ਭਾਰਤ ਵਿਰੁੱਧ ਟੈਸਟ ਮੈਚਾਂ ਦੀ ਤਿਆਰੀ ਲਈ ਪਾਕਿਸਤਾਨ ਵਿਰੁੱਧ ਲੜੀ ’ਚੋਂ ਬਾਹਰ ਹੋ ਸਕਦੈ ਗ੍ਰੀਨ
Tuesday, Mar 05, 2024 - 10:28 AM (IST)
ਵੈਲਿੰਗਟਨ– ਆਸਟ੍ਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ ਕਿ ਸਟਾਰ ਆਲਰਾਊਂਡਰ ਕੈਮਰਨ ਗ੍ਰੀਨ ਭਾਰਤ ਵਿਰੁੱਧ ਦਸੰਬਰ ਵਿਚ ਹੋਣ ਵਾਲੀ ਘਰੇਲੂ ਟੈਸਟ ਲੜੀ ਦੀਆਂ ਤਿਆਰੀਆਂ ਲਈ ਪਾਕਿਸਤਾਨ ਵਿਰੁੱਧ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਵਿਚੋਂ ਬਾਹਰ ਰਹਿ ਸਕਦਾ ਹੈ। ਪਾਕਿਸਤਾਨ ਵਿਰੁੱਧ ਖੇਡਣ ਦੀ ਬਜਾਏ ਗ੍ਰੀਨ ਆਸਟ੍ਰੇਲੀਆ ਦੀ ਘਰੇਲੂ ਪਹਿਲੀ ਸ਼੍ਰੇਣੀ ਪ੍ਰਤੀਯੋਗਿਤਾ ਸ਼ੈਫੀਲਡ ਸ਼ੀਲਡ ਵਿਚ ਖੇਡ ਸਕਦਾ ਹੈ। ਨਿਊਜ਼ੀਲੈਂਡ ਵਿਰੁੱਧ ਮੌਜੂਦਾ ਟੈਸਟ ਲੜੀ ਤੋਂ ਪਹਿਲਾਂ ਵੀ ਇਹ ਰਣਨੀਤੀ ਅਪਣਾਈ ਗਈ ਸੀ ਤੇ ਗ੍ਰੀਨ ਨੇ ਪਹਿਲੇ ਟੈਸਟ ਮੈਚ ਵਿਚ 174 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਇਸ ਨੂੰ ਸਹੀ ਸਾਬਤ ਕੀਤਾ ਸੀ। ਆਸਟ੍ਰੇਲੀਆ ਨੇ ਇਸ ਮੈਚ ਵਿਚ ਵੱਡੀ ਜਿੱਤ ਦਰਜ ਕੀਤੀ ਸੀ। ਗ੍ਰੀਨ ਨੂੰ ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਵਿਰੁੱਧ ਟੀ-20 ਲੜੀਆਂ ਲਈ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦੀ ਬਜਾਏ ਉਸ ਨੇ ਪੱਛਮੀ ਆਸਟ੍ਰੇਲੀਆ ਵੱਲੋਂ ਤਸਮਾਨੀਆ ਵਿਰੁੱਧ ਸ਼ੈਫੀਲਡ ਸ਼ੀਲਡ ਦਾ ਮੈਚ ਖੇਡਿਆ ਸੀ, ਜਿਸ ਵਿਚ ਉਸ ਨੇ ਅਜੇਤੂ 103 ਦੌੜਾਂ ਬਣਾ ਕੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਲਈ ਚੰਗੀ ਤਿਆਰੀ ਕੀਤੀ ਸੀ।