ਫਰਾਹ ਨੇ 10,000 ਮੀਟਰ ਦੌੜ ''ਚ ਲਗਾਤਾਰ 10ਵਾਂ ਸੋਨ ਤਮਗਾ ਜਿੱਤਿਆ

08/06/2017 3:32:39 AM

ਲੰਡਨ— ਬ੍ਰਿਟੇਨ ਦੇ ਲੰਮੀ ਦੂਰੀ ਦੇ ਦੌੜਾਕ ਮੁਹੰਮਦ ਫਰਾਹ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਜ਼ਬਰਦਸਤ ਸ਼ੁਰੂਆਤ ਕਰਦੇ ਹੋਏ 10,000 ਮੀਟਰ ਦੌੜ 'ਚ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਸੋਨ ਤਮਗੇ ਨਾਲ ਕੈਰੀਅਰ ਦੀ ਆਖਰੀ ਚੈਂਪੀਅਨਸ਼ਿਪ ਨੂੰ ਯਾਦਗਾਰ ਬਣਾ ਦਿੱਤਾ। ਲੰਡਨ ਸਟੇਡੀਅਮ 'ਚ ਕਰੀਬ 55,000 ਘਰੇਲੂ ਸਮਰਥਕਾਂ ਸਾਹਮਣੇ 34 ਸਾਲਾ ਦੌੜਾਕ ਨੇ ਲਗਾਤਾਰ 10ਵਾਂ ਸੋਨ ਤਮਗਾ ਆਪਣੇ ਨਾਂ ਕੀਤਾ। ਹਾਲਾਂਕਿ ਫਾਈਨਲ ਲੈਪ 'ਚ ਫਰਾਹ 2 ਵਾਰ ਡਿਗਦਾ ਹੋਇਆ ਬਚਿਆ ਤੇ ਉਸ ਦਾ ਪੈਰ ਟਰੈਕ 'ਚੋਂ ਬਾਹਰ ਜਾਂਦੇ-ਜਾਂਦੇ ਬਚਿਆ, ਜਿਸ ਕਾਰਨ ਦੌੜ ਦੇ ਆਖਿਰ ਤਕ ਉਸ ਦੇ ਪੈਰ 'ਚ ਲੱਗੀਆਂ ਸੱਟਾਂ ਲਈ ਮੈਡੀਕਲ ਸਹਾਇਤਾ ਲੈਣੀ ਪਈ।  ਫਰਾਹ ਨੇ ਯੁਗਾਂਡਾ ਦੇ ਜੋਸ਼ੁਆ ਚੇਪਤੇਗੀ ਅਤੇ ਕੀਨੀਆ ਦੇ ਪਾਲ ਤਨੁਈ ਨੂੰ ਪਿੱਛੇ ਛੱਡਦੇ ਹੋਏ 26 ਮਿੰਟ 49.51 ਸੈਕੰਡ ਦਾ ਸਮਾਂ ਲੈ ਕੇ ਸਾਲ 2017 'ਚ ਵਿਸ਼ਵ ਦਾ ਸਭ ਤੋਂ ਤੇਜ਼ ਸਮਾਂ ਕੱਢਿਆ ਅਤੇ ਯਾਦਗਾਰ ਸੋਨ ਤਮਗਾ ਆਪਣੇ ਨਾਂ ਕਰ ਲਿਆ। 20 ਸਾਲ ਦੇ ਚੇਪਤੇਗੀ ਨੇ 26 ਮਿੰਟ 49.94 ਸੈਕੰਡ ਦਾ ਸਮਾਂ ਲੈ ਕੇ ਚਾਂਦੀ ਤਮਗਾ ਤੇ ਤਨੁਈ ਨੇ 26 ਮਿੰਟ 50.60 ਸੈਕੰਡ ਦਾ ਸਮਾਂ ਲੈ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਮੁਹੰਮਦ ਅਨਸ ਅਤੇ ਦੂਤੀ ਚੰਦ ਬਾਹਰ
ਭਾਰਤ ਦਾ ਮੁਹੰਮਦ ਅਨਸ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ 400 ਮੀਟਰ  ਮੁਕਾਬਲੇ 'ਚ ਹੀਟ 'ਚੋਂ ਹੀ ਬਾਹਰ ਹੋ ਗਿਆ, ਜਦਕਿ ਫਰਾਟਾ ਦੌੜਾਕ ਦੂਤੀ ਚੰਦ ਵੀ ਔਰਤਾਂ ਦੀ 100 ਮੀਟਰ ਦੌੜ 'ਚ ਆਪਣੀ ਹੀਟ 'ਚੋਂ ਬਾਹਰ ਹੋ ਗਈ। 
ਅਨਸ 6ਵੀਂ ਹੀਟ 'ਚ ਮੁਕਾਬਲੇ ਵਿਚ ਉਤਰਿਆ ਅਤੇ 45.98 ਸੈਕੰਡ ਦਾ ਸਮਾਂ ਕੱਢ ਕੇ ਆਪਣੀ ਹੀਟ 'ਚ ਚੌਥੇ ਸਥਾਨ 'ਤੇ ਰਿਹਾ।  ਹਰ ਹੀਟ ਤੋਂ 3-3 ਐਥਲੀਟਾਂ ਨੇ ਸੈਮੀਫਾਈਨਲ ਰਾਊਂਡ ਲਈ ਕੁਆਲੀਫਾਈ ਕੀਤਾ। ਦੂਤੀ ਚੰਦ ਨੇ 5ਵੀਂ ਹੀਟ 'ਚ ਉਤਰਦਿਆਂ 12.07 ਸੈਕੰਡ ਦਾ ਬਹੁਤ ਖਰਾਬ ਸਮਾਂ ਲਿਆ ਅਤੇ ਆਪਣੀ ਹੀਟ 'ਚ ਉਹ 7 ਦੌੜਾਕਾਂ 'ਚੋਂ 6ਵੇਂ ਸਥਾਨ 'ਤੇ ਰਹੀ। ਓਵਰਆਲ ਦੂਤੀ 46 ਦੌੜਾਕਾਂ 'ਚੋਂ 38ਵੇਂ ਸਥਾਨ 'ਤੇ ਰਹੀ।


Related News