ਏਸ਼ੀਆਈ ਖੇਡਾਂ ''ਚ ਹੁਣ ਤੱਕ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਮੀਦ : ਖੇਡ ਮੰਤਰੀ ਅਨੁਰਾਗ ਠਾਕੁਰ
Friday, Jun 09, 2023 - 02:51 PM (IST)
ਨਵੀਂ ਦਿੱਲੀ (ਭਾਸ਼ਾ)- ਅਗਲੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਦੇ ਹੁਣ ਤੱਕ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਮੀਦ ਜਤਾਉਂਦੇ ਹੋਏ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਟੋਕੀਓ ਓਲੰਪਿਕ ਅਤੇ ਪੈਰਾ-ਓਲੰਪਿਕ ਦੀ ਸਫਲਤਾ ਨੂੰ ਹੁਣ ਹਾਂਗਝਾਊ ਵਿਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਦੁਹਰਾਉਣ ਦਾ ਸਮਾਂ ਹੈ। ਉਨ੍ਹਾਂ ਨੇ ਹਾਲਾਂਕਿ ਤਮਗਿਆਂ ਦੀ ਗਿਣਤੀ ਦੇ ਬਾਰੇ ਵਿਚ ਕਿਆਸ ਲਾਉਣ ਤੋਂ ਮਨ੍ਹਾ ਕੀਤਾ। ਚੀਨ ਦੇ ਹਾਂਗਝਾਊ ’ਚ ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਦਰਮਿਆਨ ਖੇਡੀਆਂ ਜਾਣਗੀਆਂ, ਜਿਸ ਵਿਚ ਭਾਰਤ ਦੇ 600 ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ, ਜੋ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੋਵੇਗਾ।
ਇੱਥੇ ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ ਉੱਤੇ ਮਿਸ਼ਨ ਓਲੰਪਿਕ ਸੇਲ (ਐੱਮ. ਓ. ਸੀ.) ਦੀ 100ਵੀਂ ਬੈਠਕ ਵਿਚ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਠਾਕੁਰ ਨੇ ਕਿਹਾ,‘‘ ਕੇਂਦਰ ਸਰਕਾਰ ਨੇ ਏਸ਼ੀਆਈ ਖੇਡਾਂ ਦੀ ਤਿਆਰੀ ਉੱਤੇ ਇਸ ਸਾਲ 220 ਕਰੋਡ਼ ਰੁਪਏ ਖਰਚ ਕੀਤੇ ਹਨ, ਜਿਸ ਵਿਚ ਖਿਡਾਰੀਆਂ ਦੇ 142 ਵਿਦੇਸ਼ ਦੌਰੇ ਅਤੇ 71 ਰਾਸ਼ਟਰੀ ਕੋਚਿੰਗ ਕੈਂਪ ਸ਼ਾਮਿਲ ਹਨ, ਜਿਸ ਨਾਲ 2100 ਤੋਂ ਜ਼ਿਆਦਾ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਦੀ ਤਿਆਰੀ ਵਿਚ ਫਾਇਦਾ ਮਿਲਿਆ ਹੈ। ਇਸ ਤਰ੍ਹਾਂ ਦੀ ਤਿਆਰੀ ਨੂੰ ਵੇਖਦੇ ਹੋਏ ਭਾਰਤ ਅਗਲੀਆਂ ਏਸ਼ੀਆਈ ਖੇਡਾਂ ਵਿਚ ਤਮਗਿਆਂ ਦੇ ਲਿਹਾਜ਼ ਨਾਲ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਸਥਿਤੀ ਵਿਚ ਹੈ।”