ਲੰਡਨ ਦੀਆਂ ਸੜਕਾਂ ’ਤੇ ਪ੍ਰਸ਼ੰਸਕਾਂ ਨੇ ਧੋਨੀ ਨੂੰ ਘੇਰਿਆ, ਵੀਡੀਓ ਵਾਇਰਲ
Saturday, Jul 16, 2022 - 05:37 PM (IST)

ਸਪੋਰਟਸ ਡੈਸਕ—ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਸਾਬਕਾ ਕਪਤਾਨ ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਨਾ ਸਮੇਤ ਕਈ ਸਾਬਕਾ ਭਾਰਤੀ ਕ੍ਰਿਕਟਰ ਇਸ ਸਮੇਂ ਇੰਗਲੈਂਡ ’ਚ ਹਨ। ਸਾਬਕਾ ਖਿਡਾਰੀ ਲਾਰਡਸ ’ਚ ਇੰਗਲੈਂਡ ਖ਼ਿਲਾਫ਼ ਭਾਰਤ ਦੇ ਦੂਜੇ ਇਕ ਰੋਜ਼ਾ ਮੈਚ ਦੌਰਾਨ ਵੀ ਮੌਜੂਦ ਸਨ। 3 ਮੈਚਾਂ ਦੀ ਸੀਰੀਜ਼ ਇਹ ਸੀਰੀਜ਼ ਇਸ ਸਮੇਂ ਮਾਨਚੈਸਟਰ ’ਚ ਐਤਵਾਰ ਨੂੰ ਹੋਣ ਵਾਲੇ ਆਖਰੀ ਵਨ ਡੇ ਤੋਂ ਪਹਿਲਾਂ 1-1 ਨਾਲ ਬਰਾਬਰੀ ’ਤੇ ਹੈ। 2007-2016 ਵਿਚਾਲੇ ਭਾਰਤ ਦੀ ਅਗਵਾਈ ਕਰਨ ਵਾਲੇ ਧੋਨੀ 7 ਜੁਲਾਈ ਨੂੰ ਆਪਣੇ ਜਨਮਦਿਨ ਤੋਂ ਪਹਿਲਾਂ ਇੰਗਲੈਂਡ ’ਚ ਹਨ ਅਤੇ ਇਸ ਤੋਂ ਪਹਿਲਾਂ ਇੰਗਲੈਂਡ ਦੇ ਖ਼ਿਲਾਫ਼ ਭਾਰਤ ਦੀ ਟੀ20 ਸੀਰੀਜ਼ ਦੇ ਇਕ ਮੈਚ ਦੌਰਾਨ ਵੀ ਉਹ ਸਟੇਡੀਅਮ ਦਿਖਾਈ ਦਿੱਤੇ ਸਨ।
ਸ਼ਨੀਵਾਰ ਨੂੰ ਧੋਨੀ ਦਾ ਇਕ ਫੈਨ ਵੀਡੀਓ ਵਾਇਰਲ ਹੋਇਆ, ਜਿਸ ’ਚ ਉਨ੍ਹਾਂ ਨੂੰ ਲੰਡਨ ਦੀਆਂ ਸੜਕਾਂ ’ਤੇ ਘੁੰਮਦੇ ਦੇਖਿਆ ਜਾ ਸਕਦਾ ਹੈ। ਵੱਡੀ ਗਿਣਤੀ ’ਚ ਭਾਰਤੀ ਪ੍ਰਸ਼ੰਸਕਾਂ ਨੇ ਸਾਬਕਾ ਭਾਰਤੀ ਕਪਤਾਨ ਨੂੰ ਫਾਲੋ ਕੀਤਾ। ਕਈਆਂ ਨੇ ਤਾਂ ਦੌੜਦੇ ਹੋਏ ਉਨ੍ਹਾਂ ਨਾਲ ਸੈਲਫੀ ਵੀ ਲਈਆਂ, ਜਦਕਿ ਹੋਰ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਨਜ਼ਰ ਆਏ। ਧੋਨੀ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਸਨ। ਧੋਨੀ ਨੇ 2020 ’ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਪਰ ਇੰਡੀਅਨ ਪ੍ਰੀਮੀਅਰ ਲੀਗ ’ਚ ਚੇਨਈ ਸੁਪਰ ਕਿੰਗਜ਼ ਲਈ ਖੇਡਣਾ ਜਾਰੀ ਰੱਖਿਆ। ਟੂਰਨਾਮੈਂਟ ਦੇ 2022 ਐਡੀਸ਼ਨ ’ਚ ਸੀ. ਐੱਸ. ਕੇ. ਦੇ ਫਾਈਨਲ ਗਰੁੱਪ ਗੇਮ ਦੌਰਾਨ ਧੋਨੀ ਨੇ ਪੁਸ਼ਟੀ ਕੀਤੀ ਸੀ ਕਿ ਉਹ ਇਕ ਹੋਰ ਸੀਜ਼ਨ ਖੇਡੇਗਾ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਹ ਟੂਰਨਾਮੈਂਟ ਹੁਣ ਪੂਰੇ ਦੇਸ਼ ਵਿਚ ਖੇਡਿਆ ਜਾਵੇਗਾ ਅਤੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਦਾ ਮੌਕਾ ਮਿਲੇਗਾ।
ਲਾਰਡਸ ਵ ਨਡੇ ਮੈਚ ਤੋਂ ਪਹਿਲਾਂ ਧੋਨੀ ਨੇ ਸੁਰੇਸ਼ ਰੈਨਾ ਨਾਲ ਮੁਲਾਕਾਤ ਕੀਤੀ ਸੀ। ਰੈਨਾ 2021 ਤੱਕ ਭਾਰਤ ਅਤੇ ਚੇਨਈ ਸੁਪਰ ਕਿੰਗਜ਼ ਦੋਵਾਂ ਲਈ ਧੋਨੀ ਦੀ ਕਪਤਾਨੀ ’ਚ ਖੇਡੇ ਸਨ। ਇਸ ਤੋਂ ਪਹਿਲਾਂ ਭਾਰਤ ਨੂੰ ਲਾਰਡਸ ’ਚ 100 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਭਾਰਤੀ ਟੀਮ ਨੇ ਪਹਿਲਾ ਵਨ ਡੇ 10 ਵਿਕਟਾਂ ਨਾਲ ਜਿੱਤ ਲਿਆ ਸੀ। ਭਾਰਤ ਨੇ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ ਅਤੇ ਟੈਸਟ ਸੀਰੀਜ਼ 2-2 ਨਾਲ ਡਰਾਅ ਰਹੀ ਸੀ।