ਏਸ਼ੀਆਈ ਪੈਰਾ ਖੇਡਾਂ : ਐਥਲੈਟਿਕਸ ’ਚ ਦਬਦਬਾ ਬਰਕਾਰ, ਚੌਥੇ ਦਿਨ 7 ਗੋਲਡ ਮੈਡਲਾਂ ਸਮੇਤ ਭਾਰਤ ਨੇ ਜਿੱਤੇ ਕੁੱਲ 26 ਤਮਗੇ
Friday, Oct 23, 2026 - 02:24 PM (IST)
ਨਾਗੋਆ, (ਏਜੰਸੀ)- ਬਿਨਾਂ ਬਾਹਾਂ ਵਾਲੀ ਤੀਰਅੰਦਾਜ਼ ਸ਼ੀਤਲ ਦੇਵੀ ਨੇ 2 ਘੰਟੇ ਤੋਂ ਵੀ ਘੱਟ ਸਮੇਂ ’ਚ 2 ਸੋਨ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ, ਜਦੋਂਕਿ ਅੈਥਲੈਟਿਕਸ ਟੀਮ ਨੇ ਇਥੇ ਏਸ਼ੀਆਈ ਪੈਰਾ ਖੇਡਾਂ ’ਚ ਭਾਰਤ ਦੇ ਤਗਮਿਆਂ ਦੀ ਗਿਣਤੀ 88 ਤੱਕ ਪਹੁੰਚਾਉਣ ’ਚ ਸਭ ਤੋਂ ਅਹਿਮ ਯੋਗਦਾਨ ਪਾਇਆ। ਮੌਜੂਦਾ ਵਿਸ਼ਵ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ 19 ਸਾਲਾ ਸ਼ੀਤਲ ਨੇ ਸਭ ਤੋਂ ਪਹਿਲਾਂ ਤੋਮਨ ਕੁਮਾਰ ਨਾਲ ਮਿਲ ਕੇ ਮਿਕਸਡ ਟੀਮ ਈਵੈਂਟ ਦਾ ਸੋਨ ਤਗਮਾ ਬਰਕਰਾਰ ਰੱਖਿਆ। ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੀ ਤੇਓਡੋਰਾ ਆਡੀ ਆਯੂਡੀਆ ਫੇਰੇਲੀ ਅਤੇ ਕੇਨ ਸਵਾਗੁਮਿਲੰਗ ਨੂੰ 151-148 ਨਾਲ ਹਰਾਇਆ।
ਇਸ ਤੋਂ ਬਾਅਦ ਸ਼ੀਤਲ ਨੇ 4 ਅੰਕਾਂ ਨਾਲ ਪੱਛੜਨ ਦੇ ਬਾਵਜੂਦ ਸਿੰਗਾਪੁਰ ਦੀ ਅਲੀਮ ਨੂਰ ਸ਼ਾਹੀਦਾ ਨੂੰ 142-139 ਨਾਲ ਹਰਾ ਕੇ ਵਿਅਕਤੀਗਤ ਈਵੈਂਟ ਦਾ ਸੋਨ ਤਗਮਾ ਜਿੱਤਿਆ। ਇਹ ਮੁਕਾਬਲਾ ਹਾਂਗਝੂ ’ਚ 2023 ਵਿਚ ਹੋਏ ਪਿਛਲੇ ਸੀਜ਼ਨ ਦੇ ਵਿਅਕਤੀਗਤ ਫਾਈਨਲ ਦਾ ਦੋਹਰਾਅ ਸੀ। ਭਾਰਤ ਲਈ ਦਿਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸੁਵਰਨਾ ਰਾਜ ਨੇ ਔਰਤਾਂ ਦੀ ਐੱਫ54 ਡਿਸਕਸ ਥ੍ਰੋ (ਚੱਕਾ ਸੁੱਟਣ) ਈਵੈਂਟ ’ਚ 15.66 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ। ਵੀਲ੍ਹੀਚੇਅਰ ’ਤੇ ਨਿਰਭਰ 44 ਸਾਲਾ ਖਿਡਾਰੀ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਦਿਅਾਂ 4 ਵਾਰ ਚੱਕਾ 15 ਮੀਟਰ ਤੋਂ ਵੱਧ ਦੂਰ ਸੁੱਟਿਆ ਅਤੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।
ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 88 ਹੋ ਗਈ ਹੈ, ਜਿਸ ’ਚ 21 ਸੋਨ, 26 ਚਾਂਦੀ ਅਤੇ 41 ਕਾਂਸੀ ਦੇ ਤਗਮੇ ਸ਼ਾਮਲ ਹਨ। ਪੈਰਾ-ਤੈਰਾਕੀ, ਪੈਰਾ-ਬੈਡਮਿੰਟਨ ਅਤੇ ਪੈਰਾ-ਟੇਬਲ ਟੈਨਿਸ ’ਚ ਵੀ ਭਾਰਤੀ ਖਿਡਾਰੀਆਂ ਨੇ ਤਗਮੇ ਜਿੱਤੇ। ਭਾਰਤ ਦੇ ਤਗਮਿਆਂ ’ਚ ਪੈਰਾ-ਅਥਲੈਟਿਕਸ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ। ਇਸ ਪ੍ਰਤੀਯੋਗਿਤਾ ’ਚ ਭਾਰਤ ਨੇ 18 ਸੋਨ, 16 ਚਾਂਦੀ ਅਤੇ 18 ਕਾਂਸੀ ਸਮੇਤ ਕੁੱਲ 52 ਤਗਮੇ ਜਿੱਤੇ ਹਨ। ਦਿਨ ਦੇ ਮੁੱਖ ਪ੍ਰਦਰਸ਼ਨਾਂ ’ਚ ਸ਼ੈਲੇਸ਼ ਕੁਮਾਰ ਦੀ ਅਗਵਾਈ ਹੇਠ ਪੁਰਸ਼ਾਂ ਦੀ ਉੱਚੀ ਛਾਲ ਟੀ63 ਈਵੈਂਟ ’ਚ ਭਾਰਤੀ ਖਿਡਾਰੀਆਂ ਦਾ ਕਲੀਨ ਸਵੀਪ ਅਤੇ ਔਰਤਾਂ ਅਤੇ ਪੁਰਸ਼ਾਂ ਦੀ 400 ਮੀਟਰ ਟੀ47 ਦੌੜ ’ਚ ਕ੍ਰਮਵਾਰ ਅੰਜਨਾਬੇਨ ਬੁੰਬਾਡੀਆ ਅਤੇ ਦਿਲੀਪ ਮਹਾਦੂ ਗਾਵਿਤ ਦੇ ਸੋਨ ਤਗਮੇ ਸ਼ਾਮਲ ਰਹੇ। ਬੁੰਬਾਡੀਆ ਨੇ ਔਰਤਾਂ ਦੀ 400 ਮੀਟਰ ਟੀ47 ਦੌੜ ’ਚ 59.97 ਸੈਕੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ, ਜਦੋਂਕਿ ਭਾਰਤ ਦੀ ਜਯੰਤੀ ਬੇਹੇੜਾ 1 ਮਿੰਟ 0.65 ਸੈਕੰਡ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਹੀ। ਪੁਰਸ਼ਾਂ ਦੀ ਉੱਚੀ ਛਾਲ ਟੀ63 ਈਵੈਂਟ ’ਚ ਸ਼ੈਲੇਸ਼ ਕੁਮਾਰ ਨੇ 1.89 ਮੀਟਰ ਦੀ ਛਾਲ ਲਾ ਕੇ ਖੇਡਾਂ ਦਾ ਰਿਕਾਰਡ ਬਣਾਇਆ ਅਤੇ ਸੋਨ ਤਗਮਾ ਆਪਣੇ ਨਾਂ ਕੀਤਾ। ਉਸ ਨੇ ਬੁੱਧਵਾਰ ਨੂੰ ਲੰਬੀ ਛਾਲ ’ਚ ਕਾਂਸੀ ਤਗਮਾ ਜਿੱਤਿਆ ਸੀ।
ਸਾਬਕਾ ਪੈਰਾ-ਓਲੰਪਿਕ ਕਾਂਸੀ ਤਗਮਾ ਜੇਤੂ ਵਰੁਣ ਭਾਟੀ ਨੇ ਸੀਜ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਅਾਂ 1.84 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦੋਂਕਿ ਰਾਹੁਲ 1.81 ਮੀਟਰ ਦੀ ਛਾਲ ਲਾ ਕੇ ਤੀਜੇ ਸਥਾਨ ’ਤੇ ਰਹੇ। ਇਸ ਤੋਂ ਬਾਅਦ ਗਾਵਿਤ ਨੇ ਪੁਰਸ਼ਾਂ ਦੀ 400 ਮੀਟਰ ਟੀ47 ਦੌੜ ’ਚ 48.27 ਸੈਕੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ। ਉਸ ਨੇ ਬੁੱਧਵਾਰ ਨੂੰ 100 ਮੀਟਰ ਈਵੈਂਟ ’ਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। ਦਿਨ ਦੀ ਸਮਾਪਤੀ ਲੰਬੀ ਛਾਲ ਦੇ ਖਿਡਾਰੀ ਸੋਲਾਈਰਾਜ ਧਰਮਰਾਜ ਦੇ ਸੋਨ ਤਗਮੇ ਨਾਲ ਹੋਈ। ਉਸ ਨੇ ਟੀ44/ਟੀ62/ਟੀ64 ਦੀ ਸਾਂਝੀ ਈਵੈਂਟ ’ਚ 7.15 ਮੀਟਰ ਦੀ ਛਾਲ ਲਾ ਕੇ ਏਸ਼ੀਆਈ ਰਿਕਾਰਡ ਬਣਾਇਆ ਅਤੇ ਆਪਣਾ ਖਿਤਾਬ ਬਰਕਰਾਰ ਰੱਖਿਆ। ਔਰਤਾਂ ਦੀ 400 ਮੀਟਰ ਟੀ12 ਈਵੈਂਟ ’ਚ ਦ੍ਰਿਸ਼ਟੀਹੀਣ ਤੇਜਲਬੇਨ ਦਾਮੋਰ ਨੇ 57.60 ਸੈਕੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਜਿੱਤਿਆ। ਇਹ ਇਨ੍ਹਾਂ ਖੇਡਾਂ ’ਚ ਉਸ ਦਾ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ ਉਸ ਨੇ 200 ਮੀਟਰ ਟੀ12 ਈਵੈਂਟ ’ਚ ਕਾਂਸੀ ਤਗਮਾ ਹਾਸਲ ਕੀਤਾ ਸੀ।
ਤੀਰਅੰਦਾਜ਼ੀ ’ਚ ਸਵਾਤੀ ਚੌਧਰੀ ਨੇ ਵੀ ਇਤਿਹਾਸ ਰਚਿਆ। ਉਹ ਡਬਲਯੂ. ਵਰਗ ’ਚ ਏਸ਼ੀਆਈ ਪੈਰਾ ਖੇਡਾਂ ’ਚ ਭਾਰਤ ਦਾ ਪਹਿਲਾ ਤਗਮਾ ਜਿੱਤਣ ਵਾਲੀ ਖਿਡਾਰਨ ਬਣੀ। ਹਾਲਾਂਕਿ, ਔਰਤਾਂ ਦੇ ਵਿਅਕਤੀਗਤ ਈਵੈਂਟ ਦੇ ਫਾਈਨਲ ’ਚ ਉਸ ਨੂੰ ਚੀਨ ਦੀ ਸੇਨ ਮੇਂਗਕਾਨ ਵਿਰੁੱਧ 4-6 ਨਾਲ ਹਾਰ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਕਿਸ਼ੋਰ ਪੈਰਾ ਤੈਰਾਕ ਰਵੀ ਬੁਡਿਗਿਨਾ ਨੇ ਪੁਰਸ਼ਾਂ ਦੀ 50 ਮੀਟਰ ਫ੍ਰੀਸਟਾਈਲ ਐੱਸ13 ਈਵੈਂਟ ’ਚ ਕਾਂਸੀ ਤਗਮਾ ਜਿੱਤ ਕੇ ਤਗਮਿਆਂ ਦੀ ਹੈਟ੍ਰਿਕ ਪੂਰੀ ਕੀਤੀ। ਉਸ ਤੋਂ ਇਲਾਵਾ 3 ਹੋਰ ਭਾਰਤੀ ਤੈਰਾਕਾਂ ਨੇ ਵੀ ਤਗਮੇ ਜਿੱਤੇ। ਕਪਿਲ ਕੁਮਾਰ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦੋਂਕਿ ਸਵਾਤਿਕ ਪਾਟਿਲ ਅਤੇ ਤੇਜਸ ਨੰਦਕੁਮਾਰ ਨੇ ਆਪਣੀਆਂ-ਆਪਣੀਆਂ ਈਵੈਂਟਾਂ ’ਚ ਕਾਂਸੀ ਤਗਮੇ ਜਿੱਤੇ। ਇਸ ਦੇ ਨਾਲ ਹੀ ਤੈਰਾਕੀ ’ਚ ਭਾਰਤ ਦੇ ਤਗਮਿਆਂ ਦੀ ਗਿਣਤੀ 10 ਹੋ ਗਈ।
