ਗੁੱਜਰ ਨੂੰ ਸੋਨ, ਭਾਰਤ ਨੂੰ 3 ਓਲੰਪਿਕ ਕੋਟਾ ਸਥਾਨ
Monday, Nov 11, 2019 - 11:53 PM (IST)

ਦੁਬਈ— ਚੋਟੀ ਦੇ ਜੈਵਲਿਨ ਥ੍ਰੋਅਰ ਸੁੰਦਰ ਸਿੰਘ ਗੁੱਜਰ ਨੇ ਮੋਢੇ ਦੀ ਸੱਟ ਤੋਂ ਉਭਰਦੇ ਹੋਏ ਸੈਸ਼ਨ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਦੌਲਤ ਭਾਰਤ ਲਈ ਇੱਥੇ ਚੱਲ ਰਹੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦਾ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ, ਇਸ ਦੇ ਨਾਲ ਹੀ ਭਾਰਤ ਨੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਪੈਰਾਲੰਪਿਕ ਖੇਡਾਂ ਲਈ ਵੀ ਤਿੰਨ ਕੋਟਾ ਸਥਾਨ ਹਾਸਲ ਕਰ ਲਏ ਹਨ। ਗੁੱਜਰ ਨੇ ਇਸ ਦੇ ਨਾਲ ਹੀ ਲੰਡਨ ਵਿਸ਼ਵ 2017 ਵਿਚ ਆਪਣੇ ਖਿਤਾਬ ਦਾ ਵੀ ਬਚਾਅ ਕਰ ਲਿਆ ਤੇ ਭਾਰਤ ਦਾ ਸਿਰਫ ਦੂਜਾ ਪੈਰਾ ਐਥਲੀਟ ਬਣ ਗਿਆ ਹੈ, ਜਿਸ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਲਗਾਤਾਰ ਦੋ ਤਮਗੇ ਜਿੱਤੇ ਹਨ। ਗੁੱਜਰ ਨੇ ਸਾਲ 2013 ਲਿਓਨ ਵਿਚ ਸੋਨ ਤੇ 2015 ਦੋਹਾ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਿਆ ਸੀ।
ਭਾਰਤ ਲਈ ਇਹ ਦੋਹਰਾ ਖੁਸ਼ੀ ਦਾ ਮੌਕਾ ਸੀ, ਜਿਸ ਵਿਚ ਅਜੀਤ ਸਿੰਘ ਨੇ ਇਸ ਪ੍ਰਤੀਯੋਗਿਤਾ ਵਿਚ 59.46 ਮੀਟਰ ਦੇ ਨਾਲ ਤੀਜੇ ਨੰਬਰ 'ਤੇ ਰਹਿ ਕੇ ਕਾਂਸੀ ਤਮਗਾ ਜਿੱਤਿਆ। ਹਮਵਤਨ ਰਿੰਕੂ ਨੇ 57.59 ਮੀਟਰ ਦੀ ਦੂਰੀ ਤਕ ਜੈਵਲਿਨ ਥ੍ਰੋਅ ਕੀਤੀ ਤੇ ਚੌਥੇ ਨੰਬਰ 'ਤੇ ਰਿਹਾ। ਇਸ ਦੇ ਨਾਲ ਭਾਰਤ ਨੇ ਟੋਕੀਓ ਪੈਰਾਲੰਪਿਕ 2020 ਖੇਡਾਂ ਲਈ ਵੀ ਤਿੰਨ ਕੋਟਾ ਸਥਾਨ ਆਪਣੇ ਨਾਂ ਕਰ ਲਿਆ। ਭਾਰਤ ਦੇ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹੁਣ ਤਕ 2 ਸੋਨ, 1 ਚਾਂਦੀ ਤੇ 1 ਕਾਂਸੀ ਤਮਗੇ ਹੋ ਗਏ ਹਨ।