ਰਵਿੰਦਰ ਜਡੇਜਾ ਦੇ ਹੱਕ 'ਚ ਉਤਰੇ ਆਸਟ੍ਰੇਲੀਆ-ਪਾਕਿ ਦੇ ਕ੍ਰਿਕਟਰ, ਮੈਚ ਰੈਫਰੀ ਨੇ ਦਿੱਤਾ ਇਹ ਫ਼ੈਸਲਾ

Saturday, Feb 11, 2023 - 03:39 AM (IST)

ਸਪੋਰਟਸ ਡੈਸਕ: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਵਾਸਕਰ ਟਰਾਫੀ ਨੂੰ ਲੈ ਕੇ ਵਿਵਾਦ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਆਸਟ੍ਰੇਲੀਆ ਦੇ ਮੀਡੀਆ ਵੱਲੋਂ ਨਾਗਪੁਰ ਦੀ ਪਿੱਚ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਤਾਂ ਬਾਅਦ ਵਿਚ ਪਹਿਲੇ ਦਿਨ ਹੀ ਰਵਿੰਦਰ ਜਡੇਜਾ ਦੀ ਇਕ ਵੀਡੀਓ ਵਾਇਰਲ ਕਰ ਕੇ ਬਾਲ ਟੈਂਪਰਿੰਗ ਦਾ ਇਲਜ਼ਾਮ ਲਗਾਇਆ ਗਿਆ ਸੀ। ਵਾਇਰਲ ਵੀਡੀਓ ਵਿਚ ਰਵਿੰਦਰ ਜਡੇਜਾ ਸਾਥੀ ਗੇਂਦਬਾਜ਼ ਮੁਹੰਮਦ ਸੀਰਾਜ਼ ਤੋਂ ਮੱਲ੍ਹਮ ਲੈ ਕੇ ਆਪਣੀ ਉਂਗਲੀ 'ਤੇ ਲਗਾਉਂਦੇ ਨਜ਼ਰ ਆ ਰਹੇ ਸਨ, ਪਰ ਆਸਟ੍ਰੇਲੀਆ ਦੇ ਮੀਡੀਆ ਵੱਲੋਂ ਇਸ ਨੂੰ ਬਾਲ ਟੈਂਪਰਿੰਗ ਦੱਸ ਕੇ ਮਾਮਲਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ ਨੂੰ ਮਿਲਣਗੇ 2 ਹੋਰ ਨਵੇਂ ਜੱਜ, 13 ਫ਼ਰਵਰੀ ਨੂੰ ਲੈਣਗੇ ਹਲਫ਼

ਇਸ ਮਾਮਲੇ ਨੂੰ ਲੈ ਕੇ ਆਸਟ੍ਰੇਲੀਆ ਦੇ ਹੀ ਸਾਬਕਾ ਕ੍ਰਿਕਟਰ ਬਰੈਡ ਹਾਗ ਰਵਿੰਦਰ ਜਡੇਜਾ ਦੇ ਹੱਕ ਵਿਚ ਉਤਰ ਆਏ ਹਨ। ਦਿੱਗਜ ਸਪਿੱਨਰ ਬਰੈਡ ਹਾਗ ਨੇ ਸਾਫ਼ ਕੀਤਾ ਹੈ ਕਿ ਜਡੇਜਾ ਨੇ ਗੇਂਦ 'ਤੇ ਮੱਲ੍ਹਮ ਨਹੀਂ ਲਗਾਇਆ ਸਗੋਂ ਉਂਗਲੀ 'ਤੇ ਹੀ ਮੱਲ੍ਹਮ ਲਗਾਉਂਦੇ ਦਿਖ ਰਹੇ ਹਨ। ਹਾਗ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਮਾਮਲੇ ਵਿਚ ਹੋਰ ਚਰਚਾ ਦੀ ਲੋੜ ਨਹੀਂ ਹੈ। 

ਬਰੈਡ ਹਾਗ ਨੇ ਟਵੀਟ ਵਿਚ ਲਿਖਿਆ, "ਜੇਕਰ ਤੁਸੀਂ ਬਾਰੀਕੀ ਨਾਲ ਦੇਖੋ ਤਾਂ ਸਿਰਾਜ ਦੇ ਹੱਥ 'ਚ ਇਕ ਕਰੀਮ ਹੈ ਜੋ ਟੀ.ਵੀ. 'ਤੇ ਸਾਫ਼ ਨਜ਼ਰ ਆ ਰਹੀ ਹੈ। ਜਡੇਜਾ ਨੇ ਇਸ ਨੂੰ ਆਪਣੀ ਉਂਗਲੀ 'ਤੇ ਲਗਾਇਆ, ਕਿਸੇ ਵੇਲੇ ਵੀ ਇਸ ਨੂੰ ਗੇਂਦ 'ਤੇ ਨਹੀਂ ਲਗਾਇਆ ਗਿਆ। ਅੱਗੇ ਹੋਰ ਚਰਚਾ ਦੀ ਲੋੜ ਨਹੀਂ ਹੈ।"

