IND v WI T20 : ਵਿੰਡੀਜ਼ ਨੂੰ 67 ਦੌੜਾਂ ਨਾਲ ਹਰਾ ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

12/11/2019 10:45:00 PM

ਮੁੰਬਈ- ਲੋਕੇਸ਼ ਰਾਹੁਲ, ਰੋਹਿਤ ਸ਼ਰਮਾ ਤੇ ਕਪਤਾਨ ਵਿਰਾਟ ਕੋਹਲੀ ਦੇ ਹਮਲਾਵਰ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਤੀਜੇ ਤੇ ਫੈਸਲਾਕੁੰਨ ਟੀ-20 ਮੈਚ ਵਿਚ 67 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਇਸ ਸ਼ੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕਪਤਾਨ ਵਿਰਾਟ ਕੋਹਲੀ ਨੂੰ 'ਮੈਨ ਆਫ ਦਿ ਸੀਰੀਜ਼' ਚੁਣਿਆ ਗਿਆ, ਜਦਕਿ 'ਮੈਨ ਆਫ ਦਿ ਮੈਚ' ਲੋਕੇਸ਼ ਰਾਹੁਲ ਰਿਹਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ 'ਤੇ 3 ਵਿਕਟਾਂ 'ਤੇ 240 ਦੌੜਾਂ ਬਣਾਈਆਂ। ਜਵਾਬ ਵਿਚ ਵਿੰਡੀਜ਼ ਟੀਮ 8 ਵਿਕਟਾਂ 'ਤੇ 173 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਲਈ ਕਪਤਾਨ ਕੀਰੋਨ ਪੋਲਾਰਡ ਤੇ ਸ਼ਿਮਰੋਨ ਹੈੱਟਮਾਇਰ ਨੂੰ ਛੱਡ ਕੇ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ।

PunjabKesari
ਪੋਲਾਰਡ ਨੇ ਇਕੱਲੇ ਹੀ ਕਿਲਾ ਫਤਿਹ ਕਰਨ ਦੀ ਕੋਸ਼ਿਸ਼ ਕਰਦੇ ਹੋਏ 39 ਗੇਂਦਾਂ 'ਤੇ 5 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਉਥੇ ਹੀ ਹੈੱਟਮਾਇਰ ਨੇ 24 ਗੇਂਦਾਂ ਵਿਚ 48 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਵੈਸਟਇੰਡੀਜ਼ ਦਾ ਫੈਸਲਾ ਗਲਤ ਸਾਬਿਤ ਹੋਇਆ। ਭਾਰਤ ਨੇ ਟੀ-20 ਕ੍ਰਿਕਟ ਵਿਚ ਆਪਣਾ ਤੀਜਾ ਸਰਵਸ਼੍ਰੇਸ਼ਠ ਸਕੋਰ ਵੀ ਬਣਾਇਆ। ਭਾਰਤ ਨੇ ਇਸ ਫਾਰਮੈੱਟ ਵਿਚ ਸ਼੍ਰੀਲੰਕਾ ਖਿਲਾਫ ਇੰਦੌਰ ਵਿਚ 2017 ਵਿਚ 5 ਵਿਕਟਾਂ 'ਤੇ 260 ਦੌੜਾਂ ਬਣਾਈਆਂ ਸਨ, ਜੋ ਉਸ ਦਾ ਸਰਵਸ੍ਰੇਸ਼ਠ ਸਕੋਰ ਸੀ। ਉਥੇ ਹੀ ਲਾਡੇਰਹਿਲ ਵਿਚ 2016 ਵਿਚ ਵੈਸਟਇੰਡੀਜ਼ ਖਿਲਾਫ ਹੀ 4 ਵਿਕਟਾਂ 'ਤੇ 244 ਦੌੜਾਂ ਬਣਾਈਆਂ ਸਨ। ਵਾਨਖੇੜੇ ਸਟੇਡੀਅਮ 'ਤੇ ਇਹ ਕਿਸੇ ਵੀ ਟੀਮ ਦਾ ਟੀ-20 ਕ੍ਰਿਕਟ ਵਿਚ ਸਰਵਉੱਚ ਸਕੋਰ ਹੈ। ਰਾਹੁਲ ਨੇ 56 ਗੇਂਦਾਂ ਵਿਚ 9 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 91 ਦੌੜਾਂ ਬਣਾਈਆਂ, ਜਦਕਿ ਰੋਹਿਤ ਨੇ 34 ਗੇਂਦ ਵਿਚ 71 ਦੌੜਾਂ ਬਣਾਈਆਂ, ਜਿਸ ਵਿਚ 6 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਦੋਵਾਂ ਨੇ ਪਹਿਲੀ ਵਿਕਟ ਲਈ ਸਿਰਫ 11.4 ਓਵਰਾਂ ਵਿਚ 135 ਦੌੜਾਂ ਜੋੜੀਆਂ। ਬਾਅਦ ਵਿਚ ਕੋਹਲੀ ਅਤੇ ਰਾਹੁਲ ਨੇ 45 ਗੇਂਦਾਂ ਵਿਚ 95 ਦੌੜਾਂ ਦੀ ਸਾਂਝੇਦਾਰੀ ਕੀਤੀ। ਕੋਹਲੀ ਨੇ 29 ਗੇਂਦਾਂ ਵਿਚ ਅਜੇਤੂ 70 ਦੌੜਾਂ ਬਣਾ ਦਿੱਤੀਆਂ, ਜਿਸ ਵਿਚ 4 ਚੌਕੇ ਅਤੇ 7 ਛੱਕੇ ਸ਼ਾਮਲ ਸਨ।

