ਆਤਮਵਿਸ਼ਵਾਸ ਨਾਲ ਭਰੇ ਮੁੰਬਈ ਇੰਡੀਅਨਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ

05/12/2023 10:53:11 AM

ਮੁੰਬਈ (ਭਾਸ਼ਾ)- ਆਤਮਵਿਸ਼ਵਾਸ ਨਾਲ ਭਰੀ ਮੁੰਬਈ ਇੰਡੀਅਨਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਮਹੱਤਵਪੂਰਨ ਮੁਕਾਬਲੇ ’ਚ ਸ਼ੁੱਕਰਵਾਰ ਯਾਨੀ ਅੱਜ ਇਥੇ ਜਦੋਂ ਅੰਕ ਸੂਚੀ ’ਚ ਟਾਪ ’ਤੇ ਚੱਲ ਰਹੇ ਪਿਛਲੇ ਚੈਂਪੀਅਨ ਗੁਜਰਾਤ ਟਾਈਟਨਸ ਦੇ ਸਾਹਮਣੇ ਹੋਵੇਗੀ ਤਾਂ ਦੋਵਾਂ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ। ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ’ਚ ਪਹਿਲੀ ਵਾਰ ਮੁੰਬਈ ਇੰਡੀਅਨਸ ਦੀ ਟੀਮ ਮਜ਼ਬੂਤ ਨਜ਼ਰ ਆ ਰਹੀ ਹੈ। ਮੰਗਲਵਾਰ ਇਥੇ ਰਾਇਲ ਚੈਲੰਜ਼ਰਸ ਬੈਂਗਲੁਰੂ (ਆਰ. ਸੀ. ਬੀ.) ਨੂੰ 6 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਮੁੰਬਈ ਨੇ ਆਰ. ਸੀ. ਬੀ. ਦੇ 200 ਦੌੜਾਂ ਦੇ ਟੀਚੇ ਨੂੰ 17 ਓਵਰਾਂ ਦੇ ਅੰਦਰ ਹੀ ਹਾਸਲ ਕਰ ਲਿਆ, ਜੋ ਦਰਸਾਉਂਦਾ ਹੈ ਕਿ ਟੀਮ ਦਾ ਬੱਲੇਬਾਜ਼ੀ ਕ੍ਰਮ ਕਿੰਨਾ ਮਜ਼ਬੂਤ ਹੈ। ਟੀਮ ਨੇ ਹਾਲਾਂਕਿ ਨੈੱਟ ਰਨ ਰੇਟ ’ਚ ਇਜ਼ਾਫਾ ਕਰਨ ਲਈ ਲਗਾਤਾਰ ਦੂਜੇ ਮੈਚ ’ਚ ਬੱਲੇਬਾਜ਼ੀ ਕ੍ਰਮ ’ਚ ਬਦਲਾਅ ਕੀਤਾ।