PunjabKesari

ਇਕ ਵੱਖਰੇ ਟਵੀਟ ਵਿਚ ਹਾਗ ਨੇ ਕਿਹਾ, "ਇਸ ਦਾ ਮਤਲ ਹੈ ਗੇਂਦ ਨਾਲ ਛੇੜਛਾੜ ਨਹੀਂ ਹੋਈ।"

PunjabKesari

ਇਹ ਖ਼ਬਰ ਵੀ ਪੜ੍ਹੋ - ਘਰ 'ਚ ਜਾ ਵੜੀ SUV ਕਾਰ, 10 ਸਾਲਾ ਬੱਚੇ ਦੀ ਹੋਈ ਦਰਦਨਾਕ ਮੌਤ

ਸਾਬਕਾ ਪਾਕਿ ਕ੍ਰਿਕਟੇਰ ਸਲਮਾਨ ਬੱਟ ਨੇ ਵੀ ਕੀਤਾ ਸਮਰਥਨ

PunjabKesari

ਪਾਕਿਸਤਾਨ ਦੇ ਸਾਬਕਾ ਕਪਤਾਨ ਸਲਮਾਨ ਬੱਟ ਵੀ ਜਡੇਜਾ ਦੇ ਬਚਾਅ ਵਿਚ ਉਤਰ ਆਏ ਕਿਹਾ ਕਿ ਕ੍ਰਿਕਟ ਦੀ ਸਮਝ ਨਾ ਰੱਖਣ ਵਾਲੇ ਲੋਕ ਹੀ ਅਜਿਹੇ ਦੋਸ਼ ਲਗਾ ਸਕਦੇ ਹਨ। ਆਪਣੇ ਯੂ-ਟਿਊਬ ਚੈਨਲ 'ਤੇ ਸਲਮਾਨ ਬੱਟ ਨੇ ਕਿਹਾ ਕਿ ਆਸਟ੍ਰੇਲੀਆਈ ਮੀਡੀਆ ਨੇ ਰਵਿੰਦਰ ਜਡੇਜਾ 'ਤੇ ਗੇਂਦ ਨਾਲ ਛੇੜਛਾੜ ਦਾ ਦੋਸ਼ ਲਗਾਇਆ ਹੈ। ਪਰ ਗੇਂਦ ਨਾਲ ਛੇੜਛਾੜ ਨਾਲ ਭਲਾ ਇਕ ਸਪਿੱਨਰ ਨੂੰ ਕੀ ਫਾਇਦਾ ਹੋ ਸਕਦਾ ਹੈ? ਸਿਰਫ਼ ਕ੍ਰਿਕੇਟ ਦੀ ਸਮਝ ਨਾ ਰੱਖਣ ਵਾਲੇ ਲੋਕ ਹੀ ਅਜਿਹੀ ਟਿੱਪਣੀ ਕਰ ਸਕਦੇ ਹਨ। 

ਮੈਚ ਰੈਫ਼ਰੀ ਨੇ ਜਡੇਜਾ ਨੂੰ ਦਿੱਤੀ ਕਲੀਨ ਚਿੱਟ

ਪਹਿਲੇ ਦਿਨ ਦੇ ਖੇਡ ਤੋਂ ਬਾਅਦ ਮੈਚ ਰੈਫਰੀ ਐਂਡੀ ਪਾਇਕ੍ਰਾਫਟ ਨੇ ਇਸ ਘਟਨਾ ਦੀ ਵੀਡੀਓ ਰਵਿੰਦਰ ਜਡੇਜਾ ਅਤੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਦਿਖਾਈ। ਮੀਡੀਆ ਰਿਪੋਰਟ ਮੁਤਾਬਕ ਰੈਫ਼ਰੀ ਨੇ ਇਸ ਮਾਮਲੇ ਵਿਚ ਰਵਿੰਦਰ ਜਡੇਜਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਭਾਰਤੀ ਟੀਮ ਮੈਨੇਜਮੈਂਟ ਨੇ ਪਾਇਕ੍ਰਾਫਟ ਨੂੰ ਕਿਹਾ ਕਿ ਜਡੇਜਾ ਨੇ ਆਪਣੀ ਉਂਗਲੀ ਵਿਚ ਪੇਨ ਰਿਲੀਫ਼ ਕਰੀਮ ਲਗਾ ਰਹੇ ਸਨ। ਜਡੇਜਾ ਕਾਫ਼ੀ ਸਮੇਂ ਬਾਅਦ ਕ੍ਰਿਕਟ ਵਿਚ ਵਾਪਸੀ ਕਰ ਰਹੇ ਹਨ ਤੇ ਉਨ੍ਹਾਂ ਨੇ ਉਂਗਲ ਤੋਂ ਸੋਜ਼ਿਸ਼ ਘਟਾਉਣ ਲਈ ਕਰੀਮ ਦੀ ਵਰਤੋਂ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News