PunjabKesari
ਰੋਹਿਤ ਸ਼ਰਮਾ (404) ਅੰਤਰਰਾਸ਼ਟਰੀ ਕ੍ਰਿਕਟ ਵਿਚ 400 ਤੋਂ ਵੱਧ ਛੱਕੇ ਲਾਉਣ ਵਾਲਾ ਪਹਿਲਾ ਭਾਰਤੀ ਬਣਿਆ। ਦੌੜਾਂ ਦੀ ਇਸ ਬਾਰਿਸ਼ ਵਿਚ ਰਿਸ਼ਭ ਪੰਤ ਇਕੱਲਾ ਨਾਕਾਮ ਰਿਹਾ, ਜੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਵਿੰਡੀਜ਼ ਵਲੋਂ ਵਿਲੀਅਮਸ ਨੇ 4 ਓਵਰਾਂ ਵਿਚ 37 ਦੌੜਾਂ, ਕੋਟਰੈੱਲ ਨੇ 4 ਓਵਰਾਂ ਵਿਚ 40 ਦੌੜਾਂ ਅਤੇ ਪੋਲਾਰਡ ਨੇ 2 ਓਵਰਾਂ ਵਿਚ 33 ਦੌੜਾਂ ਦੇ ਕੇ 1-1 ਵਿਕਟ ਹਾਸਲ ਕੀਤੀ।

ਟੀਮਾਂ ਇਸ ਤਰ੍ਹਾਂ ਹਨ—
ਭਾਰਤ-ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ।
ਵੈਸਟਇੰਡੀਜ਼- ਕੀਰੋਨ ਪੋਲਾਰਡ (ਕਪਤਾਨ), ਬ੍ਰੈਂਡਨ ਕਿੰਗ, ਸ਼ੈਲਡਨ ਕੋਟਰੈੱਲ, ਐਵਿਨ ਲੂਈਸ, ਸ਼ਿਮਰੋਨ ਹੈੱਟਮਾਇਰ, ਖਾਰੀ ਪਿਯਰੇ, ਲੇਂਡਿਲ ਸਿਮਨਸ, ਜੇਸਨ ਹੋਲਡਰ, ਹੇਡਨ ਵਾਲਸ਼ , ਕੇਸਰਿਕ ਵਿਲੀਅਮਸ, ਹੇਡਨ ਵਾਲਸ਼, ਨਿਕੋਲਸ ਪੂਰਨ।


Related News