13 ਸਾਲ ਪਹਿਲਾਂ ਗਿਬਸ ਨੇ ਸ਼ਰਾਬ ਦੇ ਨਸ਼ੇ ''ਚ ਕੀਤਾ ਸੀ ਕਮਾਲ, ਦੇਖਣ ਵਾਲਿਆਂ ਦੇ ਉੱਡੇ ਸੀ ਹੋਸ਼

Tuesday, Mar 12, 2019 - 02:53 PM (IST)

13 ਸਾਲ ਪਹਿਲਾਂ ਗਿਬਸ ਨੇ ਸ਼ਰਾਬ ਦੇ ਨਸ਼ੇ ''ਚ ਕੀਤਾ ਸੀ ਕਮਾਲ, ਦੇਖਣ ਵਾਲਿਆਂ ਦੇ ਉੱਡੇ ਸੀ ਹੋਸ਼

ਨਵੀਂ ਦਿੱਲੀ : 12 ਮਾਰਚ 2006, ਇਹ ਉਹ ਤਾਰੀਖ ਹੈ ਜਿਸ ਨੂੰ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਨਹੀਂ ਭੁੱਲ ਸਕਦੇ। ਆਹਮੋ-ਸਾਹਮਣੇ ਸੀ 2 ਧਾਕੜ ਟੀਮਾਂ। ਮੇਜ਼ਬਾਨ ਦੱਖਣੀ ਅਫਰੀਕਾ ਅਤੇ ਆਸਟਰੇਲੀਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 434 ਦੌੜਾਂ ਦਾ ਰਿਕਾਰਡ ਸਕੋਰ ਬਣਾ ਦਿੱਤਾ। ਸਾਰੇ ਰਿਕਾਰਡ ਤਹਿਸ-ਨਹਿਸ ਕਰ ਦਿੱਤੇ ਪਰ ਅਜੇ ਇਸ ਮੈਚ ਵਿਚ ਬਹੁਤ ਕੁੱਝ ਬਾਕੀ ਸੀ। ਇਸ ਤੋਂ ਕੁੱਝ ਹੀ ਘੰਟਿਆਂ ਬਾਅਦ ਦੱਖਣੀ ਅਫਰੀਕਾ ਨੇ ਜੋ ਕੀਤਾ ਉਹ ਇਤਿਹਾਸ ਦੇ ਸੁਨਿਹਰੇ ਅੱਖਰਾਂ 'ਚ ਲਿਖਿਆ ਗਿਆ ਅਤੇ ਇਸ ਜਿੱਤ ਦੇ ਹੀਰੋ ਹਰਸ਼ਲ ਗਿਬਸ ਸਨ। ਦਿਲਚਸਪ ਗੱਲ ਇਹ ਹੈ ਕਿ ਇਸ ਦੱਖਣੀ ਅਫਰੀਕੀ ਖਿਡਾਰੀ ਨੇ ਇਹ ਕਮਾਲ ਸਰਾਬ ਦੇ ਨਸ਼ੇ ਵਿਚ ਕੀਤਾ ਸੀ। ਅੱਜ ਤੋਂ ਠੀਕ 13 ਸਾਲ ਪਹਿਲਾਂ 12 ਮਾਰਚ ਅਤੇ ਦਿਨ ਐਤਵਾਰ ਸੀ। ਜੋਹਾਂਸਬਰਗ ਦੇ ਵਾਨਡਰਸ ਸਟੇਡੀਅਮ ਵਿਚ ਮੈਚ ਖੇਡਿਆ ਜਾਣਾ ਸੀ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਹਰ ਕੰਗਾਰੂ ਬੱਲੇਬਾਜ਼ਾਂ ਨੇ ਮੈਦਾਨ 'ਤੇ ਅਜਿਹਾ ਕਹਿਰ ਢਾਇਆ ਕਿ ਰਿਕਾਰਡ ਹੀ ਬਣਾ ਦਿੱਤਾ। ਵਨ ਡੇ ਇਤਿਹਾਸ ਵਿਚ ਪਹਿਲੀ ਵਾਰ 400 ਦਾ ਅੰਕੜਾ ਪਾਰ ਕੀਤਾ ਗਿਆ ਸੀ।

