ਪਹਿਲਾ ਟੈਸਟ ਅੱਜ ਤੋਂ : ਟੈਸਟ ਕਰੀਅਰ ਸੰਵਾਰਨ ਉਤਰੇਗਾ ਰੋਹਿਤ

10/02/2019 2:41:30 AM

ਵਿਸ਼ਾਖਾਪਟਨਮ— ਸੀਮਤ ਓਵਰਾਂ ਦੀ ਕ੍ਰਿਕਟ ਦਾ ਧਾਕੜ ਰੋਹਿਤ ਸ਼ਰਮਾ ਬੁੱਧਵਾਰ ਤੋਂ ਇਥੇ ਦੱਖਣੀ ਅਫਰੀਕਾ ਵਿਰੁੱਧ ਸ਼ੁਰੂ ਹੋ ਰਹੇ ਤਿੰਨ ਟੈਸਟਾਂ ਦੀ ਲੜੀ ਦੇ ਪਹਿਲੇ ਮੈਚ 'ਚ ਟੈਸਟ ਸਲਾਮੀ ਬੱਲੇਬਾਜ਼ ਦੇ ਰੂਪ 'ਚ ਨਵੀਂ ਪਾਰੀ ਦੀ ਸ਼ੁਰੂਆਤ ਕਰੇਗਾ। ਭਾਰਤ ਇਸ ਉਮੀਦ ਨਾਲ ਉਤਰੇਗਾ ਕਿ ਰੋਹਿਤ ਸੀਮਤ ਓਵਰਾਂ ਦੀ ਕ੍ਰਿਕਟ ਦੀ ਆਪਣੀ ਸਫਲਤਾ ਨੂੰ ਟੈਸਟ ਕ੍ਰਿਕਟ 'ਚ ਦੁਹਰਾਅ ਸਕੇਗਾ ਪਰ ਉਸ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਤਾਰਨ ਦੇ ਪ੍ਰਯੋਗ ਤੋਂ ਚੰਗਾ ਨਤੀਜਾ ਨਹੀਂ ਮਿਲਿਆ ਤੇ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਇਕਲੌਤੇ ਅਭਿਆਸ ਮੈਚ ਵਿਚ ਪਾਰੀ ਦਾ ਆਗਾਜ਼ ਕਰਦਿਆਂ ਉਹ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਿਆ।  ਰੋਹਿਤ ਦੀ ਬਿਹਤਰੀਨ ਫਾਰਮ ਨੂੰ ਦੇਖਦੇ ਹੋਏ ਯੁਵਰਾਜ ਸਿੰਘ ਸਮੇਤ ਕਈ ਸਾਬਕਾ ਕ੍ਰਿਕਟਰਾਂ ਦਾ ਮੰਨਣਾ ਹੈ ਕਿ ਮੁੰਬਈ ਦੇ ਇਸ ਬੱਲੇਬਾਜ਼ ਨੂੰ ਸਾਰੇ ਸਵਰੂਪਾਂ ਵਿਚ ਖੇਡਣਾ ਚਾਹੀਦਾ ਹੈ ਤੇ ਉਸ ਨੂੰ ਟੈਸਟ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਜ਼ਿਆਦਾ ਮੌਕੇ ਮਿਲਣੇ ਚਾਹੀਦੇ ਹਨ।  ਵੈਸਟਇੰਡੀਜ਼ ਦੌਰੇ 'ਤੇ ਉਸ ਨੂੰ ਦੋ ਟੈਸਟਾਂ ਦੀ ਲੜੀ ਦੌਰਾਨ ਮੱਧਕ੍ਰਮ ਵਿਚ ਜਗ੍ਹਾ ਨਹੀਂ ਮਿਲੀ ਪਰ ਖਰਾਬ ਫਾਰਮ ਕਾਰਣ ਲੋਕੇਸ਼ ਰਾਹੁਲ ਨੂੰ ਬਾਹਰ ਕੀਤੇ ਜਾਣ ਕਾਰਣ ਭਾਰਤ ਨੂੰ ਉਮੀਦ ਹੋਵੇਗੀ ਕਿ ਮਯੰਕ ਅਗਰਵਾਲ ਨਾਲ ਮਿਲ ਕੇ ਰੋਹਿਤ ਚੋਟੀ 'ਤੇ ਸਥਿਰ ਜੋੜੀ ਬਣਾਏਗਾ। ਪਹਿਲੇ ਟੈਸਟ ਤੋਂ ਪਹਿਲਾਂ ਨੈੱਟ ਸੈਸ਼ਨ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਰੋਹਿਤ 'ਤੇ ਟਿਕੀਆਂ ਸਨ, ਜਿਹੜਾ ਮੌਕੇ ਦਾ ਫਾਇਦਾ ਚੁੱਕਣ ਤੇ ਆਪਣੇ ਟੈਸਟ ਰਿਕਾਰਡ 'ਚ ਸੁਧਾਰ ਕਰਨ ਲਈ ਪ੍ਰਤੀਬੱਧ ਦਿਸਿਆ।

