ਗ੍ਰੇਟ ਖਲੀ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਤੋਂ ਬਾਅਦ ਮੰਗਿਆ ਇਨਸਾਫ਼
Friday, Jul 15, 2022 - 02:37 AM (IST)
ਸਪੋਰਟਸ ਡੈਸਕ : WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ਦੀ ਬੀਤੇ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਦੀ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਹੋ ਰਹੀ ਹੈ। ਦੋਸ਼ ਹੈ ਕਿ ਖਲੀ ਨੇ ਟੋਲ ਪਲਾਜ਼ਾ ਮੁਲਾਜ਼ਮ ਨੂੰ ਆਈ.ਡੀ. ਕਾਰਡ ਮੰਗਣ 'ਤੇ ਥੱਪੜ ਮਾਰਿਆ ਸੀ।
ਇਸ 'ਤੇ ਹੁਣ ਖਲੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਮੈਂ ਅੰਤਰਰਾਸ਼ਟਰੀ ਪਹਿਲਵਾਨ ਹਾਂ, WWE ਵਰਗੇ ਅਨੇਕ ਅੰਤਰਰਾਸ਼ਟਰੀ ਮੰਚਾਂ 'ਤੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰ ਚੁੱਕਾ ਹਾਂ। ਜਦੋਂ ਮੈਂ 12 ਜੁਲਾਈ ਨੂੰ ਜਲੰਧਰ ਤੋਂ ਕਰਨਾਲ ਜਾ ਰਿਹਾ ਸੀ ਤਾਂ ਰਾਹ 'ਚ ਫਿਲੌਰ ਦਾ ਕਰਮਚਾਰੀ ਮੈਨੂੰ ਦੇਖ ਕੇ ਸੈਲਫੀ ਲੈਣ ਲਈ ਮੇਰੀ ਕਾਰ 'ਚ ਵੜਨ ਦੀ ਕੋਸ਼ਿਸ਼ ਕਰਨ ਲੱਗਾ। ਮੇਰੇ ਮਨ੍ਹਾ ਕਰਨ 'ਤੇ ਉਹ ਮੇਰੇ ਨਾਲ ਬਦਤਮੀਜ਼ੀ ਨਾਲ ਬੋਲਣ ਲੱਗ ਪਿਆ ਤੇ ਉਸ ਨੇ ਆਪਣੇ ਸਹਿਕਰਮੀਆਂ ਨੂੰ ਬੁਲਾ ਕੇ ਮੇਰੀ ਗੱਡੀ ਸੜਕ ਵਿਚਕਾਰ ਰੁਕਵਾ ਲਈ, ਮੈਨੂੰ ਗਾਲ੍ਹਾਂ ਕੱਢੀਆਂ ਤੇ ਲੱਤਾਂ ਤੋੜਨ ਦੀਆਂ ਧਮਕੀਆਂ ਦਿੱਤੀਆਂ।"
ਖਲੀ ਨੇ ਕਿਹਾ ਕਿ ਮੇਰੇ ਹੀ ਦੇਸ਼ ਵਿੱਚ ਦਿਨ-ਦਿਹਾੜੇ ਮੇਰੇ ਨਾਲ ਅਜਿਹੀ ਘਟਨਾ ਹੋਣ ਬਾਰੇ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਦੋਸ਼ੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਹੋਵੇ।
ਖ਼ਬਰ ਇਹ ਵੀ : ਮਸ਼ਹੂਰ ਪੰਜਾਬੀ ਗਾਇਕ ਗ੍ਰਿਫ਼ਤਾਰ ਤਾਂ ਉਥੇ ਮੂਸੇਵਾਲਾ ਕਤਲ ਕਾਂਡ 'ਚ ਸ਼ਾਰਪ ਸ਼ੂਟਰ ਦਾ ਮਿਲਿਆ ਰਿਮਾਂਡ, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।