IND vs WI 1st ODI : ਭਾਰਤ ਨੇ 3 ਦੌੜਾਂ ਨਾਲ ਜਿੱਤਿਆ ਵਨ ਡੇ

Saturday, Jul 23, 2022 - 03:30 AM (IST)

IND vs WI 1st ODI : ਭਾਰਤ ਨੇ 3 ਦੌੜਾਂ ਨਾਲ ਜਿੱਤਿਆ ਵਨ ਡੇ

ਸਪੋਰਟਸ ਡੈਸਕ- ਪੋਰਟ ਆਫ ਸਪੇਨ (ਏਜੰਸੀਆਂ)–ਸ਼ਿਖਰ ਧਵਨ ਦੀ ਕਪਤਾਨੀ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ 3 ਮੈਚਾਂ ਦੀ ਸੀਰੀਜ਼ ਦੇ ਪਹਿਲੇ ਤੇ ਰੋਮਾਂਚਕ ਵਨ ਡੇ ਵਿਚ 3 ਦੌੜਾਂ ਨਾਲ ਹਰਾ ਕੇ 1-0 ਦੀ ਬੜ੍ਹਤ ਬਣਾ ਲਈ। ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 7 ਵਿਕਟਾਂ ’ਤੇ 308 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਜਵਾਬ ਵਿਚ ਵੈਸਟਇੰਡੀਜ਼ ਦੀ ਟੀਮ 6 ਵਿਕਟਾਂ ’ਤੇ 305 ਦੌੜਾਂ ਹੀ ਬਣਾ ਸਕੀ। ਭਾਰਤ ਲਈ ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਲਈਆਂ।
ਵੈਸਟਇੰਡੀਜ਼ ਵਲੋਂ ਓਪਨਰ ਕਾਇਲ ਮਾਇਰਸ ਨੇ ਸਭ ਤੋਂ ਵੱਧ 75 ਦੌੜਾਂ ਦੀ ਪਾਰੀ ਖੇਡੀ ਜਦਕਿ ਬ੍ਰੈਂਡਨ ਕਿੰਗ ਨੇ 54 ਤੇ ਸ਼ਮਾਰੂਹ ਬਰੂਕਸ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਅੰਤ ਵਿਚ ਅਜੇਤੂ ਬੱਲੇਬਾਜ਼ ਅਕੀਲ ਹੁਸੈਨ 32 ਤੇ ਰੋਮਾਰੀਓ ਸ਼ੈਫਰਡ 38 ਨੇ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। 

ਇਹ ਵੀ ਪੜ੍ਹੋ : ਪਹਿਲੀ ਹੀ ਕੋਸ਼ਿਸ਼ 'ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਿਆ 'ਗੋਲਡਨ ਬੁਆਏ'

ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ ਵਾਪਸੀ ਕਰਦੇ ਹੋਏ 64 ਦੌੜਾਂ ਬਣਾਈਆਂ, ਜਦਕਿ ਕਪਤਾਨ ਸ਼ਿਖਰ ਧਵਨ ਸੈਂਕੜੇ ਤੋਂ 3 ਦੌੜਾਂ ਨਾਲ ਖੁੰਝ ਗਿਆ ਪਰ ਦੋਵਾਂ ਨੇ ਭਾਰਤ ਨੂੰ 308 ਦੌੜਾਂ ਤਕ ਪਹੁੰਚਾਇਆ ਸੀ। ਦਸੰਬਰ 2020 ਤੋਂ ਬਾਅਦ ਪਹਿਲਾ ਵਨ ਡੇ ਖੇਡ ਰਹੇ ਗਿੱਲ ਨੇ 52 ਗੇਂਦਾਂ ਵਿਚ 64 ਦੌੜਾਂ ਬਣਾਈਆਂ, ਜਦਕਿ ਧਵਨ ਨੇ 99 ਗੇਂਦਾਂ ਵਿਚ 97 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ 57 ਗੇਂਦਾਂ ਵਿਚ 54 ਦੌੜਾਂ ਬਣਾਈਆਂ। ਧਵਨ ਤੇ ਗਿੱਲ ਨੇ ਪਹਿਲੀ ਵਿਕਟ ਲਈ 106 ਗੇਂਦਾਂ ਵਿਚ 109 ਦੌੜਾਂ ਦੀ ਸਾਂਝੇਦਾਰੀ ਕੀਤੀ। ਗਿੱਲ 18ਵੇਂ ਓਵਰ ਵਿਚ ਰਨ ਆਊਟ ਹੋਇਆ ਪਰ ਆਪਣੀ ਪਾਰੀ ਵਿਚ ਉਸ ਨੇ ਕਈ ਸ਼ਾਨਦਾਰ ਸ਼ਾਟਾਂ ਲਾਈਆਂ। ਵਨ ਡੇ ਕ੍ਰਿਕਟ ਵਿਚ ਗਿੱਲ ਦਾ ਇਹ ਪਹਿਲਾ ਅਰਧ ਸੈਂਕੜਾ ਸੀ। ਉੱਥੇ ਹੀ ਸਿਰਫ ਵਨ ਡੇ ਸਵਰੂਪ ਵਿਚ ਖੇਡਣ ਵਾਲੇ ਧਵਨ ਨੇ ਆਪਣੀ ਪਾਰੀ ਵਿਚ 10 ਚੌਕੇ ਤੇ 3 ਛੱਕੇ ਲਾਏ। ਭਾਰਤ ਇਕ ਸਮੇਂ 350 ਦੌੜਾਂ ਦੇ ਪਾਰ ਜਾਂਦਾ ਦਿਸ ਰਿਹਾ ਸੀ ਪਰ ਧਵਨ ਦੇ ਨਰਵਸ ਨਾਈਨਟੀਜ਼ ਦਾ ਸ਼ਿਕਾਰ ਹੋਣ ਤੋਂ ਬਾਅਦ ਮੱਧਕ੍ਰਮ ਡਗਮਗਾ ਗਿਆ। ਧਵਨ ਆਪਣੇ ਕਰੀਅਰ ਵਿਚ 7ਵੀਂ ਵਾਰ ‘ਨਰਵਸ ਨਾਈਨਟੀਜ਼’ ਦਾ ਸ਼ਿਕਾਰ ਹੋਇਆ ਹੈ।

ਇਹ ਵੀ ਪੜ੍ਹੋ : ਮਹਾਨ ਖਿਡਾਰਨ ਪੀ.ਟੀ. ਊਸ਼ਾ ਨੇ ਹਿੰਦੀ 'ਚ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਸਦਨ 'ਚ ਵੱਜੀਆਂ ਤਾੜੀਆਂ

ਅਈਅਰ ਬਣਿਆ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ : ਅਈਅਰ ਨੇ ਵੈਸਟਇੰਡੀਜ਼ ਵਿਰੁੱਧ 54 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਵਨ ਡੇ ਵਿਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ। ਇਸ ਮੈਚ ਵਿਚ ਉਤਰਨ ਤੋਂ ਪਹਿਲਾਂ ਉਸ ਦੇ ਖਾਤੇ ਵਿਚ 27 ਵਨ ਡੇ ਦੀਆਂ 24 ਪਾਰੀਆਂ ਵਿਚ  947 ਦੌੜਾਂ ਸਨ। 53ਵੀਂ ਦੌੜ ਪੂਰੀ ਕਰਨ ਦੇ ਨਾਲ ਹੀ ਉਹ 1000 ਦੌੜਾਂ ਬਣਾਉਣ ਵਿਚ ਕਾਮਯਾਬ ਰਿਹਾ। ਭਾਰਤ ਵਲੋਂ ਸਭ ਤੋਂ ਤੇਜ਼ 1000 ਵਨ ਡੇ ਦੌੜਾਂ ਬਣਾਉਣ ਦੇ ਮਾਮਲੇ ਵਿਚ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਆ ਗਿਆ ਹੈ। ਵਿਰਾਟ ਕੋਹਲੀ ਤੇ ਸ਼ਿਖਰ ਧਵਨ ਨੇ 24 ਵਨ ਡੇ ਪਾਰੀਆਂ ਖੇਡ ਕੇ ਇਹ ਉਪਲੱਬਧੀ ਹਾਸਲ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News