T20 ਕ੍ਰਿਕਟ: ਹੁਣ ਹੌਲੀ ਓਵਰ ਗਤੀ ਲਈ ਗੇਂਦਬਾਜ਼ਾਂ ਦਾ ਹੋਵੇਗਾ ਨੁਕਸਾਨ, ICC ਨੇ ਸਖ਼ਤ ਕੀਤੇ ਨਿਯਮ
Friday, Jan 07, 2022 - 03:18 PM (IST)
ਦੁਬਈ (ਭਾਸ਼ਾ) : ਟੀ20 ਕ੍ਰਿਕਟ ਵਿਚ ਹੌਲੀ ਓਵਰ ਗਤੀ ’ਤੇ ਹੁਣ ਸਖ਼ਤ ਸਜ਼ਾ ਦਿੱਤੀ ਜਾਏਗੀ, ਕਿਉਂਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨਿਰਧਾਰਤ ਸਮੇਂ ਦੇ ਅੰਦਰ ਓਵਰ ਪੂਰਾ ਨਾ ਕਰਨ ਵਾਲੀ ਟੀਮ ਨੂੰ 30 ਗਜ ਦੇ ਸਰਕਲ ਦੇ ਬਾਹਰ ਇਕ ਫੀਲਡਰ ਘੱਟ ਕਰਨਾ ਹੋਵੇਗਾ। ਇਹ ਨਿਯਮ ਇਸੇ ਮਹੀਨੇ ਤੋਂ ਲਾਗੂ ਹੋਵੇਗਾ। ਆਈ.ਸੀ.ਸੀ. ਨੇ ਖੇਡ ਦੇ ਸੋਧੇ ਗਏ ਨਿਯਮ ਅਤੇ ਸ਼ਰਤਾਂ ਤਹਿਤ ਦੁਵੱਲੇ ਅੰਤਰਰਾਸ਼ਟਰੀ ਟੀ20 ਕ੍ਰਿਕਟ ਵਿਚ ਪਾਰੀ ਦੇ ਵਿਚਕਾਰ ਵਿਕਲਪਿਕ ਡਰਿੰਕ ਬਰੇਕ ਨੂੰ ਵੀ ਸ਼ਾਮਲ ਕੀਤਾ ਹੈ। ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਆਈ.ਸੀ.ਸੀ. ਦੀ ਕੋਡ ਆਫ ਕੰਡਕਟ ਦੀ ਧਾਰਾ 2.22 ਤਹਿਤ ਹੌਲੀ ਓਵਰ ਗਤੀ ਲਈ ਆਈ.ਸੀ.ਸੀ. ਦੀਆਂ ਵਿਵਸਥਾਵਾਂ ਪਹਿਲਾਂ ਵਾਂਗ ਰਹਿਣਗੀਆਂ। ਇਸ ਵਿਚ ਡੀਮੈਰਿਟ ਅੰਕ ਅਤੇ ਟੀਮ ਅਤੇ ਕਪਤਾਨ ’ਤੇ ਵਿੱਤੀ ਜੁਰਮਾਨਾ ਸ਼ਾਮਲ ਹੈ।
ਆਈ.ਸੀ.ਸੀ. ਨੇ ਕਿਹਾ, ‘ਖੇਡ ਦੇ ਨਿਯਮ ਅਤੇ ਸ਼ਰਤਾਂ ਦੀ ਧਾਰਾ 13.8 ਵਿਚ ਓਵਰ ਗਤੀ ਦੇ ਨਿਯਮ ਹਨ, ਜਿਸ ਤਹਿਤ ਫੀਲਡਿੰਗ ਕਰਨ ਵਾਲੀ ਟੀਮ ਨੂੰ ਆਖ਼ਰੀ ਓਵਰ ਦੀ ਪਹਿਲੀ ਗੇਂਦ ਨਿਰਧਾਰਿਤ ਸਮੇਂ ਦੇ ਅੰਦਰ ਸੁੱਟਣੀ ਹੋਵੇਗੀ। ਅਜਿਹਾ ਨਾ ਕਰਨ ’ਤੇ ਪਾਰੀ ਦੇ ਬਾਕੀ ਓਵਰ ਵਿਚ 30 ਗਜ ਦੇ ਸਰਕਲ ਦੇ ਬਾਅਦ ਇਕ ਫੀਲਡਰ ਘੱਟ ਹੋਵੇਗਾ।’ ਆਮ ਤੌਰ ’ਤੇ ਪਹਿਲੇ 6 ਓਵਰਾਂ ਦੇ ਬਾਅਦ 30 ਗਜ ਦੇ ਬਾਹਰ 5 ਫੀਲਡਰ ਰੱਖੇ ਜਾ ਸਕਦੇ ਹਨ। ਓਵਰ ਗਤੀ ਦੇ ਨਿਯਮ ਦੀ ਪਾਲਣਾ ਨਾ ਕਰਨ ’ਤੇ 4 ਹੀ ਫੀਲਡਰ ਰੱਖੇ ਜਾ ਸਕਣਗੇ। ਗੇਂਦਬਾਜ਼ ਦੇ ਸਿਰੇ ਵਾਲਾ ਅੰਪਾਇਰ ਫੀਲਡਿੰਗ ਕਰ ਰਹੀ ਟੀਮ, ਬੱਲੇਬਾਜ਼ ਅਤੇ ਦੂਜੇ ਅੰਪਾਇਰ ਨੂੰ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਨਿਰਧਾਰਤ ਸਮਾਂ ਅਤੇ ਕਿਸੇ ਵੀ ਗੜਬੜ ਦੇ ਮਾਮਲੇ ਵਿਚ ਦੁਬਾਰਾ ਨਿਰਧਾਰਿਤ ਸਮੇਂ ਦੀ ਜਾਣਕਾਰੀ ਦੇਵੇਗਾ।
ਇਹ ਵੀ ਪੜ੍ਹੋ: ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸਟ੍ਰੇਲੀਆ 'ਚ ਨਹੀਂ ਮਿਲੀ ਐਂਟਰੀ, ਵੀਜ਼ਾ ਰੱਦ
ਆਈ.ਸੀ.ਸੀ. ਦੀ ਕ੍ਰਿਕਟ ਕਮੇਟੀ ਨੇ ਇਸ ਬਦਲਾਅ ਦੀ ਸਿਫਾਰਿਸ਼ ਕੀਤੀ ਹੈ, ਜੋ ਸਾਰੇ ਫਾਰਮੈਟਾਂ ਵਿਚ ਖੇਡ ਦੀ ਰਫ਼ਤਾਰ ਬਣਾਈ ਰੱਖਣ ਦੇ ਤਰੀਕਿਆਂ ਦੀ ਸਮੀਖਿਆ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਪਾਰੀ ਦੇ ਵਿਚਕਾਰ ਢਾਈ ਮਿੰਟ ਦੇ ਵਿਕਲਪਿਕ ਡਰਿੰਕ ਬਰੇਕ ਦੀ ਵੀ ਵਿਵਸਥਾ ਹੈ, ਬਸ਼ਰਤੇ ਹਰ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਮੈਂਬਰਾਂ ਵਿਚਾਲੇ ਇਸ ’ਤੇ ਸਹਿਮਤੀ ਬਣੇ। ਨਵੇਂ ਨਿਯਮਾਂ ਤਹਿਤ ਪਹਿਲਾ ਮੈਚ 16 ਜਨਵਰੀ ਨੂੰ ਵੈਸਟਇੰਡੀਜ਼ ਅਤੇ ਆਇਰਲੈਂਡ ਵਿਚਾਲੇ ਸਬੀਨਾ ਪਾਰਕ ਵਿਚ ਖੇਡਿਆ ਜਾਏਗਾ। ਉਥੇ ਹੀ ਮਹਿਲਾ ਵਰਗ ਵਿਚ ਪਹਿਲਾ ਮੈਚ 18 ਜਨਵਰੀ ਨੂੰ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਚਾਲੇ ਸੇਂਚੁਰੀਅਨ ਵਿਚ ਹੋਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।