ਕੋਹਲੀ ਲਈ ਟੈਸਟ ਕ੍ਰਿਕਟ ਹੀ ਸਭ ਕੁਝ, ਇਸ ਫਾਰਮੈੱਟ ਲਈ ਹੈ ਉਨ੍ਹਾਂ ’ਚ ਜਨੂੰਨ : ਪੀਟਰਸਨ
Thursday, Aug 19, 2021 - 04:45 PM (IST)
ਇੰਟਰਨੈਸ਼ਨਲ ਡੈਸਕ : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਦਾ ਮੰਨਣਾ ਹੈ ਕਿ ਮੈਦਾਨ ’ਤੇ ਵਿਰਾਟ ਕੋਹਲੀ ਦਾ ਜੋਸ਼ ਤੇ ਉਤਸ਼ਾਹ ਦੇਖ ਕੇ ਲੱਗਦਾ ਹੈ ਕਿ ਟੈਸਟ ਕ੍ਰਿਕਟ ਉਨ੍ਹਾਂ ਲਈ ਸਭ ਕੁਝ ਹੈ ਤੇ ਉਨ੍ਹਾਂ ਦਾ ਇਸ ਇਸ ਫਾਰਮੈੱਟ ਪ੍ਰਤੀ ਜਨੂੰਨ ਵਧੀਆ ਹੈ, ਜਿਸ ਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਪਿਆਰ ਦੀ ਲੋੜ ਹੈ। ਪੀਟਰਸਨ ਨੇ ਕਿਹਾ ਕਿ ਕੋਹਲੀ ਆਪਣੀ ਸਖਤ ਮਿਹਨਤ ਨਾਲ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਦੇ ਨਕਸ਼ੇ-ਕਦਮਾਂ ’ਤੇ ਚੱਲ ਪਏ ਹਨ, ਜੋ ਮਹਾਨ ਟੈਸਟ ਕ੍ਰਿਕਟਰ ਰਹੇ ਹਨ। ਉਨ੍ਹਾਂ ਨੇ ‘ਬੇਟਵੇ’ਲਈ ਆਪਣੇ ਬਲੌਗ ’ਚ ਲਿਖਿਆ, ‘‘ਵਿਰਾਟ ਕੋਹਲੀ ਨੂੰ ਜਿੰਨਾ ਮੈਂ ਜਾਣਦਾ ਹਾਂ, ਮੈਨੂੰ ਪਤਾ ਹੈ ਕਿ ਆਪਣੇ ਹੀਰੋਜ਼ ਪਿੱਛੇ ਚੱਲਣ ਲਈ ਉਨ੍ਹਾਂ ਨੇ ਕਿੰਨੀ ਮਿਹਨਤ ਕੀਤੀ ਹੈ।
ਉਨ੍ਹਾਂ ਦੇ ਹੀਰੋ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਟੈਸਟ ਕ੍ਰਿਕਟ ਦੇ ਬਾਕੀ ਦਿੱਗਜ ਹਨ।'' ਕੋਹਲੀ ਜਾਣਦੇ ਹਨ ਕਿ ਖੇਡ ਦੇ ਮਹਾਨ ਖਿਡਾਰੀ ਬਣਨ ਲਈ ਉਨ੍ਹਾਂ ਨੂੰ ਟੀ-20 ਦੇ ਨਾਲ-ਨਾਲ ਟੈਸਟ ਕ੍ਰਿਕਟ ’ਚ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਇਹੀ ਕਾਰਨ ਹੈ ਕਿ ਉਹ ਇਸ ਫਾਰਮੈੱਟ ਨੂੰ ਇੰਨਾ ਮਹੱਤਵ ਕਿਉਂ ਦਿੰਦੇ ਹਨ। ਉਹ ਵੀ ਅਜਿਹੇ ਸਮੇਂ, ਜਦੋਂ ਟੈਸਟ ਕ੍ਰਿਕਟ ਨੂੰ ਇਸ ਦੀ ਸਖਤ ਜ਼ਰੂਰਤ ਹੈ। ਕਿਸੇ ਗਲੋਬਲ ਸੁਪਰਸਟਾਰ ਕ੍ਰਿਕਟਰ ਨੂੰ ਟੈਸਟ ਕ੍ਰਿਕਟ ਪ੍ਰਤੀ ਇਹ ਜਨੂੰਨ ਵੇਖ ਕੇ ਚੰਗਾ ਲੱਗਿਆ। ਕੋਹਲੀ ਦੀ ਕਪਤਾਨੀ ’ਚ ਭਾਰਤ ਨੰਬਰ ਇੱਕ ਟੈਸਟ ਟੀਮ ਬਣ ਗਈ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਪਹੁੰਚੀ, ਜਿੱਥੇ ਉਸ ਨੂੰ ਨਿਊਜ਼ੀਲੈਂਡ ਨੇ ਹਰਾਇਆ।
ਭਾਰਤ ਨੇ ਇੰਗਲੈਂਡ ਨੂੰ ਇਸ ਹਫਤੇ ਲਾਰਡਸ ਦੇ ਦੂਜੇ ਟੈਸਟ ’ਚ 151 ਦੌੜਾਂ ਨਾਲ ਹਰਾਇਆ। ਪੀਟਰਸਨ ਨੇ ਕਿਹਾ, “ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਕਿਸੇ ਵੀ ਹਾਲਾਤ ’ਚ ਵਧੀਆ ਪ੍ਰਦਰਸ਼ਨ ਕਰੇ। ਉਹ ਟੀਮ ਨੂੰ ਪਹਿਲਾਂ ਆਸਟਰੇਲੀਆ ਅਤੇ ਹੁਣ ਇੰਗਲੈਂਡ ’ਚ ਜਿੱਤਦੇ ਵੇਖ ਕੇ ਬਹੁਤ ਸੰਤੁਸ਼ਟ ਹੋਏ ਹੋਣਗੇ। ਉਨ੍ਹਾਂ ਦਾ ਜੋਸ਼, ਜਨੂੰਨ ਅਤੇ ਟੀਮ ਪ੍ਰਤੀ ਸਮਰਪਣ ਦਿਖਾਈ ਦਿੰਦਾ ਹੈ। ਟੈਸਟ ਕ੍ਰਿਕਟ ਅਜੇ ਵੀ ਉਨ੍ਹਾਂ ਲਈ ਸਭ ਕੁਝ ਹੈ ਅਤੇ ਇਸ ਤਰ੍ਹਾਂ ਦੇ ਪਲ ਉਨ੍ਹਾਂ ਦੇ ਕਰੀਅਰ ਦੀ ਪਰਿਭਾਸ਼ਾ ਦੇਣਗੇ।” ਉਨ੍ਹਾਂ ਦੂਜੇ ਟੈਸਟ ’ਚ ਚਾਰ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, “ਪੰਜਵੇਂ ਦਿਨ ਮੁਹੰਮਦ ਸਿਰਾਜ ਨੇ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ, ਉਹ ਸ਼ਲਾਘਾਯੋਗ ਹੈ।’’