ਆਈ. ਸੀ. ਸੀ. ਟੀ20 ਰੈਂਕਿੰਗ : ਸ਼ੁਭਮਨ ਨੂੰ ਫਾਇਦਾ, ਜਾਇਸਵਾਲ ਤੇ ਕੁਲਦੀਪ ਵੀ ਅੱਗੇ ਵਧੇ

08/17/2023 11:51:27 AM

ਦੁਬਈ– ਭਾਰਤ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਬੁੱਧਵਾਰ ਨੂੰ ਜਾਰੀ ਤਾਜ਼ਾ ਆਈ. ਸੀ. ਸੀ. ਟੀ-20 ਕੌਮਾਂਤਰੀ ਰੈਂਕਿੰਗ ’ਚ ਬੱਲੇਬਾਜ਼ਾਂ ਦੀ ਸੂਚੀ ’ਚ ਕਰੀਅਰ ਦੇ ਸਰਵਸ੍ਰੇਸ਼ਠ 25ਵੇਂ ਸਥਾਨ ’ਤੇ ਪਹੁੰਚ ਗਿਆ ਜਦਕਿ ਉਸਦਾ ਸਾਥੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇ ਸਪਿਨਰ ਕੁਲਦੀਪ ਯਾਦਵ ਨੂੰ ਵੀ ਰੈਂਕਿੰਗ ’ਚ ਫਾਇਦਾ ਹੋਇਆ ਹੈ। 

ਵੈਸਟਇੰਡੀਜ਼ ਵਿਰੁੱਧ 5 ਮੈਚਾਂ ਦੀ ਲੜੀ ਦੇ ਆਖਰੀ ਦੋ ਮੈਚਾਂ ’ਚ 77 ਤੇ 9 ਦੌੜਾਂ ਦੀ ਪਾਰੀ ਖੇਡਣ ਵਾਲੇ ਗਿੱਲ ਨੂੰ 43 ਸਥਾਨਾਂ ਦਾ ਫਾਇਦਾ ਹੋਇਆ ਹੈ। ਇਸ ਤੋਂ ਪਹਿਲਾਂ ਗਿੱਲ ਦੀ ਸਰਵਸ੍ਰੇਸ਼ਠ ਰੈਂਕਿੰਗ 30 ਸੀ, ਜਿਹੜੀ ਉਸ ਨੇ ਇਸ ਸਾਲ ਅਹਿਮਦਾਬਾਦ ’ਚ ਨਿਊਜ਼ੀਲੈਂਡ ਵਿਰੁੱਧ 126 ਦੌੜਾਂ ਦੀ ਪਾਰੀ ਤੋਂ ਬਾਅਦ ਹਾਸਲ ਕੀਤੀ ਸੀ। ਵੈਸਟਇੰਡੀਜ਼ ਵਿਰੁੱਧ ਲੜੀ ਦੇ ਚੌਥੇ ਮੈਚ ’ਚ ਗਿੱਲ ਨੇ ਜਾਇਸਵਾਲ ਦੇ ਨਾਲ ਪਹਿਲੀ ਵਿਕਟ ਲਈ 165 ਦੌੜਾਂ ਜੋੜੀਆਂ ਸਨ, ਜਿਹੜੀ ਭਾਰਤ ਵਲੋਂ ਪਹਿਲੀ ਵਿਕਟ ਦੀ ਸਾਂਝੇਦਾਰੀ ਦੇ ਰੂਪ ’ਚ ਸਰਵਸ੍ਰੇਸ਼ਠ ਸਾਂਝੇਦਾਰੀ ਸੀ। ਆਈ. ਸੀ. ਸੀ. ਅਨੁਸਾਰ ਜਾਇਸਵਾਲ ਇਕ ਹਜ਼ਾਰ ਤੋਂ ਵੱਧ ਸਥਾਨਾਂ ਦੇ ਫਾਇਦੇ ਨਾਲ 88ਵੇਂ ਸਥਾਨ ’ਤੇ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ : ਆਉਣ ਵਾਲੇ ਏਸ਼ੀਆ ਕੱਪ ਤੇ ਵਿਸ਼ਵ ਕੱਪ ਲਈ ਰਵੀ ਸ਼ਾਸਤਰੀ ਦਾ ਸੁਝਾਅ, ਮੱਧਕ੍ਰਮ ਦੀ ਸਮੱਸਿਆ ਦਾ ਕੱਢਿਆ ਹੱਲ

ਫਲੋਰਿਡਾ ਦੇ ਲਾਰਡਹਿੱਲ ’ਚ ਚੌਥੇ ਮੈਚ ’ਚ ਦੋ ਵਿਕਟਾਂ ਦੀ ਬਦੌਲਤ ਆਰਮ ਸਪਿਨਰ ਕੁਲਦੀਪ 23 ਸਥਾਨਾਂ ਦੀ ਛਲਾਂਗ ਨਾਲ 28ਵੇਂ ਸਥਾਨ ’ਤੇ ਹੈ। ਭਾਰਤ ਵਿਰੁੱਧ ਲੜੀ 3-2 ਨਾਲ ਜਿੱਤਣ ਵਾਲੇ ਵੈਸਟਇੰਡੀਜ਼ ਦੇ ਖਿਡਾਰੀਆਂ ਦੀ ਰੈਂਕਿੰਗ ’ਚ ਵੀ ਸੁਧਾਰ ਹੋਇਆ ਹੈ। ਆਖਰੀ ਮੈਚ ’ਚ 55 ਗੇਂਦਾਂ ’ਚ ਅਜੇਤੂ 85 ਦੌੜਾਂ ਦੀ ਪਾਰੀ ਖੇਡਣ ਵਾਲਾ ਬ੍ਰੈਂਡਨ ਕਿੰਗ 5 ਸਥਾਨਾਂ ਦੇ ਫਾਇਦੇ ਨਾਲ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ। 

ਕਾਇਲ ਮਾਇਰਸ 2 ਸਥਾਨ ਅੱਗੇ ਵਧ ਕੇ 45ਵੇਂ ਜਦਕਿ ਸ਼ਿਮਰੋਨ ਹੈੱਟਮਾਇਰ 16 ਸਥਾਨਾਂ ਦੇ ਫਾਇਦੇ ਨਾਲ 85ਵੇਂ ਸਥਾਨ ’ਤੇ ਹੈ। ਗੇਂਦਬਾਜ਼ਾਂ ’ਚ ਅਕੀਲ ਹੁਸੈਨ ਹੁਣ 11ਵੇਂ ਸਥਾਨ ’ਤੇ ਹੈ। ਉਸ ਨੂੰ ਤਿੰਨ ਸਥਾਨਾਂ ਦਾ ਫਾਇਦਾ ਹੋਇਆ ਹੈ। ਸਾਬਕਾ ਕਪਤਾਨ ਜੈਸਨ ਹੋਲਡਰ 85ਵੇਂ ਸਥਾਨ ’ਤੇ ਹੈ। ਚਾਰ ਵਿਕਟਾਂ ਦੀ ਬਦੌਲਤ ਰੋਮਾਰੀਓ ਸ਼ੈਫਰਡ 63ਵੇਂ ਸਥਾਨ ’ਤੇ ਹੈ। ਉਸ ਨੂੰ 20 ਸਥਾਨਾਂ ਦਾ ਫਾਇਦਾ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।


Tarsem Singh

Content Editor

Related News