ICC ਟੀ-20 ਵਿਸ਼ਵ ਕੱਪ ਦੇ ਅਮਰੀਕੀ ਗੇੜ ਦੇ ਖਰਚੇ ’ਤੇ ਕਰ ਸਕਦੈ ਚਰਚਾ

Sunday, Jul 14, 2024 - 10:07 AM (IST)

ICC ਟੀ-20 ਵਿਸ਼ਵ ਕੱਪ ਦੇ ਅਮਰੀਕੀ ਗੇੜ ਦੇ ਖਰਚੇ ’ਤੇ ਕਰ ਸਕਦੈ ਚਰਚਾ

ਨਵੀਂ ਦਿੱਲੀ– ਟੀ-20 ਵਿਸ਼ਵ ਕੱਪ ਦੇ ਅਮਰੀਕੀ ਗੇੜ ਵਿਚ ਬਜਟ ਤੋਂ ਵੱਧ ਖਰਚਾ ਹੋਣ ਦਾ ਅੰਦਾਜ਼ਾ ਹੈ ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਬੋਰਡ ਕੋਲੰਬੋ ਵਿਚ 19 ਜੁਲਾਈ ਨੂੰ ਹੋਣ ਵਾਲੀ ਸਾਲਾਨਾ ਮੀਟਿੰਗ ਦੌਰਾਨ ਇਸ ਨੁਕਸਾਨ ’ਤੇ ਚਰਚਾ ਕਰ ਸਕਦਾ ਹੈ। ਟੀ-20 ਵਿਸ਼ਵ ਕੱਪ ਦਾ ਲੇਖਾ-ਜੋਖਾ ਪੂਰਾ ਨਹੀਂ ਹੋਇਆ ਹੈ, ਇਸ ਲਈ ਨੁਕਸਾਨ ਦਾ ਅੰਕੜਾ ਦੱਸਣਾ ਮੁਸ਼ਕਿਲ ਹੈ ਕਿਉਂਕਿ ਦਰਸ਼ਕਾਂ ਦੀਆਂ ਟਿਕਟਾਂ ਤੋਂ ਪ੍ਰਾਪਤ ਰਾਸ਼ੀ ਦੀ ਪੂਰੀ ਤਰ੍ਹਾਂ ਨਾਲ ਗਿਣਤੀ ਕੀਤੀ ਜਾਣੀ ਬਾਕੀ ਹੈ।
ਬੋਰਡ ਦੇ ਪ੍ਰਮੁੱਖ ਮੈਂਬਰਾਂ ਦਾ ਹਾਲਾਂਕਿ ਮੰਨਣਾ ਹੈ ਕਿ ਟੂਰਨਾਮੈਂਟ ਦੇ ਅਮਰੀਕਾ ਗੇੜ ਵਿਚ ਹੋਇਆ ਨੁਕਸਾਨ ਲੱਖਾਂ ਡਾਲਰਾਂ ਵਿਚ ਹੋ ਸਕਦਾ ਹੈ। ਇਹ ਪਤਾ ਲੱਗਿਆ ਹੈ ਕਿ ਟੂਰਨਾਮੈਂਟ ਨਿਰਦੇਸ਼ਕ ਕ੍ਰਿਸ ਟੇਟਲੀ ਨੇ ਅਸਤੀਫਾ ਦੇ ਦਿੱਤਾ ਹੈ ਪਰ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਦੇ ਅਨੁਸਾਰ ਇੰਗਲੈਂਡ ਦੇ 49 ਸਾਲਾ ਖੇਡ ਅਧਿਕਾਰੀ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਤੀਫਾ ਦੇਣ ਦਾ ਮਨ ਬਣਾ ਲਿਆ ਸੀ।
ਆਈ. ਸੀ. ਸੀ. ਬੋਰਡ ਦੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਕਈ ਮੈਂਬਰ ਟੇਟਲੀ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ। ਉਸ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਟੀ-20 