ਅਗਲੇ 3 ਦਿਨਾਂ ਲਈ IMD ਦਾ ਅਲਰਟ! ਪੰਜਾਬ ਸਣੇ ਉੱਤਰੀ ਭਾਰਤ ''ਚ 11 ਜਨਵਰੀ ਤੱਕ ਸੰਘਣੀ ਧੁੰਦ ਦਾ ਕਹਿਰ
Monday, Jan 05, 2026 - 06:23 PM (IST)
ਨਵੀਂ ਦਿੱਲੀ: ਮੌਸਮ ਵਿਭਾਗ (IMD) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਮੌਸਮੀ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਅਨੁਸਾਰ 5 ਅਤੇ 6 ਜਨਵਰੀ ਨੂੰ ਖਾਸ ਕਰਕੇ ਹਿਮਾਲੀਅਨ ਖੇਤਰ ਅਤੇ ਉੱਤਰੀ ਰਾਜਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਬਰਫ਼ਬਾਰੀ ਵੀ ਹੋ ਸਕਦੀ ਹੈ।
ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਅਤੇ ਮੀਂਹ
ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਵਿੱਚ 4 ਤੋਂ 6 ਜਨਵਰੀ ਤੱਕ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਵਿੱਚ 5 ਅਤੇ 6 ਜਨਵਰੀ ਨੂੰ ਅਤੇ ਉੱਤਰਾਖੰਡ ਵਿੱਚ 6 ਜਨਵਰੀ ਨੂੰ ਮੀਂਹ ਤੇ ਬਰਫ਼ਬਾਰੀ ਦੇ ਨਾਲ-ਨਾਲ ਪਾਲਾ ਪੈਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
ਪੰਜਾਬ ਸਮੇਤ ਮੈਦਾਨੀ ਇਲਾਕਿਆਂ 'ਚ ਧੁੰਦ ਦਾ ਕਹਿਰ
ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਡ ਅਤੇ ਧੁੰਦ ਤੋਂ ਅਜੇ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ 11 ਜਨਵਰੀ ਤੱਕ ਰਾਤ ਅਤੇ ਸਵੇਰ ਦੇ ਸਮੇਂ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ। ਹਿਮਾਚਲ ਅਤੇ ਉੱਤਰਾਖੰਡ ਦੇ ਕੁਝ ਇਲਾਕਿਆਂ ਵਿੱਚ ਵੀ 9 ਜਨਵਰੀ ਤੱਕ ਧੁੰਦ ਦਾ ਅਸਰ ਰਹੇਗਾ।
ਰਾਜਸਥਾਨ 'ਚ ਕੜਾਕੇ ਦੀ ਠੰਡ
ਰਾਜਸਥਾਨ ਵਿੱਚ ਮੌਸਮ ਖੁਸ਼ਕ ਹੈ ਪਰ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਰਾਜ ਦੇ ਕਈ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਕਾਫੀ ਹੇਠਾਂ ਚਲਾ ਗਿਆ ਹੈ, ਜਿਸ ਵਿੱਚ ਫਤਿਹਪੁਰ 'ਚ 1.1 ਡਿਗਰੀ, ਸੀਕਰ 'ਚ 2.5 ਡਿਗਰੀ, ਅਤੇ ਲੂਣਕਰਨਸਰ 'ਚ 2.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।
ਯਾਤਰੀਆਂ ਲਈ ਸਲਾਹ
ਮੌਸਮ ਮਾਹਿਰਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਂਹ, ਬਰਫ਼ਬਾਰੀ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਸਾਵਧਾਨੀ ਵਰਤਣ। ਖਾਸ ਕਰਕੇ ਉੱਚਾਈ ਵਾਲੇ ਖੇਤਰਾਂ ਅਤੇ ਧੁੰਦ ਵਾਲੇ ਇਲਾਕਿਆਂ ਵਿੱਚ ਯਾਤਰਾ ਦੀਆਂ ਯੋਜਨਾਵਾਂ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
