ICC ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ''ਚ ਸ਼ੈਫਾਲੀ ਦੂਜੇ ਸਥਾਨ ''ਤੇ ਖਿਸਕੀ, ਮੰਧਾਨਾ ਤੀਜੇ ਸਥਾਨ ''ਤੇ ਕਾਇਮ

Tuesday, Oct 12, 2021 - 03:10 PM (IST)

ICC ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ''ਚ ਸ਼ੈਫਾਲੀ ਦੂਜੇ ਸਥਾਨ ''ਤੇ ਖਿਸਕੀ, ਮੰਧਾਨਾ ਤੀਜੇ ਸਥਾਨ ''ਤੇ ਕਾਇਮ

ਦੁਬਈ (ਭਾਸ਼ਾ): ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਮਹਿਲਾ ਟੀ -20 ਬੱਲੇਬਾਜ਼ੀ ਰੈਂਕਿੰਗ 'ਚ ਇਕ ਸਥਾਨ ਦੇ ਨੁਕਸਾਨ ਨਾਲ ਦੂਜੇ ਸਥਾਨ 'ਤੇ ਖਿਸਕ ਗਈ ਹੈ, ਜਦੋਂਕਿ ਉਨ੍ਹਾਂ ਦੀ ਹਮਵਤਨ ਸਮ੍ਰਿਤੀ ਮੰਧਾਨਾ ਨੇ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਸ਼ੈਫਾਲੀ ਦੇ 726 ਰੇਟਿੰਗ ਅੰਕ ਹਨ, ਜਦੋਂਕਿ ਮੰਧਾਨਾ ਦੇ 709 ਅੰਕ ਹਨ। ਆਸਟਰੇਲੀਆ ਦੀ ਬੈਥ ਮੂਨੀ 754 ਅੰਕਾਂ ਨਾਲ ਸਿਖ਼ਰ 'ਤੇ ਹੈ। ਬੱਲੇਬਾਜ਼ੀ ਰੈਂਕਿੰਗ ਵਿਚ ਆਸਟਰੇਲੀਆ ਦਾ ਦਬਦਬਾ ਹੈ। ਮੂਨੀ ਤੋਂ ਇਲਾਵਾ ਕਪਤਾਨ ਮੇਗ ਲੈਨਿੰਗ (ਚੌਥੇ) ਅਤੇ ਐਲਿਸਾ ਹੀਲੀ (6ਵੇਂ) ਵੀ ਸਿਖ਼ਰਲੇ 10 ਵਿਚ ਸ਼ਾਮਲ ਹੈ।

ਨਿਊਜ਼ੀਲੈਂਡ ਦੀ ਸੋਫੀ ਡਿਵਾਇਨ ਅਤੇ ਸੂਜ਼ੀ ਬੇਟਸ ਕ੍ਰਮਵਾਰ ਪੰਜਵੇਂ ਅਤੇ ਸੱਤਵੇਂ ਸਥਾਨ 'ਤੇ ਹਨ। ਭਾਰਤ ਦੇ ਖਿਲਾਫ਼ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਮੀਂਹ ਦੀ ਭੇਂਟ ਚੜ੍ਹਨ ਕਾਰਨ ਬਾਕੀ 2 ਮੈਚਾਂ ਵਿਚ ਮੂਨੀ ਨੇ 34 ਅਤੇ 61 ਦੌੜਾਂ ਦੀਆਂ ਪਾਰੀਆਂ ਖੇਡੀਆਂ, ਜਿਸ ਨਾਲ ਆਸਟਰੇਲੀਆ ਨੇ ਜਿੱਤ ਦਰਜ ਕੀਤੀ। ਮੂਨੀ ਨੂੰ ਸ਼ੁਰੂ ਵਿਚ ਟੀਮ ਵਿਚ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਰਾਚੇਲ ਹੇਨਜ਼ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਮੂਨੀ ਦੀ ਟੀਮ ਦੀ ਸਾਥੀ ਸੋਫੀ ਮੋਲੀਨੋ ਨੂੰ ਵੀ ਤਾਜ਼ਾ ਰੈਂਕਿੰਗ ਵਿਚ ਫ਼ਾਇਦਾ ਹੋਇਆ ਹੈ। ਉਹ 12 ਸਥਾਨਾਂ ਦੀ ਛਲਾਂਗ ਲਗਾ ਕੇ ਨੌਵੇਂ ਸਥਾਨ 'ਤੇ ਪਹੁੰਚ ਕੇ ਗੇਂਦਬਾਜ਼ਾਂ ਦੀ ਸੂਚੀ ਦੇ ਸਿਖ਼ਰਲੇ 10 ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀ ਹੈ।

ਸੋਫੀ ਨੇ ਸੀਰੀਜ਼ ਵਿਚ 5.60 ਦੀ ਇਕਾਨਮੀ ਦਰ ਨਾਲ 3 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਭਾਰਤੀ ਟੀਮ ਆਖ਼ਰੀ 2 ਮੈਚਾਂ ਵਿਚ ਵੱਡਾ ਸਕੋਰ ਨਹੀਂ ਬਣਾ ਸਕੀ ਸੀ। ਦੋ ਪਾਰੀਆਂ ਵਿਚ ਪੰਜ ਵਿਕਟਾਂ ਨਾਲ ਸੀਰੀਜ਼ ਦੀ ਸਭ ਤੋਂ ਸਫਲ ਗੇਂਦਬਾਜ਼ ਰਹੀ ਭਾਰਤ ਦੀ ਰਾਜੇਸ਼ਵਰੀ ਗਾਇਕਵਾੜ 12ਵੇਂ ਸਥਾਨ 'ਤੇ ਪਹੁੰਚ ਗਈ ਹੈ। ਐਸ਼ਲੇਗ ਗਾਰਡਨਰ ਆਲਰਾਊਂਡਰਾਂ ਦੀ ਸੂਚੀ ਵਿਚ 10ਵੇਂ ਸਥਾਨ 'ਤੇ ਹੈ। ਉਹ ਆਸਟਰੇਲੀਆ ਵੱਲੋਂ ਸਭ ਤੋਂ ਸਫ਼ਲ ਗੇਂਦਬਾਜ਼ ਰਹੀ। ਤਿੰਨ ਮੈਚਾਂ ਵਿਚ ਤਿੰਨ ਵਿਕਟਾਂ ਅਤੇ 23 ਦੌੜਾਂ ਬਣਾਉਣ ਵਾਲੀ ਜੌਰਜੀਆ ਵੇਅਰਹੈਮ 14 ਸਥਾਨਾਂ ਦੀ ਛਲਾਂਗ ਲਗਾ ਕੇ ਕਰੀਅਰ ਦੇ ਸਰਬੋਤਮ 48ਵੇਂ ਸਥਾਨ 'ਤੇ ਪਹੁੰਚ ਗਈ ਹੈ।
 


author

cherry

Content Editor

Related News