PunjabKesari
ਰੋਹਿਤ ਨੂੰ ਲੋੜੀਂਦੇ ਮੌਕੇ ਮਿਲਣਗੇ : ਵਿਰਾਟ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਦਾ ਸਮਰਥਨ ਕਰਦਿਆਂ ਕਿਹਾ ਕਿ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਸ ਦੀ ਮੌਜੂਦਗੀ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ 'ਜ਼ਿਆਦਾ ਘਾਤਕ' ਬਣਾ ਦੇਵੇਗੀ। ਕਪਤਾਨ ਨੇ ਕਿਹਾ ਕਿ ਇਸ ਦੇ ਲਈ ਵਨ ਡੇ ਟੀਮ ਦੇ ਉਪ-ਕਪਤਾਨ ਨੂੰ ਲਾਲ ਗੇਂਦ (ਟੈਸਟ) ਦੀ ਕ੍ਰਿਕਟ ਵਿਚ ਖੁਦ ਨੂੰ ਸਾਬਤ ਕਰਨ ਲਈ ਲੋੜੀਂਦੇ ਮੌਕੇ ਦਿੱਤੇ ਜਾਣਗੇ। ਕੋਹਲੀ ਨੇ ਕਿਹਾ,''ਜੇਕਰ ਉਹ ਸਲਾਮੀ ਬੱਲੇਬਾਜ਼ੀ ਦੀ ਭੂਮਿਕਾ ਵਿਚ ਸਫਲ ਰਹਿੰਦਾ ਹੈ ਤਾਂ ਸਾਡਾ ਬੱਲੇਬਾਜ਼ੀ ਕ੍ਰਮ ਹੋਰ ਵੀ ਘਾਤਕ ਹੋ ਜਾਵੇਗਾ। ਉਸ ਦੇ ਪੱਧਰ ਦੇ ਖਿਡਾਰੀ ਨੂੰ ਆਖਰੀ-11 ਵਿਚ ਜਗ੍ਹਾ ਨਾ ਦੇਣਾ ਹਰ ਵਾਰ ਮੁਸ਼ਕਿਲ ਹੁੰਦਾ ਹੈ।'' ਉਸ ਨੇ ਕਿਹਾ ਕਿ ਜੇਕਰ ਉਹ ਲੈਅ ਵਿਚ ਆ ਜਾਵੇ ਤਾਂ ਦੁਨੀਆ ਭਰ ਵਿਚ ਕਿਤੇ ਵੀ ਪੂਰਾ ਬੱਲੇਬਾਜ਼ੀ ਕ੍ਰਮ ਪੂਰੀ ਤਰ੍ਹਾਂ ਨਾਲ ਵੱਖਰਾ ਨਜ਼ਰ ਆਉਂਦਾ ਹੈ।''
ਭਾਰਤ 2 ਤੇਜ਼ ਗੇਂਦਬਾਜ਼ਾਂ ਤੇ 2 ਸਪਿਨਰਾਂ ਨਾਲ ਉਤਰ ਸਕਦੈ  
ਭਾਰਤ ਇਸ ਮੈਚ ਵਿਚ 2 ਤੇਜ਼ ਗੇਂਦਬਾਜ਼ਾਂ ਤੇ ਇੰਨੇ ਹੀ ਸਪਿਨਰਾਂ ਨਾਲ ਉਤਰ ਸਕਦਾ ਹੈ। ਜੇਕਰ ਵਿਕਟ ਤੋਂ ਟਰਨ ਮਿਲਦੀ ਹੈ ਤਾਂ ਹਨੁਮਾ ਵਿਹਾਰੀ ਤੀਜੇ ਸਪਿਨਰ ਦੀ ਭੂਮਿਕਾ ਨਿਭਾ ਸਕਦਾ ਹੈ। ਜਸਪ੍ਰੀਤ ਬੁਮਰਾਹ ਦਾ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਹੈ ਪਰ ਇਸ਼ਾਂਤ ਸ਼ਰਮਾ ਤੇ ਮੁਹੰਮਦ ਸ਼ੰਮੀ ਦੀ ਜੋੜੀ ਉਸ ਦੀ ਗੈਰ-ਮੌਜੂਦਗੀ ਵਿਚ ਵੀ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਵੈਸਟਇੰਡੀਜ਼ ਵਿਰੁੱਧ ਆਖਰੀ ਇਲੈਵਨ ਵਿਚ ਰਵਿੰਦਰ ਜਡੇਜਾ ਦੇ ਰੂਪ ਵਿਚ ਇਕਲੌਤੇ ਸਪਿਨਰ ਨੂੰ ਟੀਮ ਵਿਚ ਜਗ੍ਹਾ ਮਿਲੀ ਸੀ ਤੇ ਇਥੇ ਉਸ ਨੂੰ ਅਸ਼ਵਿਨ ਦਾ ਸਾਥ ਮਿਲੇਗਾ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ— ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ ਤੇ ਸ਼ੁਭਮਨ ਗਿੱਲ।
ਦੱਖਣੀ ਅਫਰੀਕਾ— ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ, ਥਿਊਨਿਸ ਡੀ ਬਰਾਊਨ, ਕਵਿੰਟਨ ਡੀ ਕੌਕ, ਡੀਨ ਐਲਗਰ, ਜੁਬੈਰ ਹਮਜਾ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਸੇਨੂਰਨ ਮੁਥੁਸਾਮੀ, ਲੂੰਗੀ ਇਨਗਿਡੀ, ਐਰਿਕ ਨਾਟਰਜੇ, ਵਰਨੇਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਡਾ ਤੇ ਰੂਡੀ ਸੇਕੇਂਡ।


Gurdeep Singh

Content Editor

Related News