ਹੈਨਰਿਕ ਕਲਾਸੇਨ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ, ਕਿਹਾ- ਇਹ ਸੋਚਦਿਆਂ ਕਈ ਰਾਤਾਂ ਜਾਗਦਾ ਰਿਹਾ
Monday, Jan 08, 2024 - 04:44 PM (IST)
ਕੇਪਟਾਊਨ : ਦੱਖਣੀ ਅਫ਼ਰੀਕਾ ਦੇ ਵਿਕਟਕੀਪਰ ਬੱਲੇਬਾਜ਼ ਹੇਨਰਿਕ ਕਲਾਸੇਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਹਾਲਾਂਕਿ, ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਉਪਲਬਧ ਹੋਵੇਗਾ। ਕਲਾਸੇਨ ਨੇ ਇਕ ਬਿਆਨ 'ਚ ਕਿਹਾ, 'ਮੈਂ ਕਈ ਰਾਤਾਂ ਇਹ ਸੋਚਦਿਆਂ ਬਿਤਾਈਆਂ ਕਿ ਕੀ ਮੈਂ ਸਹੀ ਫੈਸਲਾ ਲੈ ਰਿਹਾ ਹਾਂ ਅਤੇ ਮੈਂ ਰੈੱਡ-ਬਾਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਹ ਇੱਕ ਮੁਸ਼ਕਲ ਫੈਸਲਾ ਸੀ ਕਿਉਂਕਿ ਇਹ ਮੇਰਾ ਪਸੰਦੀਦਾ ਫਾਰਮੈਟ ਸੀ। ਇਹ ਬਹੁਤ ਵਧੀਆ ਯਾਤਰਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਮੇਰੀ ਬੈਗੀ ਟੈਸਟ ਕੈਪ ਮੇਰੀ ਹੁਣ ਤੱਕ ਦੀ ਸਭ ਤੋਂ ਕੀਮਤੀ ਕ੍ਰਿਕਟ ਕੈਪ ਹੈ।
ਕਲਾਸੇਨ ਨੇ 2019 ਅਤੇ 2023 ਦੇ ਵਿਚਕਾਰ ਆਪਣੇ ਕਰੀਅਰ ਵਿੱਚ ਚਾਰ ਟੈਸਟ ਮੈਚ ਖੇਡੇ। ਉਸਨੇ ਆਪਣਾ ਆਖਰੀ ਟੈਸਟ ਮੈਚ ਪਿਛਲੇ ਸਾਲ ਦੀਆਂ ਗਰਮੀਆਂ ਵਿੱਚ ਵੈਸਟਇੰਡੀਜ਼ ਵਿਰੁੱਧ ਖੇਡਿਆ। ਉਸਨੇ ਚਾਰ ਟੈਸਟਾਂ ਦੀਆਂ ਅੱਠ ਪਾਰੀਆਂ ਵਿੱਚ ਸਿਰਫ਼ 13 ਦੀ ਔਸਤ ਨਾਲ 104 ਦੌੜਾਂ ਬਣਾਈਆਂ, ਜਿਸ ਵਿੱਚ ਸਭ ਤੋਂ ਵੱਧ ਸਕੋਰ 35 ਦੌੜਾਂ ਸੀ। ਮੰਨਿਆ ਜਾ ਰਿਹਾ ਸੀ ਕਿ ਕਲਾਸੇਨ ਨੂੰ ਇਸ ਸਾਲ ਦੇ ਅੰਤ ਵਿੱਚ ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਵਿੱਚ ਜਗ੍ਹਾ ਮਿਲ ਸਕਦੀ ਹੈ। ਕਲਾਸੇਨ ਵਰਤਮਾਨ ਵਿੱਚ ਆਈ. ਪੀ. ਐਲ., ਹੰਡ੍ਰੇਡ ਅਤੇ ਐਮ. ਐਲ. ਸੀ. ਫਰੈਂਚਾਇਜ਼ੀ ਲੀਗਾਂ ਦਾ ਇੱਕ ਹਿੱਸਾ ਹੈ। ਇਸ ਤੋਂ ਇਲਾਵਾ ਉਹ ਘਰੇਲੂ SA 20 ਦਾ ਵੀ ਹਿੱਸਾ ਬਣੇਗਾ।