PunjabKesari

ਰਿਕੀ ਪੌਂਟਿੰਗ ਨੇ ਜ਼ਬਰਦਸਤ 105 ਗੇਂਦਾਂ ਵਿਚ 164 ਦੌੜਾਂ ਬਣਾਈਆਂ, ਜਿਸ ਵਿਚ 13 ਚੌਕੇ ਅਤੇ 9 ਛੱਕੇ ਸ਼ਾਮਲ ਸੀ। ਗਿਲਕ੍ਰਿਸਟ, ਕੈਟਿਸ ਅਤੇ ਹਸੀ ਨੇ ਮੈਦਾਨ ਦੇ ਹਰ ਪਾਸੇ ਸ਼ਾਟਸ ਲਾਏ। 50 ਓਵਰ ਖਤਮ ਹੋਣ ਤੋਂ ਬਾਅਦ ਆਸਟਰੇਲੀਆ ਦਾ ਸਕੋਰ 434/4 ਸੀ। ਮਤਲਬ ਦੱਖਣੀ ਅਫਰੀਕਾ ਨੂੰ ਜਿੱਤ ਲਈ 435 ਦਾ ਪਹਾੜ ਵਰਗਾ ਟੀਚਾ ਮਿਲਿਆ ਸੀ ਪਰ ਅਫਰੀਕੀ ਟੀਮ ਦੇ ਇਰਾਦੇ ਕੁਝ ਹੋਰ ਹੀ ਸੀ। ਦੂਜੇ ਓਵਰ ਵਿਚ ਪਹਿਲਾ ਵਿਕਟ ਗੁਆਉਣ ਤੋਂ ਬਾਅਦ ਤਾਂ ਅਫਰੀਕੀ ਟੀਮ ਨੇ ਉਹ ਰੰਗ ਬਦਲਿਆ ਕਿ ਦੇਖਣ ਵਾਲਿਆਂ ਦੇ ਹੋਸ਼ ਹੀ ਉੱਡ ਗਏ।