ਭਾਰਤੀ ਦਲ ਨੂੰ ਹਾਲਾਂਕਿ ਹਾਲੇ ਵੀ ਸੋਨ ਤਗਮੇ ਦਾ ਇੰਤਜ਼ਾਰ ਹੈ। ਰਵੀ ਇਸ ਤੋਂ ਪਹਿਲਾਂ ਇਸ ਹਫ਼ਤੇ ਪੁਰਸ਼ਾਂ ਦੀ ਐੱਸ13 100 ਮੀਟਰ ਬੈਕਸਟ੍ਰੋਕ ਅਤੇ ਫ੍ਰੀਸਟਾਈਲ ਈਵੈਂਟਾਂ ’ਚ ਚਾਂਦੀ ਦੇ ਤਗਮੇ ਜਿੱਤ ਚੁੱਕਾ ਹੈ। ਆਂਧਰਾ ਪ੍ਰਦੇਸ਼ ਦੇ 18 ਸਾਲਾ ਦ੍ਰਿਸ਼ਟੀਹੀਣ ਤੈਰਾਕ ਨੇ 50 ਮੀਟਰ ਫ੍ਰੀਸਟਾਈਲ ’ਚ 25.89 ਸੈਕੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ। 26 ਸਾਲਾ ਕਪਿਲ ਨੇ ਪੁਰਸ਼ਾਂ ਦੀ 400 ਮੀਟਰ ਫ੍ਰੀਸਟਾਈਲ ਐੱਸ10 ਈਵੈਂਟ ’ਚ 4 ਮਿੰਟ 38.44 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਜਿੱਤਿਆ। 24 ਸਾਲਾ ਸਵਾਤਿਕ ਨੇ ਪੁਰਸ਼ਾਂ ਦੀ 100 ਮੀਟਰ ਬ੍ਰੈਸਟਸਟ੍ਰੋਕ ਐੱਸ. ਬੀ.9 ਈਵੈਂਟ ’ਚ 1 ਮਿੰਟ 13.77 ਸੈਕੰਡ ਦਾ ਸਮਾਂ ਲੈ ਕੇ ਭਾਰਤ ਨੂੰ ਇਕ ਹੋਰ ਤਗਮਾ ਦਿਵਾਇਆ। ਐੱਸ. ਬੀ.9 ਵਰਗ ਘੱਟੋ-ਘੱਟ ਸਰੀਰਕ ਅਸਮਰੱਥਾ ਵਾਲੇ ਤੈਰਾਕਾਂ ਲਈ ਹੈ, ਜਦੋਂਕਿ ਐੱਸ13 ਵਰਗ ’ਚ ਦ੍ਰਿਸ਼ਟੀਹੀਣ ਖਿਡਾਰੀ ਹਿੱਸਾ ਲੈਂਦੇ ਹਨ, ਜਿਨ੍ਹਾਂ ਦੀ ਦ੍ਰਿਸ਼ਟੀ ਸਬੰਧੀ ਅਸਮਰੱਥਾ ਦੇ ਬਾਵਜੂਦ ਯੋਗ ਦ੍ਰਿਸ਼ਟੀਹੀਣ ਵਰਗਾਂ ’ਚ ਸਭ ਤੋਂ ਘੱਟ ਦ੍ਰਿਸ਼ਟੀ ਹਾਨੀ ਹੁੰਦੀ ਹੈ।
ਦਿਨ ’ਚ ਪੂਲ ਵਿਚ ਉਤਰਨ ਵਾਲੇ ਆਖਰੀ ਭਾਰਤੀ ਤੇਜਸ ਨੇ ਪੁਰਸ਼ਾਂ ਦੀ 100 ਮੀਟਰ ਬੈਕਸਟ੍ਰੋਕ ਐੱਸ7 ਈਵੈਂਟ ’ਚ ਇਕ ਮਿੰਟ 18.58 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ। ਇਸ ਵਰਗ ’ਚ ਅਜਿਹੇ ਖਿਡਾਰੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੂੰ ਸਰੀਰਕ ਅਸਮਰੱਥਾ ਹੁੰਦੀ ਹੈ ਅਤੇ ਜਿਨ੍ਹਾਂ ਦਾ ਬਾਹਾਂ ਤੇ ਧੜ ’ਤੇ ਕੰਟਰੋਲ ਹੁੰਦਾ ਹੈ ਪਰ ਲੱਤਾਂ ਦੀ ਕਾਰਜਕੁਸ਼ਲਤਾ ਸੀਮਤ ਹੁੰਦੀ ਹੈ ਜਾਂ ਅੰਗਾਂ ’ਚ ਕੁਝ ਵਿਸ਼ੇਸ਼ ਕਮੀਆਂ ਹੁੰਦੀਆਂ ਹਨ। ਭਾਰਤ ਨੇ ਪੁਰਸ਼ ਸਿੰਗਲਜ਼ ਐੱਸ. ਐੱਲ3 ਬੈਡਮਿੰਟਨ ਈਵੈਂਟ ’ਚ ਘੱਟੋ-ਘੱਟ ਚਾਂਦੀ ਦਾ ਤਗਮਾ ਪੱਕਾ ਕਰ ਲਿਆ, ਜਦੋਂ ਪ੍ਰਮੋਦ ਭਗਤ ਨੇ ਰੋਮਾਂਚਕ 3 ਗੇਮਾਂ ਦੇ ਸੈਮੀਫਾਈਨਲ ’ਚ ਕੋਰੀਆ ਦੇ ਲੀ ਸਿਊਂਘੂ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਹੁਣ ਖਿਤਾਬੀ ਮੁਕਾਬਲੇ ’ਚ ਉਨ੍ਹਾਂ ਦਾ ਸਾਹਮਣਾ ਹਮਵਤਨ ਨਿਤੇਸ਼ ਕੁਮਾਰ ਨਾਲ ਹੋਵੇਗਾ।
6 ਵਾਰ ਦੇ ਵਿਸ਼ਵ ਚੈਂਪੀਅਨ ਅਤੇ ਟੋਕਿਓ ਪੈਰਾ-ਓਲੰਪਿਕ ਸੋਨ ਤਗਮਾ ਜੇਤੂ 38 ਸਾਲਾ ਭਗਤ ਨੇ 2 ਘੰਟੇ 9 ਮਿੰਟ ਤੱਕ ਚੱਲੇ ਕਰੜੇ ਮੁਕਾਬਲੇ ’ਚ ਲੀ ਨੂੰ 16-21, 21-18, 21-17 ਨਾਲ ਹਰਾਇਆ। ਇਸ ਤੋਂ ਪਹਿਲਾਂ ਪੈਰਿਸ ਪੈਰਾ-ਓਲੰਪਿਕ ਚੈਂਪੀਅਨ ਨਿਤੇਸ਼ ਕੁਮਾਰ ਨੇ ਪੁਰਸ਼ ਸਿੰਗਲਜ਼ ਐੱਸ. ਐੱਲ3 ਅਤੇ ਮਿਕਸਡ ਡਬਲਜ਼ ਐੱਸ. ਐੱਲ3-ਐੱਸ. ਯੂ5 ਦੋਵਾਂ ਈਵੈਂਟਾਂ ਦੇ ਫਾਈਨਲ ’ਚ ਪਹੁੰਚ ਕੇ 2 ਸੋਨ ਤਗਮੇ ਜਿੱਤਣ ਦੀ ਉਮੀਦ ਕਾਇਮ ਰੱਖੀ। ਉੱਥੇ ਹੀ ਨਵੀਨ ਸ਼ਿਵਕੁਮਾਰ ਨੇ ਪੁਰਸ਼ ਸਿੰਗਲਜ਼ ਐੱਸ. ਐੱਲ4 ਦੇ ਫਾਈਨਲ ’ਚ ਜਗ੍ਹਾ ਬਣਾਈ। ਨਿਤੇਸ਼ ਨੇ 52 ਮਿੰਟ ਤੱਕ ਚੱਲੇ ਮੁਕਾਬਲੇ ’ਚ ਇੰਡੋਨੇਸ਼ੀਆ ਦੇ ਐੱਮ ਇਮਰਾਨ ਨੂੰ 21-19, 21-16 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਐੱਸ. ਐੱਲ3 ਦੇ ਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਥੁਲਾਸੀਮਥੀ ਮੁਰੂਗੇਸਨ ਨਾਲ ਮਿਲ ਕੇ 42 ਮਿੰਟ ਦੇ ਰੋਮਾਂਚਕ ਸੈਮੀਫਾਈਨਲ ’ਚ ਚੀਨ ਦੀ ਲੀ ਮਿੰਗਪਿਨ ਅਤੇ ਸ਼ਿਆਓ ਜੂਸ਼ਿਆਨ ਦੀ ਜੋੜੀ ਨੂੰ ਹਰਾਇਆ। ਭਾਰਤੀ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ’ਚ 5 ਕਾਂਸੀ ਤਗਮੇ ਵੀ ਜਿੱਤੇ। ਭਾਰਤ ਦੀ ਭਾਵਿਨਾ ਪਟੇਲ ਅਤੇ ਸ਼ੁਭਮ ਵਾਧਵਾ ਨੇ ਮਿਕਸਡ ਡਬਲਜ਼ ਐਕਸਡੀ7 ਟੇਬਲ ਟੈਨਿਸ ਈਵੈਂਟ ’ਚ ਕਾਂਸੀ ਤਗਮੇ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ।
