ਸਚਿਨ ਤੇਂਦੁਲਕਰ ਬਨਾਮ ਵਿਰਾਟ ਕੋਹਲੀ? ਜਾਣੋ ODI ਕ੍ਰਿਕਟ ’ਚ ਗੰਭੀਰ ਨੇ ਕਿਸ ਖਿਡਾਰੀ ਨੂੰ ਚੁਣਿਆ

5/21/2020 4:11:02 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਲੰਬੇ ਕਰੀਅਰ ਅਤੇ ਖੇਡ ਦੇ ਨਿਯਮਾਂ ’ਚ ਬਦਲਾਅ ਦਾ ਹਵਾਲਾ ਦਿੰਦੇ ਹੋਏ ਵਨ-ਡੇ ਫਾਰਮੈਟ ’ਚ ਮੌਜੂਦਾ ਕਪਤਾਨ ਵਿਰਾਟ ਕੋਹਲੀ ਤੋਂ ਵੱਧ ਸਚਿਨ ਤੇਂਦੁਲਕਰ ਨੂੰ ਤਰਜੀਹ ਦਿੱਤੀ ਹੈ।

ਉਨ੍ਹਾਂ ਨੇ 2013 ’ਚ ਵਨ ਡੇ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਤੇਂਦੁਲਕਰ ਕੋਲ ਬੱਲੇਬਾਜ਼ੀ ਦੇ ਸਾਰੇ ਵੱਡੇ ਰਿਕਾਰਡ ਹਨ, ਉਹ ਇਕਲੌਤੇ ਬੱਲੇਬਾਜ਼ ਹਨ ਜਿਨ੍ਹਾਂ ਦੇ ਖਾਤੇ ’ਚ 100 ਅੰਤਰਰਾਸ਼ਟਰੀ ਸੈਂਕੜੇ ਹਨ। ਤੇਂਦੁਲਕਰ ਨੇ 463 ਵਨ-ਡੇ ਖੇਡ ਕੇ 49 ਸੈਂਕੜੇ ਸਣੇ 18426 ਦੌੜਾਂ ਬਣਾਈਆਂ। ਉਥੇ ਹੀ ਦੂਜੇ ਪਾਸੇ ਕੋਹਲੀ ਨੇ 248 ਵਨ-ਡੇ ’ਚ 11867 ਦੌੜਾਂ ਬਣਾ ਲਈਆਂ ਹਨ ਜਿਨ੍ਹਾਂ ’ਚ 43 ਸੈਂਕੜੇ ਸ਼ਾਮਲ ਹਨ। ਗੰਭੀਰ ਨੇ ਇਕ ਸਪੋਟਰਸ ਚੈਨਲ ਦੇ ਸ਼ੋਅ ‘ਕ੍ਰਿਕਟ ਕੁਨੈਕਟਿਡ‘ ’ਤੇ ਕਿਹਾ, ‘‘ਸਚਿਨ ਤੇਂਦੁਲਕਰ ਕਿਉਂਕਿ ਉਨ੍ਹਾਂ ਨੇ ਇਕ ਸਫੇਦ ਗੇਂਦ ਨਾਲ ਖੇਡਿਆ ਜਦੋਂ ਸਰਕਲ ਦੇ ਅੰਦਰ ਚਾਰ ਫੀਲਡਰ ਹੁੰਦੇ ਸਨ ਪਰ ਹੁਣ 5 ਰਹਿੰਦੇ ਹਨ। ਇਸ ਕਰਕੇ ਮੈਂ ਤੇਂਦੁਲਕਰ ਦੇ ਨਾਂ ਤੇ ਮੋਹਰ ਲਾਵਾਂਗਾ।‘‘

PunjabKesari

ਅੱਜਕਲ੍ਹ ਵਨ-ਡੇ ਕ੍ਰਿਕਟ ’ਚ ਦੋ ਸਫੇਦ ਗੇਂਦਾਂ ਲਈਆਂ ਜਾਂਦੀਆਂ ਹਨ ਜਦ ਕਿ ਤਿੰਨ ਪਾਵਰ-ਪਲੇਅ ਹੁੰਦੇ ਹਨ। ਭਾਰਤ ਦੀ ਵਿਸ਼ਵ ਕੱਪ 2011’ਚ ਖਿਤਾਬੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੰਭੀਰ ਦਾ ਮੰਨਣਾ ਹੈ ਕਿ ਨਿਯਮਾਂ ’ਚ ਹੋਏ ਬਦਲਾਅ ਨਾਲ ਬੱਲੇਬਾਜ਼ਾਂ ਨੂੰ ਫਾਇਦਾ ਮਿਲਿਆ। ਗੰਭੀਰ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਇਹ ਬੱਲੇਬਾਜ਼ਾਂ ਲਈ ਬਹੁਤ ਸੌਖਾ ਹੋ ਗਿਆ ਹੈ, ਤੇਂਦੁਲਕਰ ਦੇ ਸਮੇਂ ਅਜਿਹਾ ਨਹੀਂ ਸੀ। ਉਨ੍ਹਾਂ ਨੇ ਕਿਹਾ, ‘‘ਵਿਰਾਟ ਕੋਹਲੀ ਦਾ ਪ੍ਰਦਰਸ਼ਨ ਚੰਗਾ ਰਿਹਾ ਪਰ ਮੇਰਾ ਮੰਨਣਾ ਹੈ ਕਿ ਨਿਯਮਾਂ ’ਚ ਬਦਲਾਅ ਦਾ ਵੀ ਬੱਲੇਬਾਜ਼ਾਂ ਨੂੰ ਫਾਇਦਾ ਮਿਲਿਆ ਹੈ।‘‘ 

ਗੰਭੀਰ ਨੇ ਕਿਹਾ, ‘‘ਨਵੀਂ ਪੀੜ੍ਹੀ ਨੂੰ ਦੋ ਨਵੀਆਂ ਗੇਂਦਾਂ ਖੇਡਣ ਨੂੰ ਮਿਲ ਰਹੀਆਂ ਹਨ। ਰੀਵਰਸ ਸਵਿੰਗ ਨਹੀਂ ਹੈ ਅਤੇ ਨਾ ਹੀ ਉਂਗਲੀਆਂ ਦੀ ਸਪਿਨ। 50 ਓਵਰਾਂ ਤਕ 5 ਫੀਲਡਰ ਅੰਦਰ ਰਹਿੰਦੇ ਹਨ ਜਿਸ ਦੇ ਨਾਲ ਬੱਲੇਬਾਜ਼ੀ ਸੌਖੀ ਹੋ ਗਈ ਹੈ।‘‘ ਉਨ੍ਹਾਂ ਨੇ ਕਿਹਾ ਕਿ ਲੰਬੇ ਕਰੀਅਰ ਨੂੰ ਦੇਖਦੇ ਹੋਏ ਵੀ ਉਹ ਤੇਂਦੁਲਕਰ ਨੂੰ ਚੁਣਨਗੇ।

 


Davinder Singh

Content Editor Davinder Singh