ਅਫਗਾਨਿਸਤਾਨ ਲਈ ਇਤਿਹਾਸਕ ਉਪਲੱਬਧੀ, ਪਾਕਿਸਤਾਨ ਖ਼ਿਲਾਫ਼ ਜਿੱਤੀ ਸੀਰੀਜ਼

03/27/2023 4:46:35 PM

ਸ਼ਾਰਜਾਹ (ਭਾਸ਼ਾ)- ਅਫਗਾਨਿਸਤਾਨ ਨੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ‘ਨਵੀਂ ਦਿੱਖ’ ਵਾਲੀ ਪਾਕਿਸਤਾਨੀ ਟੀਮ ਨੂੰ ਇੱਕ ਗੇਂਦ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਹ ਪਹਿਲੀ ਵਾਰ ਹੈ ਜਦੋਂ ਅਫਗਾਨਿਸਤਾਨ ਨੇ ਟੌਪ 6 ਰੈਂਕਿੰਗ ਦੀ ਇਕ ਆਈ.ਸੀ.ਸੀ. ਟੀਮ ਖ਼ਿਲਾਫ਼ ਸੀਰੀਜ਼ ਜਿੱਤੀ ਹੋਵੇ। ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਘੱਟ ਤਜ਼ਰਬੇਕਾਰ ਸਿਖਰਲੇ ਕ੍ਰਮ ਨੇ ਫਿਰ ਨਿਰਾਸ਼ ਕੀਤਾ ਪਰ ਉਸ ਦੇ ਲਈ ਇਮਾਦ ਵਸੀਮ ਨੇ 57 ਗੇਂਦਾਂ 'ਤੇ ਅਜੇਤੂ 64 ਦੌੜਾਂ ਦੀ ਪਾਰੀ ਖੇਡੀ ਅਤੇ ਕਪਤਾਨ ਸ਼ਾਦਾਬ ਖਾਨ ਨੇ 32 ਦੌੜਾਂ ਬਣਾ ਕੇ ਟੀਮ ਨੂੰ 6 ਵਿਕਟਾਂ 'ਤੇ 130 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ।

ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਲਈ ਰਹਿਮਾਨੁੱਲਾ ਗੁਰਬਾਜ਼ (44 ਦੌੜਾਂ) ਅਤੇ ਇਬਰਾਹਿਮ ਜ਼ਦਰਾਨ (38 ਦੌੜਾਂ) ਨੇ ਅਹਿਮ ਯੋਗਦਾਨ ਪਾਇਆ। ਨਜੀਬੁੱਲਾ ਜ਼ਦਰਾਨ ਨੇ ਨਾਬਾਦ 23 ਅਤੇ ਮੁਹੰਮਦ ਨਬੀ ਨੇ ਨਾਬਾਦ 14 ਦੌੜਾਂ ਬਣਾ ਕੇ ਇਕ ਗੇਂਦ ਬਾਕੀ ਰਹਿੰਦਿਆਂ 3 ਵਿਕਟਾਂ 'ਤੇ 133 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਅਫਗਾਨਿਸਤਾਨ ਨੂੰ ਆਖਰੀ ਦੋ ਓਵਰਾਂ ਵਿੱਚ 22 ਦੌੜਾਂ ਦੀ ਲੋੜ ਸੀ। 19ਵੇਂ ਓਵਰ 'ਚ ਨਜੀਬੁੱਲਾ ਅਤੇ ਨਬੀ ਨੇ ਨਸੀਮ ਸ਼ਾਹ 'ਤੇ ਇਕ-ਇਕ ਛੱਕਾ ਲਗਾਇਆ, ਜਿਸ ਨਾਲ 17 ਦੌੜਾਂ ਬਣੀਆਂ ਅਤੇ ਪਾਕਿਸਤਾਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਅਫਗਾਨਿਸਤਾਨ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ 'ਤੇ 6 ਵਿਕਟਾਂ ਨਾਲ ਯਾਦਗਾਰ ਜਿੱਤ ਦਰਜ ਕੀਤੀ ਸੀ। ਤੀਜਾ ਟੀ-20 ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ।


cherry

Content Editor

Related News