PunjabKesari

ਕਪਤਾਨ ਸਟੀਵ ਸਮਿਥ ਅਤੇ ਹਰਸ਼ਲ ਗਿਬਸ ਨੇ ਸਕੋਰ ਦੀ ਹਨੇਰੀ ਲਿਆ ਦਿੱਤੀ। 55 ਗੇਂਦਾਂ 'ਤੇ 90 ਦੌੜਾਂ ਬਣਾ ਕੇ ਸਮਿਥ ਆਊਟ ਹੋਏ ਪਰ ਗਿਬਸ ਦਾ ਕਹਿਰ ਜਾਰੀ ਰਿਹਾ। ਸ਼ਰਾਬ ਨੇ ਨਸ਼ੇ ਵਿਚ ਇਸ ਖਿਡਾਰੀ ਨੇ 111 ਗੇਂਦਾਂ ਵਿਚ 175 ਦੌੜਾਂ (7 ਛੱਕੇ ਅਤੇ 21 ਚੌਕੇ) ਬਣਾ ਦਿੱਤੇ। ਜਦੋਂ ਚੌਥੇ ਵਿਕਟ ਦੇ ਰੂਪ 'ਚ ਗਿਬਸ ਆਊਟ ਹੋਏ, ਦੱਖਣੀ ਅਫਰੀਕਾ ਅਜੇ ਟੀਚੇ ਤੋਂ 136 ਦੌੜਾਂ ਦੂਰ ਸੀ। ਇਸ ਤੋਂ ਬਾਅਦ ਫਸਦੇ ਮੈਚ ਨੂੰ ਜੋਹਾਨ ਵਾਨ-ਡਰ-ਵਾਰਥ ਅਤੇ ਵਿਕਟਕੀਪਰ ਬੱਲੇਬਾਜ਼ ਮਾਰਕ ਬਾਊਚਰ ਦੀ ਅਰਧ ਸੈਂਕੜੇ ਦੀ ਪਾਰੀ ਨੇ ਜਿੱਤ ਤੱਕ ਪਹੁੰਚਾਇਆ। ਦੱਖਣੀ ਅਫਰੀਕਾ ਨੇ ਇਕ ਗੇਂਦ ਬਾਕੀ ਰਹਿੰਦਿਆਂ 438/9 ਦੌੜਾਂ ਬਣਾ ਦਿੱਤੀਆਂ ਅਤੇ ਆਸਟਰੇਲੀਆ ਇਹ ਮੁਕਾਬਲਾ ਇਕ ਵਿਕਟ ਨਾਲ ਗੁਆ ਬੈਠਾ। ਇਸ ਮੈਚ ਵਿਚ ਦੋਵੇਂ ਪਾਸਿਓ ਕੁੱਲ 87 ਚੌਕੇ ਅਤੇ 26 ਛੱਕੇ ਲੱਗੇ ਸੀ। ਦੱਖਣੀ ਅਫਰੀਕਾ ਨੇ ਸੀਰੀਜ਼ 3-2 ਨਾਲ ਜਿੱਤ ਲਈ। ਸਭ ਤੋਂ ਵੱਧ ਕੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਕ ਲੁਈਸ ਦੇ 10 ਓਵਰਾਂ ਵਿਚ ਦੱਖਣੀ ਅਫਰੀਕਾ ਨੇ 113 ਦੌੜਾਂ ਲੁੱਟੀਆਂ, ਜੋ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਇਕ ਪਾਰੀ ਵਿਚ ਕਿਸੇ ਗੇਂਦਬਾਜ਼ ਦਾ ਸਭ ਤੋਂ ਮਹਿੰਗਾ ਓਵਰ ਹੈ। ਫਿਲਹਾਲ ਪਾਕਿਸਤਾਨ ਦੇ ਵਹਾਬ ਰਿਆਜ ਇਸ ਸ਼ਰਮਨਾਕ ਰਿਕਾਰਡ ਵਿਚ ਦੂਜਾ ਸਥਾਨ ਰੱਖਦੇ ਹਨ। ਵਹਾਬ ਨੇ ਇੰਗਲੈਂਡ ਖਿਲਾਫ 2016 ਵਿਚ 110 ਦੌੜਾਂ ਲੁਟਾਈਆਂ ਸੀ।

PunjabKesari

ਖੁੱਦ ਗਿਬਸ ਖੁਲਾਸਾ ਕਰ ਚੁੱਕੇ ਹਨ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਸੀ। ਗਿਬਸ ਨੇ ਆਟੋਬਾਇਓਗ੍ਰਾਫੀ 'ਟੂ ਦੱ ਪੁਆਈਂਟ : ਦੱ ਨੋ ਹੋਲਡਸ ਬਾਰਡ' ਵਿਚ ਦੱਸਿਆ ਹੈ ਕਿ ਉਸ ਮੈਚ ਤੋਂ ਇਕ ਰਾਤ ਪਹਿਲਾਂ ਉਸ ਨੇ ਕਾਫੀ ਸ਼ਰਾਬ ਪੀਤੀ ਸੀ ਅਤੇ ਮੈਚ ਵਾਲੇ ਦਿਨ ਉਹ ਹੈਂਗਓਵਰ ਵਿਚ ਸੀ। ਸਾਬਕਾ ਆਸਟਰੇਲੀਆਈ ਕ੍ਰਿਕਟਰ ਮਾਈਕ ਹਸੀ ਨੇ ਵੀ ਆਪਣੀ ਕਿਤਾਬ ਵਿਚ ਇਸ ਬਾਰੇ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ, ''ਸੌਣ ਤੋਂ ਪਹਿਲਾਂ ਮੈਂ ਆਪਣੇ ਹੋਟਲ ਦੇ ਕਮਰੇ ਤੋਂ ਬਾਹਰ ਦੇਖਿਆ ਕਿ ਗਿਬਸ ਅਜੇ ਵੀ ਉੱਥੇ ਹਨ। ਗਿਬਸ ਜਦੋਂ ਸਵੇਰੇ ਨਾਸ਼ਤਾ ਕਰਨ ਆਏ ਤਾਂ ਤਦ ਵੀ ਉਹ ਨਸ਼ੇ ਵਿਚ ਦਿਸ ਰਹੇ ਸੀ।''


Related News