IND v SL 1st T20 : ਮੈਦਾਨ ਗਿੱਲਾ ਹੋਣ ਕਾਰਨ ਭਾਰਤ ਤੇ ਸ਼੍ਰੀਲੰਕਾ ਦਾ ਪਹਿਲਾ ਟੀ-20 ਮੈਚ ਰੱਦ

01/05/2020 6:28:46 PM

ਗੁਹਾਟੀ- ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਕੌਮਾਂਤਰੀ ਕ੍ਰਿਕਟ ਮੈਚ ਮੀਂਹ ਕਾਰਣ ਐਤਵਾਰ ਨੂੰ ਇੱਥੇ ਬਿਨਾਂ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਦਾ ਇੰਤਜ਼ਾਰ ਵੀ ਵਧ ਗਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ ਪਰ ਖੇਡ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੀਂਹ ਰੁਕਣ ਤੋਂ ਬਾਅਦ ਪਿੱਚ 'ਤੇ ਕੁਝ ਗਿੱਲੇ ਸਥਾਨ ਸਨ, ਜਿਨ੍ਹਾਂ ਨੂੰ ਸੁਕਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਅੰਪਾਇਰਾਂ ਨੇ ਸਥਾਨਕ ਸਮੇਂ ਅਨੁਸਾਰ 9.30 ਮਿੰਟ ਵਿਚ ਆਖਰੀ ਵਾਰ ਨਿਰੀਖਣ ਕਰਨ ਤੋਂ ਬਾਅਦ ਮੈਚ ਰੱਦ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਸਟੇਡੀਅਮ ਵਿਚ ਮੌਜੂਦ ਦਰਸ਼ਕ ਨਿਰਾਸ਼ ਹੋ ਗਏ।

PunjabKesari
ਜ਼ਖ਼ਮੀ ਹੋਣ ਕਾਰਣ ਪਿਛਲੇ ਕੁਝ ਮਹੀਨਿਆਂ ਤੋਂ ਬਾਹਰ ਚੱਲ ਰਹੇ ਬੁਮਰਾਹ ਨੂੰ ਭਾਰਤ ਨੇ ਆਖਰੀ-11 ਵਿਚ ਰੱਖਿਆ ਸੀ। ਇਸ ਤੇਜ਼ ਗੇਂਦਬਾਜ਼ ਦਾ ਇਹ ਵੈਸਟਇੰਡੀਜ਼ ਵਿਰੁੱਧ ਕਿੰਗਸਟਨ ਵਿਚ ਟੈਸਟ ਮੈਚ ਤੋਂ ਬਾਅਦ ਪਹਿਲਾ ਮੁਕਾਬਲੇਬਾਜ਼ੀ ਮੈਚ ਹੁੰਦਾ ਪਰ ਉਸ ਦਾ ਇੰਤਜ਼ਾਰ ਹੁਣ ਮੰਗਲਵਾਰ ਤਕ ਵਧ ਗਿਆ ਹੈ ਜਦੋਂ ਇਹ ਦੋਵੇਂ ਟੀਮਾਂ ਇੰਦੌਰ ਵਿਚ ਦੂਜਾ ਟੀ-20 ਮੈਚ ਖੇਡਣ ਲਈ ਉਤਰਨਗੀਆਂ।  ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕਰ ਕੇ ਆਪਣੇ ਇਰਾਦੇ ਜਤਾ ਦਿੱਤੇ ਸਨ। ਭਾਰਤ ਟੀਚੇ ਦਾ ਪਿੱਛਾ ਕਰਨ ਵਿਚ ਹਮੇਸ਼ਾ ਬਿਹਤਰ ਨਤੀਜਾ ਹਾਸਲ ਕਰਦਾ ਹੈ। ਉਸ ਨੇ ਟਾਸ ਦੇ ਸਮੇਂ ਕਿਹਾ ਸੀ ਕਿ ਪਿਛਲੇ ਮੈਚਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨਾ ਦੂਜੀ ਪਹਿਲਕਦਮੀ ਬਣ ਗਈ ਹੈ।
ਕੋਹਲੀ ਨੇ ਕਿਹਾ, ''ਅਸੀਂ ਅੱਗੇ ਵਿਸ਼ਵ ਕੱਪ ਵਿਚ ਖੇਡਣਾ ਹੈ ਤੇ ਇਸ ਲਈ ਅਸੀਂ ਇਸ ਸਵਰੂਪ 'ਤੇ ਖਾਸ ਧਿਆਨ ਦੇ ਸਕਦੇ ਹਾਂ।'' ਭਾਰਤੀ ਟੀਮ ਮੈਨੇਜਮੈਂਟ ਨੇ ਮਨੀਸ਼ ਪਾਂਡੇ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ ਤੇ ਸੰਜੂ ਸੈਮਸਨ ਨੂੰ ਆਖਰੀ-11 ਵਿਚ ਨਹੀਂ ਰੱਖਿਆ ਸੀ।  ਸ਼੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਨੇ ਵੀ ਕਿਹਾ ਸੀ ਕਿ ਉਸ ਦੀਆਂ ਨਜ਼ਰਾਂ ਵਿਸ਼ਵ ਕੱਪ 'ਤੇ ਹਨ, ਜਿਸ ਦੇ ਲਈ ਉਹ ਅਗਲੇ ਦੋ ਮਹੀਨਿਆਂ ਵਿਚ ਆਪਣੀ ਸਰਵਸ੍ਰੇਸ਼ਠ ਟੀਮ ਤਿਆਰ ਕਰ ਲੈਣਗੇ। ਇਸ ਤਰ੍ਹਾਂ ਨਵੇਂ ਸਾਲ ਵਿਚ ਟੀ-20 ਦੀ ਸ਼ੁਰੂਆਤ ਮੈਚ ਦੇ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋ ਜਾਣ ਦੇ ਨਾਲ ਹੋਈ।

 


Related News