ਫੀਫਾ ਅੰਡਰ-17 ਵਿਸ਼ਵ ਕੱਪ ਨੇ ਦਿੱਤੇ ਕਈ ਸਿਤਾਰੇ

09/25/2017 4:45:46 AM

ਨਵੀਂ ਦਿੱਲੀ — ਦੁਨੀਆ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਤੋਂ ਲੈ ਕੇ ਛੋਟੇ ਪਾਸ (ਟਿਕੀ-ਟਾਕਾ) ਦੇ ਧਾਕੜ ਖਿਡਾਰੀ ਜੇਵੀਅਰ ਹੇਨਾਰਡੇਜ (ਜਾਵੀ), ਆਂਦ੍ਰੇਸ ਇਨਐਸਟਾ ਤੇ ਮਹਾਨ ਫੁੱਟਬਾਲਰ ਰੋਨਾਲਡਿਨ੍ਹੋ ਵਿਚ ਇਕ ਸਮਾਨਤਾ ਇਹ ਹੈ ਕਿ ਇਹ ਸਾਰੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਤੋਂ ਬਾਅਦ ਸੀਨੀਅਰ ਪੱਧਰ 'ਤੇ ਵੀ ਸਫਲ ਖਿਡਾਰੀ ਬਣੇ। ਭਾਰਤ ਵਿਚ ਆਯੋਜਿਤ ਹੋਣ ਵਾਲੇ ਵਿਸ਼ਵ ਕੱਪ ਤੋਂ ਵੀ ਫੁੱਟਬਾਲ ਦੀ ਦੁਨੀਆ ਨੂੰ ਕਈ ਸਿਤਾਰੇ ਮਿਲ ਸਕਦੇ ਹਨ। ਰੋਨਾਲਡਿਨ੍ਹੋ, ਇਕਰ ਕੈਸਿਲਾਸ, ਜਾਵੀ, ਐਨਿਏਸਟਾ, ਟਾਨੀ ਕਰੂਸ ਤੇ ਮਾਰੀਓ ਗੋਏਟਜ ਅੰਡਰ-17 ਫੁੱਟਬਾਲ ਕੱਪ ਵਿਚ ਖੇਡਣ ਵਾਲੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਫੁੱਟਬਾਲ ਵਿਸ਼ਵ ਕੱਪ ਵੀ ਜਿੱਤੇ ਹਨ। 
ਬ੍ਰਾਜ਼ੀਲ ਦੀ ਟੀਮ 1997 (ਮਿਸਰ) ਵਿਚ ਜਦੋਂ ਅੰਡਰ-17 ਵਿਸ਼ਵ ਕੱਪ ਚੈਂਪੀਅਨ ਬਣੀ ਸੀ, ਉਦੋਂ ਰੋਨਾਲਡਿਨ੍ਹੋ ਟੀਮ ਦਾ ਮੈਂਬਰ ਸੀ। ਇਸ ਵਿਸ਼ਵ ਕੱਪ ਵਿਚ ਕੈਸਿਲਾਸ ਤੇ ਜਾਵੀ ਨੇ ਸਪੇਨ ਨੂੰ ਸੈਮੀਫਾਈਨਲ ਵਿਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਜਾਵੀ ਤੋਂ ਚਾਰ ਸਾਲ ਜੂਨੀਅਰ ਇਨਐਸਟਾ ਤੇ ਫਰਨਾਂਡੋ ਟੋਰੇਸ ਨੇ 2001 ਵਿਚ ਤ੍ਰਿਨੀਦਾਦ ਐਂਡ ਟੋਬੈਗੋ ਵਿਚ ਹੋਏ ਵਿਸ਼ਵ ਕੱਪ ਵਿਚ ਟੀਮ ਦੀ ਅਗਵਾਈ ਕੀਤੀ ਸੀ।
ਇਸ ਤੋਂ ਬਾਅਦ ਜਾਵੀ ਤੇ ਐਨਿਏਸਟਾ ਨੇ ਕਈ ਸਾਲਾਂ ਤਕ ਸਪੇਨ ਦੀ ਰਾਸ਼ਟਰੀ ਟੀਮ ਤੇ ਬਾਰਸੀਲੋਨਾ ਕਲੱਬ ਵਲੋਂ ਖੇਡਦੇ ਹੋਏ ਟਿਕੀ-ਟਾਕਾ ਫੁੱਟਬਾਲ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਜਾਪਾਨ 'ਚ 2009 ਵਿਚ ਹੋਏ ਅੰਡਰ-17 ਵਿਸ਼ਵ ਕੱਪ ਵਿਚ ਖੇਡਣ ਵਾਲੇ ਬ੍ਰਾਜ਼ੀਲ ਦੇ ਖਿਡਾਰੀ ਨੇਮਾਰ ਡਾ. ਸਿਲਵਾ ਸੰਤੋਸ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਸੀ। ਹਾਲਾਂਕਿ ਉਸ ਦੀ ਟੀਮ ਗਰੁੱਪ ਗੇੜ ਤੋਂ ਹੀ ਬਾਹਰ ਹੋ ਗਈ ਸੀ ਪਰ ਅੱਠ ਸਾਲ ਤੋਂ ਬਾਅਦ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ।
ਬ੍ਰਾਜ਼ੀਲ ਦਾ ਰੋਨਾਲਡਿਨ੍ਹੋ ਇਕਲੌਤਾ ਅਜਿਹਾ ਖਿਡਾਰੀ ਹੈ, ਜਿਸ ਨੇ ਫੀਫਾ ਅੰਡਰ-17 ਵਿਸ਼ਵ ਕੱਪ (1997) ਤੇ ਫੀਫਾ ਵਿਸ਼ਵ ਕੱਪ (2000) ਜਿੱਤਿਆ ਹੈ। 2005 ਵਿਚ ਸਰਵਸ੍ਰੇਸ਼ਠ ਫੁੱਟਬਾਲਰ ਦਾ ਖਿਤਾਬ ਬੈਲੇਨ ਡੀ ਓਰ ਜਿੱਤਣ ਵਾਲੇ ਰੋਨਾਲਡਿਨ੍ਹੋ ਇਨ੍ਹਾਂ ਦਿਨਾਂ ਵਿਚ ਭਾਰਤ ਵਿਚ ਪ੍ਰੀਮੀਅਰ ਫੁਟਸਾਲ 'ਚ ਖੇਡ ਰਿਹਾ ਹੈ। ਬੈਲੋਨ ਡੀ ਆਰ ਦਾ ਇਕ ਹੋਰ ਜੇਤੂ ਪੁਰਤਗਾਲ ਦਾ ਲੂਈ ਫਿਗੋ ਵੀ ਅੰਡਰ-17 ਵਿਸ਼ਵ ਕੱਪ ਵਿਚ ਖੇਡ ਚੁੱਕਾ ਹੈ। ਅੰਡਰ-17 ਵਿਸ਼ਵ ਕੱਪ ਦੇ ਛੇ ਸਿਤਾਰੇ ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਨਾਲ ਬ੍ਰਾਂਡ ਅੰਬੈਸਡਰ ਦੇ ਤੌਰ 'ਤੇ ਜੁੜੇ ਹਨ, ਜਿਨ੍ਹਾਂ 'ਚ ਨਾਈਜੀਰੀਆ ਦੇ ਕਾਨੂੰ (1993) ਤੇ ਅਰਜਨਟੀਨਾ ਦੇ ਕਾਮਬਿਏਸਸੋ (1995) ਸ਼ਾਮਲ ਹਨ।


Related News