ਫਿੱਟ ਰਿਹਾ ਤਾਂ ਅਗਲੀਆਂ ਓਲੰਪਿਕ ’ਚ ਖੇਡਣ ਦੀ ਉਮੀਦ : ਮਨਪ੍ਰੀਤ ਸਿੰਘ

Monday, Aug 26, 2024 - 07:05 PM (IST)

ਫਿੱਟ ਰਿਹਾ ਤਾਂ ਅਗਲੀਆਂ ਓਲੰਪਿਕ ’ਚ ਖੇਡਣ ਦੀ ਉਮੀਦ : ਮਨਪ੍ਰੀਤ ਸਿੰਘ

ਨਵੀਂ ਦਿੱਲੀ–ਮਨਪ੍ਰੀਤ ਸਿੰਘ 30 ਸਾਲ ਦੀ ਉਮਰ ਨੂੰ ਪਾਰ ਕਰ ਚੁੱਕਾ ਹੈ ਪਰ ਇਸ ਸਟਾਰ ਮਿਡਫੀਲਡਰ ਨੂੰ ਉਮੀਦ ਹੈ ਕਿ ਜੇਕਰ ਉਹ ਫਿੱਟ ਰਹਿੰਦਾ ਹੈ ਤਾਂ ਲਾਸ ਏਂਜਲਸ ਵਿਚ 2028 ਵਿਚ ਹੋਣ ਵਾਲੀਆਂ ਓਲੰਪਿਕ ਵਿਚ ਹਿੱਸਾ ਲੈ ਸਕਦਾ ਹੈ, ਜਿਹੜਾ ਉਸਦਾ ਪੰਜਵਾਂ ਓਲੰਪਿਕ ਹੋਵੇਗਾ। ਮਨਪ੍ਰੀਤ ਅਜੇ 32 ਸਾਲ ਦਾ ਹੈ ਤੇ ਦੋ ਵਾਰ ਦਾ ਓਲੰਪਿਕ ਤਮਗਾ ਜੇਤੂ ਹੈ। ਭਾਰਤ ਨੇ ਉਸਦੇ ਕਪਤਾਨ ਰਹਿੰਦਿਆਂ ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਹ ਪੈਰਿਸ ਓਲੰਪਿਕ ਵਿਚ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦਾ ਮੈਂਬਰ ਵੀ ਸੀ।  ਮਨਪ੍ਰੀਤ ਨੇ ਕਿਹਾ,‘‘ਮੇਰਾ ਟੀਚਾ ਲਾਸ ਏਂਜਲਸ ਓਲੰਪਿਕ ਖੇਡਾਂ ਹਨ ਪਰ ਸਭ ਕੁਝ ਮੇਰੀ ਫਿਨਟੈੱਸ ’ਤੇ ਨਿਰਭਰ ਕਰਦਾ ਹੈ। ਜੇਕਰ ਮੈਂ ਆਪਣੀ ਫਿਟਨੈੱਸ ਬਰਕਰਾਰ ਰੱਖਦਾ ਹਾਂ ਤਾਂ ਚੰਗਾ ਪ੍ਰਦਰਸ਼ਨ ਕਰਦਾ ਰਹਿੰਦਾ ਹਾਂ ਤਾਂ ਮੈਂ ਨਿਸ਼ਚਿਤ ਤੌਰ ’ਤੇ ਅਗਲੀਆਂ ਓਲੰਪਿਕ ਵਿਚ ਖੇਡਾਂਗਾ।’’ ਉਸ ਨੇ ਕਿਹਾ, ‘‘ਅੱਜ ਦੀ ਹਾਕੀ ਵਿਚ ਫਿਟਨੈੱਸ ਬੇਹੱਦ ਮਹੱਤਵਪੂਰਨ ਹੋ ਗਈ ਹੈ, ਇਸ ਲਈ ਆਖਿਰ ਵਿਚ ਸਭ ਕੁਝ ਮੇਰੀ ਫਿਟਨੈੱਸ ’ਤੇ ਹੀ ਨਿਰਭਰ ਕਰੇਗਾ।’’
ਮਨਪ੍ਰੀਤ ਨੂੰ ਫਿਟਨੈੱਸ ਨੂੰ ਲੈ ਕੇ ਅਜੇ ਤਕ ਕਿਸੇ ਖਾਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਸ ਨੂੰ ਉਮੀਦ ਹੈ ਕਿ ਉਹ ਅੱਗੇ ਵੀ ਆਪਣੀ ਫਿਟਨੈੱਸ ਬਰਕਰਾਰ ਰੱਖੇਗਾ। ਮਨਪ੍ਰੀਤ ਤੋਂ ਇਲਾਵਾ ਸਾਬਕਾ ਧਾਕੜ ਖਿਡਾਰੀ ਉੱਦਮ ਸਿੰਘ, ਲੇਸਲੀ ਕਲਾਡੀਅਸ ਤੇ ਧਨਰਾਜ ਪਿੱਲੈ ਤੇ ਹਾਲ ਹੀ ਵਿਚ ਸੰਨਿਆਸ ਲੈਣ ਵਾਲਾ ਪੀ. ਆਰ. ਸ਼੍ਰੀਜੇਸ਼ ਨੇ ਚਾਰ ਓਲੰਪਿਕ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।  