ਵਿਸ਼ਵ ਕੱਪ ਦੇ ਅਮਰੀਕੀ ਗੇੜ ਦਾ ਇਸ ਨਾਲ ਕੋਈ ਲੈਣਾ-ਦੇਣਾ ਹੈ। ਉਸ ਨੇ ਕਿਹਾ ਕਿ ਘੱਟ ਤੋਂ ਘੱਟ ਤਿੰਨ ਆਈ. ਸੀ. ਸੀ. ਵਿਸ਼ਵ ਪੱਧਰੀ ਟੂਰਨਾਮੈਂਟ ਤੇ ਸਾਰੇ ਸਹਿਯੋਗੀ ਦੇਸ਼ਾਂ ਨੂੰ ਟੀ-20 ਕੌਮਾਂਤਰੀ ਦਾ ਦਰਜਾ ਮਿਲਣ ਦੇ ਕਾਰਨ ਮੈਨੇਜਮੈਂਟ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਟੇਟਲੀ ਨੇ ਕੁਝ ਸਮੇਂ ਪਹਿਲਾਂ ਹੀ ਆਪਣਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਜਿਨ੍ਹਾਂ ਲੋਕਾਂ ਨੇ ਇਸ ਆਯੋਜਨ ਦੇ ਸੰਚਾਲਨ ਲਈ ਜ਼ਿਆਦਾ ਕੰਮ ਕੀਤਾ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਆਈ. ਸੀ. ਸੀ. ਅਸਲ ਵਿਚ ਟਿਕਟਾਂ ਦੀ ਵਿਕਰੀ ਦੇ ਰਾਹੀਂ ਚੰਗੀ ਕਮਾਈ ਕਰੇਗੀ।
ਜਿਸ ਗੱਲ ਨੇ ਆਈ. ਸੀ. ਸੀ. ਦੇ ਪ੍ਰਭਾਵਸ਼ਾਲੀ ਮੈਂਬਰਾਂ ਨੂੰ ਨਾਰਾਜ਼ ਕੀਤਾ ਹੈ, ਉਹ ਇਸ ਪ੍ਰਮੁੱਖ ਆਯੋਜਨ ਲਈ ਨਿਊਯਾਰਕ ਸ਼ਹਿਰ ਨੂੰ ਇਕ ਮੇਜ਼ਬਾਨ ਦੇ ਤੌਰ ’ਤੇ ਚੁਣਨਾ ਹੈ। ਨਾਸਾਓ ਕਾਊਂਟੀ ਕ੍ਰਿਕਟ ਸਟੇਡੀਅਮ ਦੀ ਪਿੱਚ ਤੇ ਆਊਟਫੀਲਡ ਦੀ ਕਾਫੀ ਆਲੋਚਨਾ ਹੋਈ ਸੀ ਤੇ ਇਸ ਸਥਿਤੀ ਨਾਲ ਬਿਹਤਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ। ਉਸ ਨੇ ਕਿਹਾ ਕਿ ਇਹ ਆਯੋਜਨ ਅਮਰੀਕਾ ਵਿਚ ਹੋਣਾ ਸੀ ਤੇ ਨਿਊਯਾਰਕ ਤੋਂ ਇਲਾਵਾ ਹੋਰ ਸ਼ਹਿਰ ਵੀ ਸਨ, ਜਿੱਥੇ ਮੈਚਾਂ ਦਾ ਆਯੋਜਨ ਕੀਤਾ ਜਾ ਸਕਦਾ ਸੀ। ਇਸ ’ਤੇ ਵਿਚਾਰ ਕਿਉਂ ਨਹੀਂ ਕੀਤਾ ਗਿਆ? ਉਸ ਨੇ ਸਵਾਲ ਚੁੱਕਿਆ, ‘‘ਪਿੱਚ ਦੇ ਨਿਰੀਖਣ ਲਈ ਕੋਈ ਅਭਿਅਸ ਮੈਚ ਕਿਉਂ ਨਹੀਂ ਖੇਡਿਆ। ਇਹ ਪਿੱਚ ਨਿਸ਼ਚਿਤ ਰੂਪ ਨਾਲ ਚੋਟੀ ਪੱਧਰ ਦੀ ਕ੍ਰਿਕਟ ਲਈ ਬੇਲੋੜੀ ਸੀ।


author

Aarti dhillon

Content Editor

Related News