ਚੋਟੀ ’ਤੇ ਕਾਬਜ਼ ਕੋਲਕਾਤਾ ਨੂੰ ਹਰਾ ਕੇ ਦੂਜਾ ਸਥਾਨ ਹਾਸਲ ਕਰਨਾ ਚਾਹੇਗੀ ਰਾਜਸਥਾਨ

Saturday, May 18, 2024 - 07:22 PM (IST)

ਚੋਟੀ ’ਤੇ ਕਾਬਜ਼ ਕੋਲਕਾਤਾ ਨੂੰ ਹਰਾ ਕੇ ਦੂਜਾ ਸਥਾਨ ਹਾਸਲ ਕਰਨਾ ਚਾਹੇਗੀ ਰਾਜਸਥਾਨ

ਗੁਹਾਟੀ, (ਭਾਸ਼ਾ)– ਰਾਜਸਥਾਨ ਰਾਇਲਜ਼ ਚਾਰ ਮੈਚਾਂ ਦੀ ਹਾਰ ਦੇ ਸਿਲਸਿਲੇ ਨੂੰ ਤੋੜ ਕੇ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਅਹਿਮ ਮੈਚ ਵਿਚ ਚੋਟੀ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਹਰਾ ਕੇ ਟਾਪ-2 ਵਿਚ ਜਗ੍ਹਾ ਪੱਕੀ ਕਰਨ ਉਤਰੇਗੀ। 16 ਅੰਕਾਂ ਨਾਲ ਪਲੇਅ ਆਫ ਵਿਚ ਜਗ੍ਹਾ ਬਣਾ ਚੁੱਕੀ ਰਾਜਸਥਾਨ ਲਗਾਤਾਰ 4 ਮੈਚ ਹਾਰ ਚੁੱਕੀ ਹੈ। ਪਿਛਲੇ ਦੋ ਮੈਚਾਂ ਵਿਚ ਟੀਮ 150 ਦੇ ਪਾਰ ਵੀ ਨਹੀਂ ਪਹੁੰਚ ਸਕੀ ਤੇ ਹੁਣ ਇੰਗਲੈਂਡ ਦੇ ਸਟਾਰ ਸਲਾਮੀ ਬੱਲੇਬਾਜ਼ ਦੇ ਵਤਨ ਪਰਤਣ ਤੋਂ ਬਾਅਦ ਉਸਦਾ ਰਸਤਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿਚ ਯਸ਼ਸਵੀ ਜਾਇਸਵਾਲ, ਕਪਤਾਨ ਸੰਜੂ ਸੈਮਸਨ ਤੇ ਸਥਾਨਕ ਹੀਰੋ ਰਿਆਨ ਪ੍ਰਾਗ ਨੂੰ ਵਾਧੂ ਜ਼ਿੰਮੇਵਾਰੀ ਨਿਭਾਉਣੀ ਪਵੇਗੀ।

ਪਲੇਅ ਆਫ ਵਿਚ ਟਾਪ-2 ਵਿਚ ਰਹਿਣ ਨਾਲ ਉਸਦੇ ਕੋਲ ਫਾਈਨਲ ਵਿਚ ਪਹੁੰਚਣ ਦੇ ਦੋ ਮੌਕੇ ਹੋਣਗੇ। ਕੇ. ਕੇ. ਆਰ. ਦੇ 19 ਅੰਕ ਹਨ ਤੇ ਉਸਦਾ ਚੋਟੀ ’ਤੇ ਰਹਿਣਾ ਤੈਅ ਹੈ। ਅਹਿਮਦਾਬਾਦ ਵਿਚ ਗੁਜਰਾਤ ਟਾਈਟਨਸ ਵਿਰੁੱਧ ਪਿਛਲਾ ਮੈਚ ਮੀਂਹ ਵਿਚ ਰੱਦ ਹੋਣ ਨਾਲ ਉਸ ਨੂੰ ਇਕ ਅੰਕ ਮਿਲਿਆ ਹੈ।

