FIFA World Cup: ਸੈਮੀਫਾਈਨਲ ''ਚ ਫਰਾਂਸ ਖ਼ਿਲਾਫ਼ ਹਾਰ ਦੇ ਬਾਵਜੂਦ ਮੋਰੱਕੋ ਨੇ ਜਿੱਤਿਆ ਦਿਲ
Friday, Dec 16, 2022 - 02:18 PM (IST)
ਅਲ ਖੋਰ (ਭਾਸ਼ਾ)- ‘ਕੌਣ ਕਹਿੰਦਾ ਹੈ ਕਿ ਆਸਮਾਨ ’ਚ ਸੁਰਾਖ ਨਹੀਂ ਹੁੰਦਾ, ਇਕ ਪੱਥਰ ਤਾਂ ਦਿਲੋਂ ਮਾਰੋ ਯਾਰੋ।’ ਇਸ ਤੱਥ ਨੂੰ ਸਾਬਿਤ ਕਰਨ ਵਾਲੀ ਮੋਰੱਕੋ ਦੀ ਟੀਮ ਨੇ ਵਿਸ਼ਵ ਕੱਪ ਸੈਮੀਫਾਈਨਲ ਹਾਰਨ ਦੇ ਬਾਵਜੂਦ ਨਾ ਸਿਰਫ਼ ਫੁੱਟਬਾਲ ਦੇ ਦਿੱਗਜਾਂ ਵਿਚਾਲੇ ਆਪਣੀ ਮੌਜੂਦਗੀ ਚੰਗੀ ਤਰ੍ਹਾਂ ਦਰਜ ਕਰਾਈ, ਸਗੋਂ ਦੁਨੀਆ ਭਰ ’ਚ ਖੇਡ ਪ੍ਰੇਮੀਆਂ ਦੇ ਦਿਲ ਵੀ ਜਿੱਤ ਲਏ। ਇਸ ਦੇ ਆਖਰੀ-4 ’ਚ ਪਹੁੰਚਣ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਪਰ ਆਪਣੇ ਇਤਿਹਾਸਕ ਅਭਿਆਨ ’ਚ ਕਦਮ ਦਰ ਕਦਮ ਟਾਪ ਟੀਮਾਂ ਨੂੰ ਹਰਾਉਣ ਵਾਲੀ ਮੋਰੱਕੋ ਟੀਮ ਨੇ ਦੇਸ਼ ਦੇ ਫੁੱਟਬਾਲ ਇਤਿਹਾਸ ’ਚ ਸੁਨਹਿਰੀ ਅਧਿਆਏ ਜੋੜ ਦਿੱਤਾ ਹੈ। ਕ੍ਰੋਏਸ਼ੀਆ, ਬੈਲਜ਼ੀਅਮ, ਸਪੇਨ ਅਤੇ ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਦੇ ਸਫ਼ਰ ’ਤੇ ਰੋਕ ਲਗਾ ਕੇ ਮੋਰੱਕੋ ਇੱਥੇ ਤੱਕ ਪਹੁੰਚਿਆ ਸੀ।
ਮੋਰੱਕੋ ਦਾ ਇਹ ਸਫ਼ਰ ਵਿਸ਼ਵ ਕੱਪ ਦੇ ਇਤਿਹਾਸ ਦੀਆਂ ਸਭ ਤੋਂ ਯਾਦਗਾਰੀ ਗਾਥਾਵਾਂ ’ਚ ਗਿਣਿਆ ਜਾਵੇਗਾ। ਸੈਮੀਫਾਈਨਲ ਤੋਂ ਪਹਿਲਾਂ ਇਸ ਟੀਮ ਨੇ ਕਿਸੇ ਵਿਰੋਧੀ ਖਿਡਾਰੀ ਨੂੰ ਗੋਲ ਨਹੀਂ ਕਰਨ ਦਿੱਤਾ। ਸੈਮੀਫਾਈਨਲ ਤੋਂ ਪਹਿਲਾਂ 2 ਖਿਡਾਰੀਆਂ ਦੇ ਜ਼ਖ਼ਮੀ ਹੋਣ ਦਾ ਖਮਿਆਜ਼ਾ ਵੀ ਉਸ ਨੂੰ ਭੁਗਤਣਾ ਪਿਆ। ਡਿਫੈਂਡਰ ਨਾਯੋਫ ਏਗੁਏਅਰਡ ਅਭਿਆਸ ਦੌਰਾਨ ਜ਼ਖ਼ਮੀ ਹੋ ਗਿਆ, ਜਦਕਿ ਕਪਤਾਨ ਰੋਮੇਸ ਸੇਸ 21 ਮਿੰਟ ਬਾਅਦ ਹੀ ਹੈਮਸਟ੍ਰਿੰਗ ਸੱਟ ਕਾਰਨ ਬਾਹਰ ਹੋ ਗਿਆ। ਸਟੇਡੀਅਮ ਦੇ ਅੰਦਰ ਉਸ ਦੇ ਸਮਰਥਕਾਂ ਦੀ ਗਿਣਤੀ ਦੇਖ ਕੇ ਲੱਗ ਰਿਹਾ ਸੀ, ਮੰਨੋ ਜਨਸੈਲਾਬ ਆ ਗਿਆ ਹੋਵੇ।
ਵਿਸ਼ਵ ਕੱਪ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਦੇ ਸਮਰਥਣ ’ਚ ਉਸ ਦੇ ਪ੍ਰਸ਼ੰਸਕਾਂ ਨੇ ਕੋਈ ਕਸਰ ਨਹੀਂ ਛੱਡੀ ਸੀ। ਮੋਰੱਕੋ ਦਾ ਰਾਸ਼ਟਰ ਗੀਤ ਜਦੋਂ ਸਟੇਡੀਅਮ ’ਚ ਵੱਜਿਆ ਤਾਂ ਰੌਲਾ ਪੂਰੇ ਆਸਮਾਨ ’ਚ ਗੂੰਜਿਆ। ਮੋਰੱਕੋ ਦੇ ਖਿਡਾਰੀਆਂ ਨੇ ਵੀ ਜੁਝਾਰੂਪਣ ਦੀ ਪੂਰੀ ਮਿਸਾਲ ਪੇਸ਼ ਕੀਤੀ। ਫਰਾਂਸ ਵਰਗੀ ਚੌਟੀ ਦੀ ਟੀਮ ਨੂੰ ਉਸ ਨੇ ਆਸਾਨੀ ਨਾਲ ਆਪਣੇ ਗੋਲ ’ਚ ਸੰਨ੍ਹ ਨਹੀਂ ਮਾਰਨ ਦਿੱਤੀ ਪਰ ਆਖਰ ’ਚ ਕਾਈਲਿਆਨ ਐੱਮਬੱਪੇ ਦੀ ਫ੍ਰਾਂਸੀਸੀ ਟੀਮ ਦਾ ਤਜ਼ੁਰਬਾ ਮੋਰੱਕੋ ਦੇ ਜੋਸ਼ ’ਤੇ ਭਾਰੀ ਪਿਆ।