ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ : ਮੇਜ਼ਬਾਨ ਜਰਮਨੀ ਨੇ ਸਕਾਟਲੈਂਡ ਨੂੰ 5-1 ਨਾਲ ਹਰਾਇਆ

Saturday, Jun 15, 2024 - 08:45 PM (IST)

ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ : ਮੇਜ਼ਬਾਨ ਜਰਮਨੀ ਨੇ ਸਕਾਟਲੈਂਡ ਨੂੰ 5-1 ਨਾਲ ਹਰਾਇਆ

ਮਿਊਨਿਖ, (ਭਾਸ਼ਾ)- ਫਲੋਰੀਅਨ ਵਿਰਟਜ ਤੇ ਜਮਾਲ ਮੁਸਿਆਲਾ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਜਿੱਤ ਦਾ ਮੰਚ ਤਿਆਰ ਕਰਨ ਵਾਲੇ ਮੇਜ਼ਬਾਨ ਜਰਮਨੀ ਨੇ 10 ਖਿਡਾਰੀਆਂ ਦੇ ਨਾਲ ਖੇਡ ਰਹੇ ਸਕਾਟਲੈਂਡ ਨੂੰ 5-1 ਨਾਲ ਕਰਾਰੀ ਹਾਰ ਦੇ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ (ਯੂਰੋ 2024) ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਵਿਰਟਜ ਨੇ 10ਵੇਂ ਮਿੰਟ ਵਿਚ ਜਰਮਨੀ ਲਈ ਪਹਿਲਾ ਗੋਲ ਕੀਤਾ ਜਦਕਿ ਮੁਸਿਆਲਾ ਨੇ 19ਵੇਂ ਮਿੰਟ ਵਿਚ ਉਸਦੀ ਬੜ੍ਹਤ ਦੁੱਗਣੀ ਕਰ ਦਿੱਤੀ।

ਕਾਈ ਹੈਵਰਟ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਹਾਫ ਤਕ ਜਰਮਨੀ ਨੂੰ 3-0 ਨਾਲ ਅੱਗੇ ਕਰ ਦਿੱਤਾ। ਜਰਮਨੀ ਨੂੰ ਡਿਫੈਂਡਰ ਰਿਆਨ ਪੋਰਟਿਅਸ ਦੀ ਗਲਤੀ ਕਾਰਨ ਇਹ ਪੈਨਲਟੀ ਮਿਲੀ ਸੀ, ਜਿਸ ਨੂੰ ਰੈਫਰੀ ਨੇ ਰੈੱਡ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ ਸੀ। ਇਸ ਕਾਰਨ ਸਕਾਟਲੈਂਡ ਨੂੰ ਦੂਜੇ ਹਾਫ ਵਿਚ 10 ਖਿਡਾਰੀਆਂ ਨਾਲ ਖੇਡਣਾ ਪਿਆ ਸੀ। ਹਾਫ ਤੋਂ ਬਾਅਦ ਬਦਲਵੇਂ ਖਿਡਾਰੀ ਨਿਕੋਲਸ ਫੁਲਕ੍ਰਗ ਨੇ 68ਵੇਂ ਮਿੰਟ ਤੇ ਐਮਰੇ ਕੈਨ ਨੇ ਇੰਜਰੀ ਟਾਈਮ ਵਿਚ ਗੋਲ ਕਰਕੇ ਜਰਮਨੀ ਦੀ ਵੱਡੀ ਜਿੱਤ ਤੈਅ ਕੀਤੀ। ਸਕਾਟਲੈਂਡ ਐਂਟੋਨੀਓ ਰੋਡਿਗਰ ਦੇ 87ਵੇਂ ਮਿੰਟ ਵਿਚ ਕੀਤੇ ਗਏ ਆਤਮਘਾਤੀ ਗੋਲ ਨਾਲ ਖਾਤਾ ਖੋਲ੍ਹ ਸਕਿਆ।
 


author

Tarsem Singh

Content Editor

Related News