ਕੇ. ਕੇ. ਆਰ. ਦੇ ਹੌਸਲੇ ਬੁਲੰਦ ਹਨ ਪਰ ਉਸ ਨੂੰ ਓਵਰਕਾਨੀਫਡੈਂਸ ਤੋਂ ਬਚਣਾ ਪਵੇਗਾ। ਮੁੰਬਈ ਇੰਡੀਅਨਜ਼ ਵਿਰੁੱਧ 11 ਮਈ ਨੂੰ ਨੂੰ ਈਡਨ ਗਾਰਡਨ ’ਤੇ ਹੋਏ ਮੁਕਾਬਲੇ ਤੋਂ ਬਾਅਦ ਕੇ. ਕੇ. ਆਰ. ਨੇ ਮੀਂਹ ਦੀ ਭੇਟ ਚੜੇ ਇਸ ਮੈਚ ਤੋਂ ਇਲਾਵਾ ਕੋਈ ਮੁਕਾਬਲਾ ਨਹੀਂ ਖੇਡਿਆ ਹੈ।

ਅਹਿਮਦਾਬਾਦ ਜਾ ਕੇ ਇਕ ਦਿਨ ਦੇ ਅਭਿਆਸ ਲਈ ਕੋਲਕਾਤਾ ਪਰਤਣਾ ਤੇ ਫਿਰ ਆਖਰੀ ਲੀਗ ਮੈਚ ਲਈ ਗੁਹਾਟੀ ਜਾਣਾ ਥਕਾਊ ਰਿਹਾ ਹੋਵੇਗਾ ਤੇ ਇਸ ਨਾਲ ਉਸਦੀ ਲੈਅ ’ਤੇ ਅਸਰ ਪੈ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੈਂਟੋਰ ਗੌਤਮ ਗੰਭੀਰ ਦੀ ਟੀਮ ਇਸ ਲੈਅ ਨੂੰ ਬਰਕਰਾਰ ਰੱਖਦੀ ਹੈ ਜਾਂ ਨਹੀਂ। ਉਸਦੇ ਕੋਲ ਫਾਰਮ ਵਿਚ ਚੱਲ ਰਿਹਾ ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਫਿਲ ਸਾਲਟ ਵੀ ਨਹੀਂ ਹੈ, ਜਿਹੜਾ ਪਾਕਿਸਤਾਨ ਵਿਰੁੱਧ ਘਰੇਲੂ ਲੜੀ ਲਈ ਵਤਨ ਪਰਤ ਚੁੱਕਾ ਹੈ। ਕੇ. ਕੇ. ਆਰ. ਦੇ ਦੋ ਸਲਾਮੀ ਬੱਲੇਬਾਜ਼ਾਂ ਸਾਲਟ ਤੇ ਸੁਨੀਲ ਨਾਰਾਇਣ ਨੇ ਮਿਲ ਕੇ ਇਸ ਸੈਸ਼ਨ ਵਿਚ 7 ਅਰਧ ਸੈਂਕੜੇ ਤੇ ਇਕ ਸੈਂਕੜੇ ਸਮੇਤ 182 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 897 ਦੌੜਾਂ ਬਣਾਈਆਂ ਹਨ। ਸਾਲਟ ਦੀ ਜਗ੍ਹਾ ਰਹਿਮਾਨਉੱਲ੍ਹਾ ਗੁਰਬਾਜ਼ ਲੈ ਸਕਦਾ ਹੈ ਪਰ ਮੈਦਾਨ ’ਤੇ ਉਤਰਦੇ ਹੀ ਸਾਲਟ ਦੀ ਤਰ੍ਹਾਂ ਹਮਲਾਵਰ ਖੇਡਣ ਦੀ ਉਸ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਸੈਸ਼ਨ ਵਿਚ ਉਸ ਨੇ ਇਕ ਵੀ ਮੈਚ ਨਹੀਂ ਖੇਡਿਆ ਹੈ। ਕੇ. ਕੇ. ਆਰ. ਬੱਲੇਬਾਜ਼ੀ ਦਾ ਦਾਰੋਮਦਾਰ ਕਪਤਾਨ ਸ਼੍ਰੇਅਸ ਅਈਅਰ , ਰਿੰਕੂ ਸਿੰਘ ਤੇ ਆਂਦ੍ਰੇ ਰਸੇਲ ’ਤੇ ਹੋਵੇਗਾ। ਮੈਚ ’ਤ ਮੀਂਹ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ।


author

Tarsem Singh

Content Editor

Related News