ICC ਨੂੰ ਆਪਣੇ ਨਿਯਮਾਂ ''ਤੇ ਵਿਚਾਰ ਕਰਨਾ ਹੋਵੇਗਾ : ਪੁਜਾਰਾ
Monday, Jul 15, 2019 - 06:04 PM (IST)

ਨਵੀਂ ਦਿੱਲੀ : ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਵਿਸ਼ਵ ਕੱਪ ਫਾਈਨਲ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਣ ਵਾਲਾ ਮੁਕਾਬਲਾ ਦਸਦਿਆਂ ਭਾਰਤ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੋਵੇਂ ਟੀਮਾਂ ਨੂੰ ਟ੍ਰਾਫੀ ਦਿੱਤੀ ਜਾਣੀ ਚਾਹੀਦੀ ਸੀ ਅਤੇ ਆਈ. ਸੀ. ਸੀ. ਨੂੰ ਆਪਣੇ ਕੁਝ ਨਿਯਮਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ। ਨਿਊਜ਼ੀਲੈਂਡ ਨੇ ਵਿਸ਼ਵ ਕੱਪ ਫਾਈਨਲ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ 'ਤੇ 241 ਦੌੜਾਂ ਬਣਾਈਆਂ ਜਿਸਦੇ ਜਵਾਬ ਵਿਚ ਇੰਗਲੈਂਢ ਦੀ ਟੀਮ ਵੀ 50 ਓਵਰਾਂ ਵਿਚ 241 ਦੌੜਾਂ 'ਤੇ ਢੇਰ ਹੋ ਗਈ ਅਤੇ ਮੈਚ ਟਾਈ ਹੋ ਗਿਆ। ਮੈਚ ਦੇ ਨਤੀਜੇ ਲਈ ਸੁਪਰ ਓਵਰ ਦਾ ਸਹਾਰਾ ਲਿਆ ਗਿਆ ਪਰ ਸੁਪਰ ਓਵਰ ਵਿਚ ਵੀ ਦੋਵੇਂ ਟੀਮਾਂ ਨੇ ਸਾਮਾਨ 15-15 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਮੇਜ਼ਬਾਨ ਇੰਗਲੈਂਡ ਨੂੰ ਮੈਚ ਵਿਚ ਜ਼ਿਆਦਾ ਬਾਊਂਡ੍ਰੀ ਲਗਾਉਣ ਕਾਰਨ ਵਿਸ਼ਵ ਚੈਂਪੀਅਨ ਐਲਾਨਿਆ ਗਿਆ। ਬਾਊਂਡ੍ਰੀ ਦੇ ਆਧਾਰ 'ਤੇ ਇੰਗਲੈਂਡ ਨੂੰ ਵਿਸ਼ਵ ਚੈਂਪੀਅਨ ਬਣਾਏ ਜਾਣ ਦੇ ਨਿਯਮ 'ਤੇ ਹਾਲਾਂਕਿ ਕ੍ਰਿਕਟ ਜਗਤ ਵਿਚ ਕਈ ਜਾਣਕਾਰਾਂ ਨੇ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਵਿਚ ਪੁਜਾਰਾ ਵੀ ਸ਼ਾਮਲ ਹਨ।
ਪੁਜਾਰਾ ਨੇ ਇੱਥੇ ਇੰਡੀਅਨ ਆਇਲ ਦੇ ਕਿ ਪ੍ਰੋਗਰਾਮ ਦੌਰਾਨ ਕਿਹਾ, ''ਇਮਾਨਦਾਰੀ ਨਾਲ ਕਹਾ ਤਾਂ ਮੈਨੂੰ ਨਹੀਂ ਲਗਦਾ ਕਿ ਕੋਈ ਟੀਮ ਹਾਰੀ ਹੈ। ਮੁਕਾਬਲਾ ਟਾਈ ਸੀ ਅਤੇ ਮੈਨੂੰ ਲਗਦਾ ਹੈ ਕਿ ਦੋਵੇਂ ਟੀਮਾਂ ਨੂੰ ਟ੍ਰਾਫੀ ਦਿੱਤੀ ਜਾਣੀ ਚਾਹੀਦੀ ਸੀ ਪਰ ਫੈਸਲਾ ਆਈ. ਸੀ. ਸੀ. ਨੂੰ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਨਿਯਮਾਂ ਨੂੰ ਲੈ ਕੇ ਸੋਚ ਵਿਚਾਰ ਕਰਨਾ ਹੋਵੇਗਾ।''
ਇਸ ਮੱਧ ਕ੍ਰਮ ਦੇ ਬੱਲੇਬਾਜ਼ ਨੇ ਕਿਹਾ, ''ਇਸ ਤੋਂ ਪਹਿਲਾਂ ਵਿਸ਼ਵ ਕੱਪ ਫਾਈਨਲ ਵਿਚ ਕਦੇ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਈ। ਮੈਨੂੰ ਨਿਯਮਾਂ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਹੈ ਅਤੇ ਹੁਣ ਵੀ ਕਾਫੀ ਚੀਜ਼ਾਂ ਸਿੱਖ ਰਿਹਾ ਹਾਂ। ਨਿਊਜ਼ੀਲੈਂਡ ਦੀ ਟੀਮ ਦੇ ਨਾਲ ਥੋੜਾ ਗਲਤ ਹੋਇਆ, ਉਹ ਇੰਨਾ ਚੰਗਾ ਖੇਡੇ। ਕੁਲ ਮਿਲਾ ਕੇ ਹਾਲਾਂਕਿ ਇਹ ਕ੍ਰਿਕਟ ਦਾ ਕਾਫੀ ਚੰਗਾ ਮੁਕਾਬਲਾ ਰਿਹਾ ਅਤੇ ਇਸ ਚੀਜ਼ ਲਈ ਇਸ ਮੈਚ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਆਈ. ਸੀ. ਸੀ. ਨੂੰ ਇਸ ਨਿਯਮ 'ਤੇ ਧਿਆਨ ਦੇਣਾ ਹੋਵੇਗਾ ਅਤੇ ਉਮੀਦ ਕਰਦਾ ਹਾਂ ਕਿ ਉਹ ਅਜਿਹਾ ਕਰਨਗੇ। ਅਜਿਹਾ ਅਕਸਰ ਨਹੀਂ ਹੁੰਦਾ ਕਿ ਮੈਚ ਟਾਈ ਹੋਣ ਤੋਂ ਬਾਅਦ ਸੁਪਰ ਓਵਰ ਵੀ ਟਾਈ ਹੋ ਜਾਵੇ। ਉਮੀਦ ਕਰਦਾ ਹਾਂ ਕਿ ਆਈ. ਸੀ. ਸੀ. ਇਸ 'ਤੇ ਵਿਚਾਰ ਕਰੇਗੀ।''