ਟੀਮ ਦਾ ਸਰਵਸ਼੍ਰੇਸ਼ਠ ਬੱਲੇਬਾਜ਼ ਅਤੇ ਕਪਤਾਨ ਰੋਹਿਤ ਸ਼ਰਮਾ ਖਰਾਬ ਫਾਰਮ ਨਾਲ ਜੂਝ ਰਿਹਾ ਹੈ ਅਤੇ ਪਿਛਲੀਆਂ 5 ਪਾਰੀਆਂ ’ਚ ਦੋਹਰੇ ਅੰਕ ’ਚ ਵੀ ਪਹੁੰਚਣ ’ਚ ਨਾਕਾਮ ਰਿਹਾ ਹੈ। ਇਸ ਦੇ ਬਾਵਜੂਦ ਮੁੰਬਈ ਦੇ ਬੱਲੇਬਾਜ਼ਾਂ ਨੇ ਵਾਨਖੇੜੇ ਸਟੇਡੀਅਮ ’ਚ 3 ਯਤਨਾਂ ’ਚ 2 ਵਾਰ 200 ਜਾਂ ਇਸ ਤੋਂ ਜ਼ਿਆਦਾ ਦੇ ਟੀਚੇ ਨੂੰ ਹਾਸਲ ਕੀਤਾ। ਇਥੋਂ ਤੱਕ ਕਿ ਪੰਜਾਬ ਕਿੰਗਜ਼ ਖਿਲਾਫ ਵੀ ਮੁੰਬਈ ਨੇ 215 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 6 ਵਿਕਟਾਂ ’ਤੇ 201 ਦੌੜਾਂ ਬਣਾਈਆਂ ਸਨ। ਮੁੰਬਈ ਲਈ ਮੌਜੂਦਾ ਸੈਸ਼ਨ ’ਚ ਸਭ ਤੋਂ ਵੱਡੀ ਚਿੰਤਾ ਰੋਹਿਤ ਦੀ ਫਾਰਮ ਨਹੀਂ, ਬਲਕਿ ਟੀਮ ਦੀ ਗੇਂਦਬਾਜ਼ੀ ਹੈ। ਟੀਮ ਖਿਲਾਫ ਲਾਗਤਾਰ 4 ਮੈਚ ’ਚ 200 ਤੋਂ ਜ਼ਿਆਦਾ ਦੌੜਾਂ ਬਣੀਆਂ ਜਦਕਿ ਆਰ. ਸੀ. ਬੀ. ਦੀ ਟੀਮ ਵੀ 199 ਦੌੜਾਂ ਬਣਾਉਣ ’ਚ ਸਫਲ ਰਹੀ। ਪਿਛਲੇ 3 ਮੈਚਾਂ ’ਚ ਵਿਰੋਧੀ ਟੀਮਾਂ ਨੇ ਸਪਾਟ ਵਿਕਟ ਅਤੇ ਬੱਲੇਬਾਜ਼ੀ ਮੁਤਾਬਕ ਹਾਲਾਤ ਦਾ ਫਾਇਦਾ ਉਠਾਉਂਦੇ ਹੋਏ ਮੁੰਬਈ ਇੰਡੀਅਨਸ ਖਿਲਾਫ 8 ਵਿਕਟਾਂ ’ਤੇ 214, 7 ਵਿਕਟਾਂ ’ਤੇ 212 ਅਤੇ 6 ਵਿਕਟਾਂ ’ਤੇ 199 ਦੌੜਾਂ ਬਣਾਈਆਂ ਅਤੇ ਗੁਜਰਾਤ ਟਾਈਟਨਸ ਦੀਆਂ ਨਜ਼ਰਾਂ ਵੀ ਵੱਡੇ ਸਕੋਰ ’ਤੇ ਟਿਕੀਆਂ ਹੋਣਗੀਆਂ।

ਗੁਜਰਾਤ ਨੇ 11 ’ਚੋਂ 8 ਮੁਕਾਬਲੇ ਜਿੱਤੇ ਹਨ ਅਤੇ ਪਲੇਅਾਫ ’ਚ ਜਗ੍ਹਾ ਬਣਾਉਣ ਦੀ ਦਹਿਲੀਜ਼ ’ਤੇ ਖੜੀ ਹੈ। ਕਪਤਾਨ ਹਾਰਦਿਕ ਪੰਡਯਾ ਅਤੇ ਆਸ਼ੀਸ਼ ਨੇਹਰਾ ਇਸ ਸਾਲ ਵੀ ਖਿਡਾਰੀਆਂ ਦੀ ਸਫਲਤਾ ਲਈ ਸਹੀ ਮਾਹੌਲ ਤਿਆਰ ਕਰਨ ’ਚ ਸਫਲ ਰਹੇ ਹਨ, ਜਿਸ ਨਾਲ ਟੀਮ ਲਗਾਤਾਰ ਦੂਜੇ ਸਾਲ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਉਭਰੀ ਹੈ। ਗੁਜਰਾਤ ਟਾਈਟਨਸ ਨੇ ਇਸ ਸਾਲ ਵਿਰੋਧੀ ਮੈਦਾਨ ’ਤੇ ਕੋਈ ਮੈਚ ਨਹੀਂ ਗੁਆਇਆ ਹੈ। ਉਸ ਨੂੰ ਹੁਣ ਤੱਕ ਤਿੰਨੋਂ ਹਾਰ ਅਹਿਮਦਾਬਾਦ ਦੇ ਆਪਣੇ ਘਰੇਲੂ ਮੈਦਾਨ ’ਤੇ ਮਿਲੀ ਹੈ।


cherry

Content Editor

Related News