ਭਾਰਤ ਵੱਲੋਂ ਹੁਣ ਤਕ 387 ਕੌਮਾਂਤਰੀ ਮੈਚਾਂ ਵਿਚ 44 ਗੋਲ ਕਰਨ ਵਾਲੇ ਮਨਪ੍ਰੀਤ ਦਾ ਟੀਚਾ ਓਲੰਪਿਕ ਖੇਡਾਂ 2028 ਵਿਚ ਹਿੱਸਾ ਲੈ ਕੇ ਨਵਾਂ ਰਿਕਾਰਡ ਬਣਾਉਣਾ ਹੈ। ਪੰਜਾਬ ਦੇ ਮਿੱਠਾਪੁਰ ਪਿੰਡ ਦਾ ਰਹਿਣ ਵਾਲਾ ਇਹ ਖਿਡਾਰੀ ਲਗਾਤਾਰ ਦੋ ਓਲੰਪਿਕ ਤਮਗੇ ਜਿੱਤ ਕੇ ਕਾਫੀ ਖੁਸ਼ ਹੈ। ਉਸ ਨੇ ਕਿਹਾ,‘‘ਲਗਾਤਾਰ ਦੋ ਓਲੰਪਿਕ ਤਮਗੇ ਜਿੱਤਣਾ ਇਕ ਵੱਖਰੀ ਤਰ੍ਹਾਂ ਦੀ ਖੁਸ਼ੀ ਹੈ। ਅਸੀਂ ਲੰਬੇ ਸਮੇਂ ਬਾਅਦ ਓਲੰਪਿਕ ਵਿਚ ਲਗਾਤਾਰ ਦੋ ਤਮਗੇ ਜਿੱਤੇ ਹਨ ਤੇ ਹਰੇਕ ਖਿਡਾਰੀ ਓਲੰਪਿਕ ਤਮਗਾ ਜਿੱਤਣਾ ਚਾਹੁੰਦਾ ਹੈ।’’
ਮਨਪ੍ਰੀਤ ਨੇ ਕਿਹਾ,‘‘ਮੈਂ ਚਾਰ ਓਲੰਪਿਕ ਵਿਚ ਹਿੱਸਾ ਲੈ ਚੁੱਕਾ ਹੈ। ਪਹਿਲੀਆਂ ਦੋ ਓਲੰਪਿਕ ਵਿਚ ਮੈਂ ਤਮਗਾ ਹਾਸਲ ਨਹੀਂ ਕਰ ਸਕਿਆ ਪਰ ਪਿਛਲੀਆਂ ਦੇ ਓਲੰਪਿਕ ਵਿਚ ਮੈਂ ਤਮਗਾ ਹਾਸਲ ਕੀਤਾ। ਮੈਂ ਕਿੰਨਾ ਖੁਸ਼ ਹਾਂ, ਤੁਸੀਂ ਇਸਦਾ ਅੰਦਾਜ਼ਾ ਨਹੀਂ ਲਾ ਸਕਦੇ ਹੈ।’’ ਇਹ ਮਿਡਫੀਲਡਰ ਲੋੜ ਪੈਣ ’ਤੇ ਡਿਫੈਂਡਰ ਦੀ ਭੂਮਿਕਾ ਲਈ ਵੀ ਤਿਆਰ ਰਹਿੰਦਾ ਹੈ ਜਿਵੇਂ ਕਿ ਉਸ ਨੇ ਪੈਰਿਸ ਓਲੰਪਿਕ ਦੇ ਕੁਅਰਾਟਰ ਫਾਈਨਲ ਵਿਚ ਗ੍ਰੇਟ ਬ੍ਰਿਟੇਨ ਵਿਰੁੱਧ ਕੀਤਾ ਸੀ ਜਦੋਂ ਭਾਰਤੀ ਟੀਮ 42 ਮਿੰਟ ਤੱਕ 10 ਖਿਡਾਰੀਆਂ ਨਾਲ ਖੇਡੀ।  ਮਨਪ੍ਰੀਤ ਨੇ ਕਿਹਾ,‘‘ਮੈਂ ਟੀਮ ਦੀ ਲੋੜ ਦੇ ਹਿਸਾਬ ਨਾਲ ਹਮੇਸ਼ਾ ਹਰ ਤਰ੍ਹਾਂ ਦੀ ਸਥਿਤੀ ਵਿਚ ਖੇਡਣ ਲਈ ਤਿਆਰ ਰਹਿੰਦਾ ਹਾਂ ਤੇ ਕਿਸੇ ਵੀ ਪੁਜ਼ੀਸ਼ਨ ਵਿਚ ਫਿੱਟ ਹੋ ਜਾਂਦਾ ਹੈ। ਜਦੋਂ ਅਮਿਤ ਰੋਹਿਦਾਸ ਨੂੰ ਰੈੱਡ ਕਾਰਡ ਮਿਲਿਆ ਤਾਂ ਮੈਨੂੰ ਤੁਰੰਤ ਹੀ ਅਹਿਸਾਸ ਹੋਇਆ ਕਿ ਮੈਨੂੰ ਹੁਣ ਡਿਫੈਂਡਰ ਬਣ ਕੇ ਖੇਡਣਾ ਹੈ।’’


author

Aarti dhillon

Content Editor

Related News