ਡਿਵਿਲੀਅਰਜ਼ ਨੇ ਕੋਹਲੀ ਦੇ IPL ਸਟ੍ਰਾਈਕ ਰੇਟ ਦੀ ਆਲੋਚਨਾ ਕਰਨ ਵਾਲੇ ਮਾਹਿਰਾਂ ’ਤੇ ਵਿੰਨ੍ਹਿਆ ਨਿਸ਼ਾਨਾ

Friday, May 03, 2024 - 02:52 PM (IST)

ਨਵੀਂ ਦਿੱਲੀ– ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟ ਖਿਡਾਰੀ ਏਬੀ ਡਿਵਿਲੀਅਰਜ਼ ਨੇ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਪਾਵਰ ਪਲੇਅ ਤੋਂ ਇਲਾਵਾ ਵਿਰਾਟ ਕੋਹਲੀ ਦੇ ਸਟ੍ਰਾਈਕ ਰੇਟ ਦੀ ਆਲੋਚਨਾ ਕਰਨ ਵਾਲੇ ਅੰਕੜਿਆਂ ਤੋਂ ਪ੍ਰੇਰਿਤ ਕ੍ਰਿਕਟ ਮਾਹਿਰਾਂ ’ਤੇ ਨਿਸ਼ਾਨਾ ਵਿੰਨ੍ਹਿਆ। ਕੋਹਲੀ ਨੇ ਮੌਜੂਦਾ ਸੈਸ਼ਨ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 147 ਦੀ ਸਟ੍ਰਾਈਕ ਰੇਟ ਅਤੇ 77 ਦੀ ਔਸਤ ਨਾਲ 500 ਦੌੜਾਂ ਬਣਾਈਆਂ ਹਨ। ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ’ਚ ਦੂਜੇ ਸਥਾਨ ’ਤੇ ਹੈ। ਇਸ ਦੇ ਬਾਵਜੂਦ ਸਾਬਕਾ ਭਾਰਤੀ ਕਪਤਾਨ ਦੀ ਅਕਸਰ ਸਪਿਨਰਾਂ ਵਿਰੁੱਧ ਵਿਚਲੇ ਓਵਰਾਂ ’ਚ ਤੇਜ਼ੀ ਨਾਲ ਦੌੜਾਂ ਬਣਾਉਣ ’ਚ ਅਸਮਰਥਤਾ ਲਈ ਆਲੋਚਨਾ ਹੋ ਰਹੀ ਹੈ, ਜਿਸ ਨਾਲ ਕੋਹਲੀ ਦਾ ਆਰ. ਸੀ. ਬੀ. ਦਾ ਸਾਬਕਾ ਸਾਥੀ ਡਿਵਿਲੀਅਰਸ ਸਹਿਮਤ ਨਹੀਂ ਹੈ।
ਡਿਵਿਲੀਅਰਸ ਨੇ ਕੋਹਲੀ ਨੂੰ ਕ੍ਰਿਕਟ ਖੇਡਣ ਵਾਲੇ ਬੈਸਟ ਖਿਡਾਰੀਆਂ ’ਚੋਂ ਇਕ ਕਰਾਰ ਦਿੱਤਾ ਅਤੇ ਕਿਹਾ ਕਿ ਅੰਕੜਿਆਂ ਤੋਂ ਪ੍ਰੇਰਿਤ ਮਾਹਿਰਾਂ ਦਾ ਇਸ ਖਿਡਾਰੀ ’ਤੇ ਟਿੱਪਣੀ ਕਰਨਾ ਅਕਲਮੰਦੀ ਨਹੀਂ ਹੈ। ਉਨ੍ਹਾਂ ਆਪਣੇ ਯੂ ਟਿਊਬ ਚੈਨਲ ’ਤੇ ਕਿਹਾ,‘ਵਿਰਾਟ ਕੋਹਲੀ ਦੀ ਸਟ੍ਰਾਈਕ ਰੇਟ ਨੂੰ ਲੈ ਕੇ ਆਲੋਚਨਾ ਹੋ ਰਹੀ ਹੈ, ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਮੈਂ ਹੁਣ ਇਸ ਤੋਂ ਤੰਗ ਆ ਚੁੱਕਾ ਹਾਂ। ਮੈਂ ਘੱਟ ਤੋਂ ਘੱਟ ਇੰਨਾ ਤਾਂ ਕਹਿ ਹੀ ਸਕਦਾ ਹਾਂ ਕਿ ਮੈਂ ਨਿਰਾਸ਼ ਹਾਂ। ਇਹ ਖਿਡਾਰੀ ਕ੍ਰਿਕਟ ਖੇਡਣ ਵਾਲੇ ਹੁਣ ਤੱਕ ਦੇ ਸਭ ਤੋਂ ਵਧੀਆ ਖਿਡਾਰੀਆਂ ’ਚੋਂ ਇਕ ਹੈ।
ਉਨ੍ਹਾਂ ਕਿਹਾ,‘ਮੈਂ ਅੰਕੜਿਆਂ ਤੋਂ ਪ੍ਰਭਾਵਿਤ ਮਾਹਿਰਾਂ ਦੀ ਕਾਫੀ ਸੁਣ ਚੁੱਕਾ ਹਾਂ, ਜੋ ਇਸ ਵਿਅਕਤੀ ਦੀ ਆਲੋਚਨਾ ਕਰਦੇ ਰਹਿੰਦੇ ਹਨ ਜਦਕਿ ਤੁਹਾਨੂੰ ਖੇਡ ਬਾਰੇ ਜਾਣਕਾਰੀ ਨਹੀਂ ਹੈ। ਤੁਸੀਂ ਕਿੰਨੇ ਮੈਚ ਖੇਡੇ ਹਨ? ਤੁਸੀਂ ਕਿੰਨੇ ਆਈ. ਪੀ. ਐੱਲ. ਸੈਂਕੜੇ ਬਣਾਏ ਹਨ? ਡਿਵਿਲੀਅਰਸ ਨੂੰ ਲੱਗਦਾ ਹੈ ਕਿ ਕੋਹਲੀ ਨੂੰ ਕਿਸੇ ਨੂੰ ਕੁਝ ਸਾਬਿਤ ਕਰਨ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਨੂੰ ਸਿਰਫ ਆਪਣੀ ਖੇਡ ’ਤੇ ਧਿਆਨ ਦੇਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਉਂਝ ਇਸ ਸੈਸ਼ਨ ’ਚ ਉਨ੍ਹਾਂ ਦਾ ਸਟ੍ਰਾਈਕ ਰੇਟ ਉਨ੍ਹਾਂ ਦੇ ਰਿਕਾਰਡ ਤੋੜਣ ਵਾਲੇ ਸੈਸ਼ਨ (2016) ਤੋਂ ਵੀ ਬਿਹਤਰ ਹੈ। ਇਸ ਲਈ ਮੈਨੂੰ ਨਹੀਂ ਪਤਾ ਕਿ ਆਲੋਚਨਾ ਕਿਥੋਂ ਆ ਰਹੀ ਹੈ। ਉਹ ਇਸ ਸਮੇਂ ਸੁਪਨੇ ਵਾਂਗ ਬੱਲੇਬਾਜ਼ੀ ਕਰ ਰਹੇ ਹਨ।


Aarti dhillon

Content Editor

Related News