ਸ਼੍ਰੋਮਣੀ ਅਕਾਲੀ ਦਲ ਦਾ ਆਗੂ ਗ੍ਰਿਫ਼ਤਾਰ! ਲੱਗੇ ਗੰਭੀਰ ਦੋਸ਼
Sunday, Jan 04, 2026 - 02:07 PM (IST)
ਦੋਰਾਹਾ/ਖੰਨਾ (ਵਿਨਾਇਕ/ਵਿਪਨ): ਖੰਨਾ ਦੇ ਦੋਰਾਹਾ ਇਲਾਕੇ ਵਿਚ ਇਕ ਡੇਢ ਸਾਲ ਦੀ ਬੱਚੀ ਨੂੰ ਗਾਇਬ ਕਰਨ ਦੇ ਗੰਭੀਰ ਮਾਮਲੇ ਵਿਚ ਪੁਲਸ ਨੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਜਗਜੀਤ ਸਿੰਘ ਉਰਫ਼ ਜੱਗੀ (ਵਾਸੀ ਪਿੰਡ ਚਣਕੋਈਆਂ ਖੁਰਦ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਨੇ ਇਲਾਕੇ ਵਿਚ ਸਿਆਸੀ ਮਾਹੌਲ ਗਰਮਾ ਦਿੱਤਾ ਹੈ, ਕਿਉਂਕਿ ਅਕਾਲੀ ਦਲ ਵੱਲੋਂ ਪੁਲਸ ਦੀ ਕਾਰਵਾਈ 'ਤੇ ਸਵਾਲ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੱਗੀ ਨੂੰ ਪਿਛਲੇ ਸਾਲ ਵੀ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਜੱਗੀ ਦੇ ਇਕ ਜ਼ਮੀਨੀ ਵਿਵਾਦ ਦੌਰਾਨ ਗੋਲੀਆਂ ਵੀ ਚੱਲੀਆਂ ਸਨ।
ਇਸ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਅਕਾਲੀ ਨੇਤਾ ਗੁਰਪ੍ਰੀਤ ਸਿੰਘ ਲਾਪਰਾ ਦੀ ਅਗਵਾਈ ਹੇਠ ਵਰਕਰਾਂ ਨੇ ਦੇਰ ਰਾਤ ਦੋਰਾਹਾ ਪੁਲਸ ਚੌਂਕੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਸ ਨੇ ਧੱਕੇਸ਼ਾਹੀ ਕੀਤੀ ਹੈ ਅਤੇ ਅਕਾਲੀ ਆਗੂਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾ ਇਹ ਵੀ ਇਲਜ਼ਾਮ ਹੈ ਕਿ SHO ਆਕਾਸ਼ ਦੱਤ, ਜਗਜੀਤ ਜੱਗੀ ਨੂੰ ਆਪਣੀ ਨਿੱਜੀ ਗੱਡੀ ਵਿਚ ਬਿਠਾ ਕੇ ਲੈ ਗਏ ਅਤੇ ਇਸ ਬਾਰੇ ਪਰਿਵਾਰ ਜਾਂ ਪਾਰਟੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਪੁਲਸ ਚੌਂਕੀ ਦਾ ਗੇਟ ਬੰਦ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ।
ਦੂਜੇ ਪਾਸੇ, SHO ਆਕਾਸ਼ ਦੱਤ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕਾਰਵਾਈ ਤੱਥਾਂ ਦੇ ਆਧਾਰ 'ਤੇ ਕੀਤੀ ਗਈ ਹੈ। ਪੁਲਸ ਅਨੁਸਾਰ ਦਿਲਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਕਦੇ ਜੱਗੀ ਦਾ ਦੋਸਤ ਸੀ। ਜਦੋਂ ਦਿਲਪ੍ਰੀਤ ਦੀ ਪਤਨੀ ਦੀ ਮੌਤ ਹੋਈ, ਤਾਂ ਉਸ ਦੀ ਧੀ ਸਿਰਫ਼ 14 ਦਿਨਾਂ ਦੀ ਸੀ। ਜੱਗੀ ਨੇ ਉਸ ਬੱਚੀ ਦੇ ਪਾਲਣ-ਪੋਸ਼ਣ ਦਾ ਵਾਅਦਾ ਕੀਤਾ ਸੀ, ਪਰ ਦੋਸ਼ ਹੈ ਕਿ ਉਸ ਨੇ ਬੱਚੀ ਕਿਸੇ ਹੋਰ ਨੂੰ ਦੇ ਦਿੱਤੀ ਅਤੇ ਹੁਣ ਦਿਲਪ੍ਰੀਤ ਨੂੰ ਆਪਣੀ ਧੀ ਨਾਲ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਜਦੋਂ ਪਿਤਾ ਨੇ ਆਪਣੀ ਬੱਚੀ ਵਾਪਸ ਮੰਗੀ, ਤਾਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ। ਇਨ੍ਹਾਂ ਇਲਜ਼ਾਮਾਂ ਦੇ ਆਧਾਰ 'ਤੇ ਪੁਲਿਸ ਨੇ FIR ਦਰਜ ਕਰ ਲਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ ਅਤੇ ਸੱਚ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
