ਚਾਹੁੰਦਾ ਹਾਂ ਕਿ ਧੋਨੀ ਸਰ ਨੂੰ ਮੇਰੇ ’ਤੇ ਮਾਣ ਹੋਵੇ : ਅਰਾਵੇਲੀ ਅਵਨੀਸ਼
Saturday, Feb 10, 2024 - 07:20 PM (IST)
ਸਪੋਰਟਸ ਡੈਸਕ- ਉਹ ਪੀਲੀ ਜਰਸੀ ਵਾਲੀ ਟੀਮ ਵਿਰੁੱਧ ਐਤਵਾਰ ਨੂੰ ਅੰਡਰ-19 ਵਿਸ਼ਵ ਕੱਪ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੇਗਾ ਪਰ ਉਸਦਾ ਅਗਲਾ ਟੀਚਾ ਪੀਲੀ ਜਰਸੀ ਪਹਿਨ ਕੇ ਮਹਿੰਦਰ ਸਿੰਘ ਧੋਨੀ ਨੂੰ ਉਸ ’ਤੇ ਮਾਣ ਕਰਨ ਦਾ ਮੌਕਾ ਦੇਣ ਦਾ ਹੋਵੇਗਾ। ਭਾਰਤੀ ਅੰਡਰ-19 ਟੀਮ ਦਾ ਵਿਕਟਕੀਪਰ ਬੱਲੇਬਾਜ਼ ਅਰਾਵੇਲੀ ਅਵੀਸ਼ ਰਾਵ ਉਨ੍ਹਾਂ ਚੋਣਵੇਂ ਖਿਡਾਰੀਆਂ ਵਿਚੋਂ ਇਕ ਹੈ ਜਿਨ੍ਹਾਂ ਕੋਲ ਇੰਨੀ ਘੱਟ ਉਮਰ ਵਿਚ ਆਈ. ਪੀ. ਐੱਲ. ਦਾ ਕਰਾਰ ਹੈ। ਉਸ ਨੂੰ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੇ ਪਿਛਲੇ ਮਹੀਨੇ ਆਈ. ਪੀ. ਐੱਲ. ਨਿਲਾਮੀ ਵਿਚ 20 ਲੱਖ ਰੁਪਏ ਦੇ ਬੇਸ ਪ੍ਰਾਈਸ ’ਤੇ ਖਰੀਦਿਆ ਸੀ।
ਅੰਡਰ-19 ਵਿਸ਼ਵ ਕੱਪ ਵਿਚ ਕਈ ਮੌਕਿਆਂ ’ਤੇ ਧੋਨੀ ਦੀ ਝਲਕ ਦੇਣ ਵਾਲੇ ਅਰਾਵੇਲੀ ਨੇ ਕਿਹਾ,‘‘ਮੈਨੂੰ ਭਰੋਸਾ ਹੀ ਨਹੀਂ ਹੋਇਆ ਸੀ ਤੇ ਸਾਡਾ ਫੋਨ ਲਗਾਤਾਰ ਵੱਜ ਰਿਹਾ ਸੀ।’’ ਉਸ ਨੇ ਕਿਹਾ,‘‘ਹੁਣ ਮੈਂ ਧੋਨੀ ਸਰ ਤੇ ਸੀ. ਐੱਸ. ਕੇ. ਨੂੰ ਸਨਮਾਨਿਤ ਕਰਨਾ ਚਾਹੁੰਦਾ ਹਾਂ। ਅਜੇ ਆਈ. ਪੀ. ਐੱਲ. ਦੇ ਬਾਰੇ ਵਿਚ ਨਹੀਂ ਸੋਚ ਰਿਹਾ ਹਾਂ। ਫਾਈਨਲ ਤੋਂ ਬਾਅਦ ਸੋਚਾਂਗਾ ਪਰ ਸੀ. ਐੱਸ. ਕੇ. ਲਈ ਤੇ ਧੋਨੀ ਸਰ ਦੀ ਕਪਤਾਨੀ ਵਿਚ ਖੇਡਣਾ ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ। ਮੇਰੇ ਲਈ ਇਹ ਸੁਪਨਾ ਸੱਚ ਹੋਣ ਵਰਗਾ ਹੈ।’’
ਆਪਣੇ ਪਿਤਾ ਨਾਲ ਬੈਠ ਕੇ ਕ੍ਰਿਕਟ ਮੈਚ ਦੇਖਣ ਵਾਲੇ ਅਰਾਵੇਲੀ ਨੇ ਕਿਹਾ,‘‘ਮੈਂ ਬਚਪਨ ਤੋਂ ਹੀ ਕ੍ਰਿਕਟਰ ਬਣਨਾ ਚਾਹੁੰਦਾ ਸੀ। ਪਿਤਾ ਜੀ ਸਾਫਟਵੇਅਰ ਇੰਜੀਨੀਅਰ ਹਨ ਪਰ ਕ੍ਰਿਕਟ ਦੇ ਸ਼ੌਕੀਨ ਹਨ ਤੇ ਉਨ੍ਹਾਂ ਨਾਲ ਬੈਠ ਕੇ ਮੈਚ ਦੇਖਦੇ-ਦੇਖਦੇ ਮੇਰੀ ਦਿਲਚਸਪੀ ਜਾਗੀ।’’ ਹੁਣ ਉਹ ਜਲਦੀ ਤੋਂ ਸੀ. ਐੱਸ. ਕੇ. ਦਾ ਹਿੱਸਾ ਬਣ ਕੇ ਧੋਨੀ ਤੋਂ ਬਹੁਤ ਕੁਝ ਸਿੱਖਣਾ ਚਾਹੁੰਦਾ ਹੈ।