂਕੜਾ ਲਾ ਕੇ ਆਪਣੀ ਪ੍ਰਤਿਭਾ ਦੀ ਵੰਨ੍ਹਗੀ ਪੇਸ਼ ਕੀਤੀ ਹੈ। ਭਾਰਤ ਕੋਲ ਹੁਣ ਇਸ ਸਵਰੂਪ ਵਿਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਹੀਂ ਹਨ, ਲਿਹਾਜਾ ਉਹ ਯਸ਼ਸਵੀ ਜਾਇਸਵਾਲ ਦੇ ਨਾਲ ਪਾਰੀ ਦੀ ਸ਼ੁਰੂਆਤ ਦਾ ਬਦਲ ਹੋ ਸਕਦਾ ਹੈ। ਉਹ ਇਕ ਹੋਰ ਚੰਗੀ ਪਾਰੀ ਖੇਡ ਕੇ ਆਪਣਾ ਦਾਅਵਾ ਪੱਕਾ ਕਰਨਾ ਚਾਹੇਗਾ।
ਸੰਜੂ ਸੈਮਸਨ ਤੇ ਸ਼ਿਵਮ ਦੂਬੇ ਲਈ ਵੀ ਇਸ ਲੜੀ ਵਿਚ ਬਹੁਤ ਕੁਝ ਦਾਅ ’ਤੇ ਹੈ। ਟੀ-20 ਵਿਸ਼ਵ ਕੱਪ ਵਿਚ ਖਿਤਾਬੀ ਜਿੱਤ ਤੋਂ ਬਾਅਦ ਮੁੰਬਈ ਵਿਚ ਵਿਕਟਰੀ ਪਰੇਡ ਵਿਚ ਹਿੱਸਾ ਲੈ ਕੇ ਇੱਥੇ ਆਏ ਦੂਬੇ ਤੇ ਸੈਮਸਨ ਬਾਕੀ ਦੋਵੇਂ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁਣਗੇ। ਭਾਰਤੀ ਟੀਮ ਮੈਨੇਜਮੈਂਟ ਆਪਣੇ ਗੇਂਦਬਾਜ਼ਾਂ ਖਾਸ ਤੌਰ ’ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਦੇ ਪ੍ਰਦਰਸ਼ਨ ਤੋਂ ਖੁਸ਼ ਹੋਵੇਗੀ, ਜਿਸ ਦੀ ਗੁਗਲੀ ਮੇਜ਼ਬਾਨ ਬੱਲੇਬਾਜ਼ ਖੇਡ ਹੀ ਨਹੀਂ ਪਾ ਰਹੇ ਹਨ।
ਬਿਸ਼ਨੋਈ, ਆਵੇਸ਼ ਖਾਨ ਤੇ ਵਾਸ਼ਿੰਗਟਨ 6-6 ਵਿਕਟਾਂ ਲੈ ਚੁੱਕੇ ਹਨ। ਮੁਕੇਸ਼ ਕੁਮਾਰ ਨੂੰ ਪਿਛਲੇ ਮੈਚ ਵਿਚ ਆਰਾਮ ਦਿੱਤਾ ਗਿਆ ਸੀ ਜਿਹੜਾ ਆਵੇਸ਼ ਦੀ ਜਗ੍ਹਾ ਖੇਡ ਸਕਦਾ ਹੈ।
ਦੂਜੇ ਪਾਸੇ ਪਹਿਲਾ ਮੈਚ ਜਿੱਤਣ ਤੋਂ ਇਲਾਵਾ ਜ਼ਿੰਬਾਬਵੇ ਨੇ ਇਸ ਲੜੀ ਵਿਚ ਕੁਝ ਖਾਸ ਨਹੀਂ ਕੀਤਾ ਹੈ। ਉਸਦੇ ਤੇਜ਼ ਗੇਂਦਬਾਜ਼ ਬਲੈਸਿੰਗ ਮੁਜਾਰਾਬਾਨੀ ਤੇ ਅਰਧ ਸੈਂਕੜਾ ਲਾਉਣ ਵਾਲੇ ਡਿਆਨ ਮਾਇਰਸ ਤੋਂ ਇਲਾਵਾ ਕੋਈ ਖਿਡਾਰੀ ਪ੍ਰਭਾਵ ਨਹੀਂ ਪਾ ਸਕਿਆ ਹੈ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ :
ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ, ਸ਼ਿਵਮ ਦੂਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਾਵੇਸ਼ ਖਾਨ, ਮੁਕੇਸ਼ ਕੁਮਾਰ, ਰਿਆਨ ਪ੍ਰਾਗ, ਧਰੁਵ ਜੁਰੇਲ, ਖਲੀਲ ਅਹਿਮਦ, ਤੁਸ਼ਾਰ ਦੇਸ਼ਪਾਂਡੇ।
ਜ਼ਿੰਬਾਬਵੇ : ਸਿਕੰਦਰ ਰਜ਼ਾ (ਕਪਤਾਨ), ਫਰਾਜ ਅਕਰਮ, ਬ੍ਰਾਇਨ ਬੈਨੇਟ, ਜੋਨਾਥਨ ਕੈਂਪਬੇਲ, ਟੇਂਡਾਈ ਚਤਾਰਾ, ਲਿਊਕ ਜੋਂਗਵੇ, ਇਨੋਸੈਂਟ ਕੇਈਆ, ਕਲਾਈ ਐੱਮ., ਵੇਸਲੀ ਮੇਧੇਵੇਰੇ, ਟੀ. ਮਾਰੂਮਾਨੀ, ਵੈਲਿੰਗਟਨ ਮਸਾਕਾਦਜਾ, ਬ੍ਰੈਂਡਨ ਮਾਵੁਤਾ, ਬਲੈਸਿੰਗ ਮੁਜਾਰਾਬਾਨੀ, ਡਿਓਨ ਮਾਇਰਸ,ਐਂਟਮ ਨਕਵੀ, ਰਿਚਰਡ ਐਂਗਾਰਾਵਾ, ਮਿਲਟਨ ਸ਼ੁੰਭਾ।


Aarti dhillon

Content Editor

Related News