ਟੀ-20 ਵਿਸ਼ਵ ਕੱਪ ਮੁਲਤਵੀ ਹੋਇਆ ਤਾਂ 26 ਸਤੰਬਰ ਤੋਂ ਸ਼ੁਰੂ ਹੋਵੇਗਾ IPL 2020!
Tuesday, Jun 16, 2020 - 03:27 PM (IST)

ਸਪੋਰਟਸ ਡੈਸਕ : ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕੌਮਾਂਤਰੀ ਕ੍ਰਿਕਟ ਦੀਆਂ ਗਤੀਵਿਧੀਆਂ ਲੰਬੇ ਸਮੇਂ ਤੋਂ ਬੰਦ ਹਨ। ਆਈ. ਪੀ. ਐੱਲ. 2020 ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ। ਆਸਟਰੇਲੀਆ ਵਿਚ ਨਿਰਧਾਰਤ ਟੀ-20 ਵਿਸ਼ਵ ਕੱਪ ਦੇ ਆਯੋਜਨ 'ਤੇ ਫੈਸਲਾ ਜੁਲਾਈ ਵਿਚ ਲਿਆ ਜਾਣਾ ਹੈ। ਇਸ ਦੇ ਬਾਵਜੂਦ ਬੀ. ਸੀ. ਸੀ. ਨੇ ਆਈ. ਪੀ. ਐੱਲ. 2020 ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖਬਰਾਂ ਮੁਤਾਬਕ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. 2020 ਦੇ ਆਯੋਜਨ ਲਈ 26 ਸਤੰਬਰ ਤੋਂ 8 ਨਵੰਬਰ ਦੀ ਸੰਭਾਵੀ ਤਾਰੀਖਾਂ ਤੈਅ ਕਰ ਲਈਆਂ ਹਨ। ਵੈਸੇ ਇਸ ਦਾ ਆਯੋਜਨ ਟੀ-20 ਵਿਸ਼ਵ ਕੱਪ ਦੇ ਮੁਲਤਵੀ ਹੋਣ ਦੀ ਸਥਿਤੀ ਵਿਚ ਹੋਵੇਗਾ।
ਰਿਪੋਰਟ ਮੁਤਾਬਕ ਜੇਕਰ ਆਸਟਰੇਲੀਆ ਵਿਚ ਨਿਰਧਾਰਤ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਬੀ. ਸੀ. ਸੀ. ਆਈ. ਆਈ. ਪੀ. ਐੱਲ. 2020 ਨੂੰ 26 ਸਤੰਬਰ ਤੋਂ 8 ਨਵੰਬਰ ਵਿਚਾਲੇ ਆਯੋਜਿਤ ਕਰੇਗਾ। ਬੀ. ਸੀ. ਸੀ. ਆਈ. ਨੇ ਇਸ ਬਾਰੇ ਵਿਚ ਸਾਰੀਆਂ ਫ੍ਰੈਂਚਾਈਜ਼ੀਆਂ, ਬ੍ਰਾਡਕਾਸਟਰ ਅਤੇ ਸਪਾਂਸਰਾਂ ਨਾਲ ਚਰਚਾ ਕਰ ਲਈ ਹੈ। ਅਜੇ ਇਸ ਗੱਲ 'ਤੇ ਫੈਸਲਾ ਨਹੀਂ ਹੋਇਆ ਹੈ ਕਿ ਇਸ ਦਾ ਆਯੋਜਨ ਕਿਸ ਦੇਸ਼ ਵਿਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ਦਾ ਆਯੋਜਨ 18 ਅਕਤੂਬਰ ਤੋਂ 15 ਨਵੰਬਰ ਤਕ ਕੀਤਾ ਜਾਣਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਦੇ ਆਯੋਜਨ 'ਤੇ ਫ਼ੈਸਲਾ ਲੈਣ ਲਈ 10 ਜੂਨ ਨੂੰ ਆਈ. ਸੀ. ਸੀ. ਦੀ ਬੈਠਕ ਹੋਈ ਸੀ, ਜਿਸ ਵਿਚ ਫੈਸਲੇ ਨੂੰ ਜੁਲਾਈ ਮਹੀਨੇ ਤਕ ਟਾਲ ਦਿੱਤਾ ਗਿਆ ਸੀ।