LIVE ਮੈਚ ''ਚ ਕ੍ਰਿਕਟ ਪ੍ਰੇਮੀ ਨੇ ਉਤਾਰੇ ਕੱਪੜੇ, ਕੀਵੀ ਬੱਲੇਬਾਜ਼ ਦੀ ਟੁੱਟੀ ਲੈਅ, ਹੋਇਆ ਆਊਟ
Saturday, Oct 08, 2022 - 09:48 PM (IST)
ਕ੍ਰਾਈਸਟਚਰਚ : ਪਾਕਿਸਤਾਨੀ ਕ੍ਰਿਕਟ ਟੀਮ ਨੇ T20I ਤਿਕੋਣੀ ਸੀਰੀਜ਼ 2022 ਦੇ ਦੂਜੇ ਮੈਚ 'ਚ ਨਿਊਜ਼ੀਲੈਂਡ ਖਿਲਾਫ 6 ਵਿਕਟਾਂ ਨਾਲ ਜਿੱਤ ਦਰਜ ਕੀਤੀ । ਪਾਕਿਸਤਾਨ ਨੇ ਆਖਰੀ ਸਮੇਂ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਜਿੱਤ ਲਿਆ ਪਰ ਇਸ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਨਾ ਸਿਰਫ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ, ਸਗੋਂ ਮੈਚ ਕੁਝ ਸਮੇਂ ਲਈ ਰੁਕਣ ਕਾਰਨ ਕ੍ਰੀਜ਼ 'ਤੇ ਖੜ੍ਹੇ ਨਿਊਜ਼ੀਲੈਂਡ ਦੇ ਬੱਲੇਬਾਜ਼ ਦੀ ਲੈਅ ਵੀ ਤੋੜ ਦਿੱਤੀ।
LIVE ਮੈਚ 'ਚ ਕ੍ਰਿਕਟ ਪ੍ਰੇਮੀ ਨੇ ਲਾਹ ਦਿੱਤੇ ਕੱਪੜੇ
ਹੋਇਆ ਅਜਿਹਾ ਕਿ ਜਦੋਂ ਨਿਊਜ਼ੀਲੈਂਡ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਪਾਕਿਸਤਾਨ ਵੱਲੋਂ ਮੁਹੰਮਦ ਨਵਾਜ਼ 11ਵਾਂ ਓਵਰ ਸੁੱਟਣ ਆਏ। ਜਿਵੇਂ ਹੀ ਨਵਾਜ਼ ਨੇ ਓਵਰ ਦੀ 5ਵੀਂ ਗੇਂਦ ਸੁੱਟੀ, ਵਿਕਟਕੀਪਰ ਬੱਲੇਬਾਜ਼ ਡੇਵੋਨ ਕਾਨਵੇ ਨੇ ਚੌਕਾ ਜੜ ਦਿੱਤਾ। ਪਰ ਉਸੇ ਸਮੇਂ ਇੱਕ ਕ੍ਰਿਕਟ ਪ੍ਰੇਮੀ ਅਚਾਨਕ ਸੁਰੱਖਿਆ ਘੇਰਾ ਤੋੜ ਕੇ ਮੈਦਾਨ ਵੱਲ ਭੱਜਿਆ। ਉਸ ਆਦਮੀ ਨੇ ਸਿਰਫ ਟੀ-ਸ਼ਰਟ ਪਾਈ ਹੋਈ ਸੀ ਅਤੇ ਕ੍ਰੀਜ਼ ਵੱਲ ਭੱਜਣ ਲੱਗਾ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਟੀ-ਸ਼ਰਟ ਵੀ ਲਾਹ ਦਿੱਤੀ।
ਇਹ ਵੀ ਪੜ੍ਹੋ : ਰੋਜਰ ਬਿੰਨੀ ਦੀ BCCI ਦਾ ਨਵਾਂ ਪ੍ਰਧਾਨ ਬਣਨ ਦੀ ਮਜ਼ਬੂਤ ਸੰਭਾਵਨਾ, ਗਾਂਗੁਲੀ ਦੀ ਲੈ ਸਕਦੇ ਹਨ ਜਗ੍ਹਾ
ਸ਼ਖ਼ਸ ਦੀ ਅਣਗਹਿਲੀ ਕਾਰਨ ਰੁੱਕਿਆ ਮੈਚ
ਅਚਾਨਕ ਮੈਦਾਨ 'ਤੇ ਆ ਕੇ ਸਭ ਨੂੰ ਹੈਰਾਨ ਕਰਨ ਵਾਲੇ ਇਸ ਵਿਅਕਤੀ ਦੀ ਲਾਪਰਵਾਹੀ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਜਦੋਂ ਤੱਕ ਸੁਰੱਖਿਆ ਕਰਮਚਾਰੀ ਉਸ ਨੂੰ ਕਾਬੂ ਕਰਦੇ, ਉਦੋਂ ਤੱਕ ਉਹ ਆਪਣੇ ਸਾਰੇ ਕੱਪੜੇ ਉਤਾਰ ਚੁੱਕਾ ਸੀ। ਸੁਰੱਖਿਆ ਕਰਮਚਾਰੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਵਿਅਕਤੀ ਨੂੰ ਫੜ ਕੇ ਮੈਦਾਨ ਤੋਂ ਬਾਹਰ ਕੱਢਿਆ। ਇਸ ਘਟਨਾ ਕਾਰਨ ਕਰੀਬ 5 ਮਿੰਟ ਦਾ ਸਮਾਂ ਬਰਬਾਦ ਹੋਇਆ।
ਬੱਲੇਬਾਜ਼ ਦੀ ਟੁੱਟੀ ਲੈਅ, ਹੋਇਆ ਆਊਟ
ਫਿਰ ਜਿਵੇਂ ਹੀ ਨਵਾਜ਼ ਨੇ ਓਵਰ ਦੀ ਆਖਰੀ ਗੇਂਦ ਸੁੱਟੀ ਤਾਂ ਆਪਣੀ ਲੈਅ ਗੁਆ ਚੁੱਕੇ ਡੇਵੋਨ ਕਾਨਵੇ ਆਊਟ ਹੋ ਗਏ। ਕਾਨਵੇ ਨੇ 35 ਗੇਂਦਾਂ 'ਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਦੱਸ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਜਦੋਂ ਕੋਈ ਪ੍ਰਸ਼ੰਸਕ ਅਚਾਨਕ ਬਿਨਾਂ ਕੱਪੜਿਆਂ ਦੇ ਮੈਦਾਨ 'ਚ ਦਾਖਲ ਹੋਇਆ ਹੋਵੇ। ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।