ICC ਰੈਂਕਿੰਗ : ਭਾਰਤ ਨੇ ਰਚਿਆ ਇਤਿਹਾਸ, ਸਾਰੇ ਫਾਰਮੈਟਾਂ ''ਚ ਬਣਿਆ ਵਰਲਡ ਨੰਬਰ-1

Wednesday, Feb 15, 2023 - 04:01 PM (IST)

ICC ਰੈਂਕਿੰਗ : ਭਾਰਤ ਨੇ ਰਚਿਆ ਇਤਿਹਾਸ, ਸਾਰੇ ਫਾਰਮੈਟਾਂ ''ਚ ਬਣਿਆ ਵਰਲਡ ਨੰਬਰ-1

ਸਪੋਰਟਸ ਡੈਸਕ : ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਅਜਿਹਾ ਇਤਿਹਾਸ ਜਿਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕ੍ਰਿਕਟ ਦੀ ਦੁਨੀਆ ਵਿੱਚ ਇਸ ਸਮੇਂ ਸਿਰਫ਼ ਭਾਰਤ ਦਾ ਡੰਕਾ ਵੱਜ ਰਿਹਾ ਹੈ। ਦਰਅਸਲ, ਆਈਸੀਸੀ ਵੱਲੋਂ ਜਾਰੀ ਨਵੀਂ ਟੈਸਟ ਰੈਂਕਿੰਗ 'ਚ ਭਾਰਤ ਹੁਣ ਟੈਸਟ ਕ੍ਰਿਕਟ 'ਚ ਵੀ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਭਾਰਤ ਨੇ ਨਾਗਪੁਰ 'ਚ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਮੈਚ ਜਿੱਤ ਕੇ ਨੰਬਰ ਇਕ ਸਥਾਨ 'ਤੇ ਮੁੜ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸਾਰੇ ਫਾਰਮੈਟਾਂ 'ਚ ਨੰਬਰ ਵਨ ਸਥਾਨ 'ਤੇ ਕਬਜ਼ਾ ਕਰ ਲਿਆ ਹੈ।

ਇਹ ਵੀ ਪੜ੍ਹੋ : ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਜੁੜੀ ਸਾਨੀਆ ਮਿਰਜ਼ਾ, WPL ਤੋਂ ਪਹਿਲਾਂ ਮਿਲੀ ਇਹ ਵੱਡੀ ਜ਼ਿੰਮੇਵਾਰੀ

ਪਹਿਲੀ ਵਾਰ ਅਜਿਹਾ ਹੋਇਆ

ਖਾਸ ਗੱਲ ਇਹ ਹੈ ਕਿ ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਭਾਰਤੀ ਟੀਮ ਨੇ ਸਾਰੇ ਫਾਰਮੈਟਾਂ ਦੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ ਹੈ। ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ ਇੱਕ ਬਣਨ ਦਾ ਰਿਕਾਰਡ ਸਿਰਫ਼ ਦੱਖਣੀ ਅਫ਼ਰੀਕਾ ਦੀ ਟੀਮ ਦੇ ਨਾਂ ਸੀ। ਤੁਹਾਨੂੰ ਯਾਦ ਹੋਵੇਗਾ ਕਿ 2013 'ਚ ਦੱਖਣੀ ਅਫਰੀਕਾ ਨੇ ਅਜਿਹਾ ਹੀ ਕੀਤਾ ਸੀ।ਉਦੋਂ ਅਫਰੀਕੀ ਟੀਮ ਸ਼ਾਨਦਾਰ ਲੈਅ 'ਚ ਸੀ। ਉਹ ਇੱਕੋ ਸਮੇਂ ਵਨਡੇ, ਟੈਸਟ ਅਤੇ ਟੀ-20 ਵਿੱਚ ਨੰਬਰ ਇੱਕ ਟੀਮ ਬਣ ਗਈ ਸੀ। ਇਸ ਦੇ ਨਾਲ ਹੀ 10 ਸਾਲ ਬਾਅਦ ਭਾਰਤੀ ਟੀਮ ਨੇ ਵੀ ਰੋਹਿਤ ਦੀ ਕਪਤਾਨੀ 'ਚ ਇਹ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਨੇਪਾਲ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਲਾਮੀਛਾਨੇ ਨੂੰ ਟੀਮ ’ਚ ਕੀਤਾ ਸ਼ਾਮਲ

ਦੂਜੇ ਸਥਾਨ 'ਤੇ ਆਸਟ੍ਰੇਲੀਆ ਹੈ

ਹੁਣ ਆਸਟ੍ਰੇਲੀਆ ਟੈਸਟ ਰੈਂਕਿੰਗ 'ਚ ਦੂਜੇ ਨੰਬਰ 'ਤੇ ਆ ਗਿਆ ਹੈ। ਆਈਸੀਸੀ ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ 'ਚ ਜਿੱਥੇ ਟੀਮ ਇੰਡੀਆ 115 ਅੰਕਾਂ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ, ਉਥੇ ਕੰਗਾਰੂ ਟੀਮ ਦੇ 111 ਅੰਕ ਹਨ। ਨਾਗਪੁਰ ਟੈਸਟ ਮੈਚ 'ਚ ਜਾਣ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਦੇ 126 ਅੰਕ ਸਨ, ਪਰ ਇਹ ਹਾਰ ਉਸ ਲਈ ਵੱਡਾ ਨੁਕਸਾਨ ਸੀ। ਹੁਣ ਜੇਕਰ ਉਹ ਇਸ ਟੈਸਟ ਸੀਰੀਜ਼ ਦੇ ਬਾਕੀ 3 ਮੈਚਾਂ 'ਚੋਂ 2 ਜਿੱਤਣ 'ਚ ਕਾਮਯਾਬ ਰਹਿੰਦੇ ਹਨ ਤਾਂ ਟੀਮ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਇਸ ਤੋਂ ਇਲਾਵਾ ਇੰਗਲੈਂਡ ਦੀ ਟੀਮ 106 ਅੰਕਾਂ ਨਾਲ ਤੀਜੇ, ਨਿਊਜ਼ੀਲੈਂਡ ਦੀ ਟੀਮ 100 ਅੰਕਾਂ ਨਾਲ ਚੌਥੇ ਨੰਬਰ 'ਤੇ ਹੈ। ਪੰਜਵੇਂ ਨੰਬਰ 'ਤੇ 85 ਅੰਕਾਂ ਨਾਲ ਦੱਖਣੀ ਅਫਰੀਕਾ ਦੀ ਟੀਮ ਹੈ।   

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News