ਪੰਜਾਬ ''ਚ ਗੰਭੀਰ ਬੀਮਾਰੀਆਂ ਨਾਲ ਨਜਿੱਠਣ ਲਈ ਸਿਹਤ ਮੰਤਰੀ ਨੇ ਜਾਰੀ ਕੀਤੇ ਨਵੇਂ ਹੁਕਮ

Sunday, Dec 28, 2025 - 03:10 PM (IST)

ਪੰਜਾਬ ''ਚ ਗੰਭੀਰ ਬੀਮਾਰੀਆਂ ਨਾਲ ਨਜਿੱਠਣ ਲਈ ਸਿਹਤ ਮੰਤਰੀ ਨੇ ਜਾਰੀ ਕੀਤੇ ਨਵੇਂ ਹੁਕਮ

ਪਟਿਆਲਾ (ਰਾਜੇਸ਼ ਪੰਜੌਲਾ,ਮਨਦੀਪ ਜੋਸਨ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਸਥਿਤ ਮੈਡੀਕਲ ਕਾਲਜ ਦਾ ਦੌਰਾ ਕਰਕੇ ਮੈਡੀਕਲ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਗੰਭੀਰ ਅਤੇ ਬੀਮਾਰ ਮਰੀਜਾਂ ਲਈ ਘਰ ਆਧਾਰਿਤ ਪੈਲਿਏਟਿਵ ਕੇਅਰ ਸੇਵਾਵਾਂ ਦੇ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ। 

'ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਰੀਜ਼ਾਂ ਨੂੰ ਗੁਣਵੱਤਾਪੂਰਨ ਅਤੇ ਸੰਵੇਦਨਸ਼ੀਲ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਖ਼ਾਸ ਕਰਕੇ ਗੰਭੀਰ ਅਤੇ ਲੰਬੇ ਸਮੇਂ ਤੋਂ ਪੀੜਤ ਮਰੀਜ਼ਾਂ ਲਈ ਪੈਲਿਏਟਿਵ ਕੇਅਰ ਬਹੁਤ ਜ਼ਰੂਰੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੈਲਿਏਟਿਵ ਕੇਅਰ ਸੇਵਾਵਾਂ ਉਹ ਸਿਹਤ ਸੇਵਾਵਾਂ ਹਨ, ਜੋ ਗੰਭੀਰ, ਲੰਬੇ ਸਮੇਂ ਦੀਆਂ ਜਾਂ ਅਸਾਧ ਰੋਗਾਂ ਨਾਲ ਪੀੜਤ ਮਰੀਜ਼ਾਂ ਨੂੰ ਦਰਦ, ਤਕਲੀਫ਼ ਅਤੇ ਮਾਨਸਿਕ ਪੀੜਾ ਤੋਂ ਰਾਹਤ ਦੇਣ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੇਵਾਵਾਂ ਦਾ ਮੁੱਖ ਉਦੇਸ਼ ਬੀਮਾਰੀ ਦਾ ਇਲਾਜ ਹੀ ਨਹੀਂ, ਸਗੋਂ ਮਰੀਜ਼ ਅਤੇ ਉਸ ਦੇ ਪਰਿਵਾਰ ਦੀ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੁੰਦਾ ਹੈ। ਪੈਲਿਏਟਿਵ ਕੇਅਰ ਵਿੱਚ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਸਹਾਇਤਾ ਸ਼ਾਮਲ ਹੁੰਦੀ ਹੈ ਅਤੇ ਇਹ ਸੇਵਾਵਾਂ ਹਸਪਤਾਲ, ਓਪੀਡੀ ਜਾਂ ਮਰੀਜ਼ ਦੇ ਘਰ ਤੱਕ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। 

ਇਹ ਵੀ ਪੜ੍ਹੋ: ਪਾਕਿ 'ਚ ਗ੍ਰਿਫ਼ਤਾਰ ਸ਼ਾਹਕੋਟ ਨੇ ਨੌਜਵਾਨ ਬਾਰੇ ਵੱਡੀ ਅਪਡੇਟ! ਭਾਰਤ ਆਉਣ ਤੋਂ ਕੀਤਾ ਇਨਕਾਰ, ਦੱਸਿਆ ਜਾਨ ਨੂੰ ਖ਼ਤਰਾ

ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਅਤੇ ਕੈਨਸੁਪੋਰਟ ਐਨਜੀਓ ਨਾਲ ਤਾਲਮੇਲ ਕਰਦੇ ਹੋਏ ਪੈਲਿਏਟਿਵ ਕੇਅਰ ਸੇਵਾਵਾਂ ਦੀ ਪ੍ਰਭਾਵਸ਼ਾਲੀ ਇੰਪਲੀਮੈਂਟੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿੱਚ ਇਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਜੋ ਕੈਨਸੁਪੋਰਟ ਟੀਮ ਨਾਲ ਲਗਾਤਾਰ ਸਹਿਯੋਗ ਅਤੇ ਸਾਂਝ ਬਣਾਈ ਰੱਖੇਗਾ। ਸਿਹਤ ਮੰਤਰੀ ਨੇ ਕਿਹਾ ਕਿ ਪੈਲਿਏਟਿਵ ਕੇਅਰ ਓਪੀਡੀ ਅਤੇ ਘਰ-ਅਧਾਰਿਤ ਪੈਲਿਏਟਿਵ ਕੇਅਰ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐੱਸ. ਓ. ਪੀ) ਤਿਆਰ ਕੀਤਾ ਜਾਵੇ, ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਬਿਹਤਰ ਸੇਵਾਵਾਂ ਮਿਲ ਸਕਣ। ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿੱਚ ਕੈਨਸੁਪੋਰਟ ਟੀਮ ਲਈ ਇਕ ਵੱਖਰਾ ਕਮਰਾ ਉਪਲੱਬਧ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਪੈਲਿਏਟਿਵ ਕੇਅਰ ਓ. ਪੀ. ਡੀ. ਦੀ ਸਥਾਪਨਾ ਬਿਨਾਂ ਕਿਸੇ ਰੁਕਾਵਟ ਦੇ ਕੀਤੀ ਜਾ ਸਕੇ। 

ਡਾ. ਬਲਬੀਰ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਸਾਰੇ ਮਰੀਜ਼ ਜੋ ਘਰ-ਆਧਾਰਿਤ ਪੈਲਿਏਟਿਵ ਕੇਅਰ ਸੇਵਾਵਾਂ ਦੀ ਲੋੜ ਰੱਖਦੇ ਹਨ, ਉਨ੍ਹਾਂ ਦੀ ਸੂਚੀ ਨਿਯਮਤ ਤੌਰ ’ਤੇ ਕੈਨ ਸਪੋਰਟ ਟੀਮ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਮਰੀਜ਼ਾਂ ਤੱਕ ਘਰ ਬੈਠੇ ਸਹਾਇਤਾ ਪਹੁੰਚਾਈ ਜਾ ਸਕੇ। ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਮਾਤਾ ਕੌਸ਼ਲਿਆ ਹਸਪਤਾਲ ਦੇ ਅਧਿਕਾਰੀਆਂ ਨੂੰ ਵੀ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਉਹ ਵੀ ਨਿਯਮਤ ਤੌਰ ’ਤੇ ਉਨ੍ਹਾਂ ਮਰੀਜ਼ਾਂ ਦੀ ਸੂਚੀ ਕੈਨਸੁਪੋਰਟ ਟੀਮ ਨਾਲ ਸਾਂਝੀ ਕਰਨ ਜੋ ਘਰ-ਆਧਾਰਿਤ ਪੈਲਿਏਟਿਵ ਕੇਅਰ ਸੇਵਾਵਾਂ ਦੇ ਮੋਹਤਾਜ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਕਦਮ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਣਗੇ ਅਤੇ ਪੰਜਾਬ ਨੂੰ ਮਨੁੱਖੀ ਅਤੇ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਦੇ ਮਾਡਲ ਵਜੋਂ ਸਥਾਪਿਤ ਕਰਨ ਵਿੱਚ ਮਦਦ ਕਰਨਗੇ। ਇਸ ਮੌਕੇ ਪੈਲਿਏਟਿਵ ਕੇਅਰ ਸਰਵਿਸਿਜ਼ ਦੇ ਅਧਿਕਾਰੀ , ਰਾਜਿੰਦਰਾ ਹਸਪਤਾਲ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਡਾਕਟਰ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਤੈਸ਼ 'ਚ ਆਏ ਪ੍ਰਵਾਸੀ ਨੇ ਮਾਲਕ ਦਾ ਕਰ 'ਤਾ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News