Hockey World Cup : ਸਪੇਨ ਨੂੰ 4-3 ਨਾਲ ਹਰਾ ਕੇ ਆਸਟ੍ਰੇਲੀਆ ਪੁੱਜਾ ਸੈਮੀਫਾਈਨਲ 'ਚ
Wednesday, Jan 25, 2023 - 02:48 PM (IST)

ਭੁਵਨੇਸ਼ਵਰ : ਜੇਰੇਮੀ ਹੈਵਾਰਡ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੇ ਸਪੇਨ ਨੂੰ 4-3 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਥਾਂ ਪੱਕੀ ਕੀਤੀ। ਕਲਿੰਗਾ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਮੈਚ ਵਿਚ ਸਪੈਨਿਸ਼ ਟੀਮ ਇਕ ਸਮੇਂ 2-0 ਨਾਲ ਬੜ੍ਹਤ ਬਣਾ ਕੇ ਚੰਗੀ ਸਥਿਤੀ ਵਿਚ ਸੀ ਪਰ ਆਸਟ੍ਰੇਲੀਆ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਮੈਚ ਦਾ ਰੁਖ਼ ਆਪਣੇ ਵੱਲ ਮੋੜ ਦਿੱਤਾ।
ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਦੂਜੇ ਕੁਆਰਟਰ ਵਿਚ ਸਪੇਨ ਹਾਵੀ ਰਿਹਾ। 19ਵੇਂ ਮਿੰਟ ਵਿਚ ਜਿਸਪਰਟ ਨੇ ਸ਼ਾਨਦਾਰ ਫੀਲਡ ਗੋਲ ਨਾਲ ਸਪੇਨ ਲਈ ਪਹਿਲਾ ਗੋਲ ਕੀਤਾ। 23ਵੇਂ ਮਿੰਟ ਵਿਚ ਮਾਰਕ ਰੇਸੇਂਸ ਨੇ ਗੋਲ ਕਰ ਕੇ ਸਪੇਨ ਨੂੰ 2-0 ਨਾਲ ਬੜ੍ਹਤ ਦਿਵਾ ਦਿੱਤੀ। ਸਪੈਨਿਸ਼ ਟੀਮ ਪੂਰੇ ਰੌਂਅ ਵਿਚ ਨਜ਼ਰ ਆ ਰਹੀ ਸੀ। ਦੂਜੇ ਕੁਆਰਟਰ ਦੇ ਪੰਜ ਸਕਿੰਟ ਬਚੇ ਸਨ ਤੇ 29ਵੇਂ ਮਿੰਟ ਵਿਚ ਫਲਿਨ ਓਗਲੀਵੇ ਨੇ ਗੋਲ ਕਰ ਕੇ ਆਸਟ੍ਰੇਲੀਆ ਨੂੰ 2-1 'ਤੇ ਲਿਆ ਖੜ੍ਹਾ ਕੀਤਾ।
ਤੀਜੇ ਕੁਆਰਟਰ ਵਿਚ ਬਰਾਬਰੀ ਨੂੰ ਬੇਤਾਬ ਕੰਗਾਰੂਆਂ ਨੇ ਹਮਲੇ ਤੇਜ਼ ਕੀਤੇ। ਉਨ੍ਹਾਂ ਨੇ ਸੱਤ ਮਿੰਟ ਵਿਚ ਚਾਰ ਗੋਲ ਕਰ ਕੇ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਕਪਤਾਨ ਅਰਾਨ ਜੇਲੇਵਸਕੀ ਨੇ 31ਵੇਂ ਮਿੰਟ ਵਿਚ ਗੋਲ ਕਰ ਕੇ ਮੁਕਾਬਲੇ ਨੂੰ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਡੀ ਬਾਕਸ ਵਿਚ ਸਪੈਨਿਸ਼ ਖਿਡਾਰੀ ਵਿਜਕੈਨੋ ਵੱਲੋਂ ਅੜਿੱਕਾ ਪਹੁੰਚਾਉਣ ਤੋਂ ਬਾਅਦ ਆਸਟ੍ਰੇਲੀਆ ਨੇ ਰੈਫਰਲ ਮੰਗਿਆ। ਰੈਫਰਲ ਤੋਂ ਬਾਅਦ ਉਨ੍ਹਾਂ ਨੂੰ ਪੈਨਲਟੀ ਕਾਰਨਰ ਦਾ ਮੌਕਾ ਮਿਲ ਗਿਆ।
ਹੈਵਾਰਡ ਨੇ ਬਿਨਾਂ ਕਿਸੇ ਗ਼ਲਤੀ ਦੇ ਗੇਂਦ ਨੂੰ ਨੈੱਟ ਵਿਚ ਪਾ ਦਿੱਤਾ। ਹੁਣ ਆਸਟ੍ਰੇਲਿਆਈ ਟੀਮ 3-2 ਨਾਲ ਅੱਗੇ ਸੀ। 36ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ। ਇਸ ਵਾਰ ਵੀ ਜੇਰੇਮੀ ਹੈਵਾਰਡ ਨੇ ਬਿਨਾਂ ਕਿਸੇ ਗ਼ਲਤੀ ਇਸ ਨੂੰ ਗੋਲ ਵਿਚ ਬਦਲ ਕੇ ਮੁਕਾਬਲੇ ਨੂੰ 4-2 'ਤੇ ਲਿਆ ਖੜ੍ਹਾ ਕੀਤਾ। ਇਸ ਵਿਚਾਲੇ ਸਪੇਨ ਨੂੰ ਲਗਾਤਾਰ ਚਾਰ ਪੈਨਲਟੀ ਕਾਰਨਰ ਮਿਲੇ। ਆਖ਼ਰੀ ਪੈਨਲਟੀ ਕਾਰਨਰ ਵਿਚ ਕਪਤਾਨ ਮਾਰਕ ਮਿਰੇਲਜ਼ਨੇ ਗੋਲ ਕਰ ਕੇ ਵਿਰੋਧੀ ਬੜ੍ਹਤ ਦੇ ਫ਼ਰਕ ਨੂੰ 4-3 'ਤੇ ਲਿਆ ਖੜ੍ਹਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।