ICC ਰੈਂਕਿੰਗ : ਸਚਿਨ ਨੂੰ ਪਿੱਛੇ ਛੱਡ ਕੇ ਚੋਟੀ ''ਤੇ ਪਹੁੰਚੇ ਕੋਹਲੀ

10/30/2017 3:18:53 PM

ਦੁਬਈ, (ਬਿਊਰੋ)— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਵਨਡੇ ਰੈਂਕਿੰਗ 'ਚ ਕਰੀਅਰ ਦੇ ਸਰਵਸ਼੍ਰੇਸ਼ਠ ਰੇਟਿੰਗ ਅੰਕਾਂ ਦੇ ਨਾਲ ਅੱਜ ਇਕ ਵਾਰ ਫਿਰ ਚੋਟੀ 'ਤੇ ਪਹੁੰਚ ਗਏ। ਇਸ ਦੌਰਾਨ ਉਹ ਰੇਟਿੰਗ ਅੰਕਾਂ ਦੇ ਮਾਮਲੇ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਭਾਰਤੀ ਹੋ ਗਏ ਹਨ। ਕੋਹਲੀ ਨੰਬਰ ਇਕ ਰੈਂਕਿੰਗ ਦੱਖਣੀ ਅਫਰੀਕਾ ਦੇ ਏ.ਬੀ. ਡਿਵੀਲੀਅਰਸ ਤੋਂ ਗੁਆਉਣ ਦੇ 10 ਦਿਨਾਂ ਦੇ ਬਾਅਦ ਇਕ ਵਾਰ ਫਿਰ ਚੋਟੀ 'ਤੇ ਕਾਬਜ਼ ਹੋ ਗਏ ਹਨ। ਦਿੱਲੀ ਦਾ ਇਹ 28 ਸਾਲਾਂ ਬੱਲੇਬਾਜ਼ ਨਿਊਜ਼ੀਲੈਂਡ ਦੇ ਖਿਲਾਫ ਐਤਵਾਰ ਨੁੰ ਖਤਮ ਹੋਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਬਣਾਏ 263 ਦੌੜਾਂ ਦੇ ਦਮ 'ਤੇ 889 ਰੇਟਿੰਗ ਅੰਕਾਂ ਤੱਕ ਪਹੁੰਚ ਗਿਆ ਜੋ ਕਿਸੇ ਵੀ ਭਾਰਤੀ ਬੱਲੇਬਾਜ਼ ਦੇ ਲਈ ਸਭ ਤੋਂ ਜ਼ਿਆਦਾ ਹੈ। ਇਸ ਸੀਰੀਜ਼ ਨੂੰ ਭਾਰਤ ਨੇ 2-1 ਨਾਲ ਆਪਣੇ ਨਾਂ ਕੀਤਾ ਹੈ।

ਆਈ.ਸੀ.ਸੀ. ਦੇ ਬਿਆਨ 'ਚ ਕਿਹਾ ਗਿਆ, ''ਇਸ ਤੋਂ ਪਹਿਲਾਂ 1998 'ਚ ਸਚਿਨ ਤੇਂਦੁਲਕਰ ਅਤੇ ਇਸ ਸਾਲ ਵਿਰਾਟ ਕੋਹਲੀ 887 ਅੰਕਾਂ ਦੇ ਨਾਲ ਸਭ ਤੋਂ ਜ਼ਿਆਦਾ ਰੇਟਿੰਗ ਅੰਕ ਵਾਲੇ ਭਾਰਤੀ ਬੱਲੇਬਾਜ਼ ਸਨ।'' ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸੀਰੀਜ਼ 'ਚ 174 ਦੌੜਾਂ ਬਣਾਉਣ ਦੇ ਨਾਲ ਕਰੀਅਰ ਦੇ ਸਰਵਸ਼੍ਰੇਸ਼ਠ 799 ਅੰਕਾਂ ਤੱਕ ਪਹੁੰਚੇ, ਹਾਲਾਂਕਿ ਉਨ੍ਹਾਂ ਦੀ ਰੈਂਕਿੰਗ 'ਚ ਕੋਈ ਸੁਧਾਰ ਨਹੀਂ ਹੋਇਆ ਅਤੇ ਉਹ 7ਵੇਂ ਨੰਬਰ 'ਤੇ ਬਣੇ ਹੋਏ ਹਨ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤਾਜ਼ਾ ਰੈਂਕਿੰਗ 'ਚ ਇਕ ਸਥਾਨ ਦੇ ਸੁਧਾਰ ਦੇ ਨਾਲ 11ਵੇਂ ਸਥਾਨ 'ਤੇ ਆ ਗਏ ਹਨ।

ਗੇਂਦਬਾਜ਼ਾਂ 'ਚ ਪਾਕਿਸਤਾਨ ਦੇ ਹਸਨ ਅਲੀ ਪਹਿਲੇ ਸਥਾਨ 'ਤੇ ਬਣੇ ਹੋਏ ਹਨ ਜਦਕਿ ਨਿਊਜ਼ੀਲੈਂਡ ਸੀਰੀਜ਼ 'ਚ 6 ਵਿਕਟਾਂ ਲੈਣ ਵਾਲੇ ਜਸਪ੍ਰੀਤ ਬੁਮਰਾਹ ਰੈਂਕਿੰਗ 'ਚ ਕਰੀਅਰ ਦੇ ਸਰਵਸ਼੍ਰੇਸ਼ਠ ਤੀਜੇ ਸਥਾਨ 'ਤੇ ਪਹੁੰਚ ਗਏ। ਸੀਰੀਜ਼ 'ਚ 2-1 ਨਾਲ ਜਿੱਤ ਭਾਰਤੀ ਟੀਮ ਨੂੰ ਰੈਂਕਿੰਗ 'ਚ ਨੰਬਰ ਇਕ ਬਣਾਉਣ ਦੇ ਲਈ ਕਾਫੀ ਨਹੀਂ ਸੀ। ਭਾਰਤ ਤੋਂ ਦੋ ਅੰਕਾਂ ਦੀ ਬੜ੍ਹਤ ਦੇ ਨਾਲ ਦੱਖਣੀ ਅਫਰੀਕਾ (121 ਅੰਕਾਂ) ਚੋਟੀ 'ਤੇ ਬਣਿਆ ਹੋਇਆ ਹੈ।


Related News