ਦ੍ਰਾਵਿੜ ਦੇ ਸ਼ੇਰ ਵਿਸ਼ਵ ਕੱਪ ''ਚ ਦਮ ਦਿਖਾਉਣ ਲਈ ਤਿਆਰ

01/12/2018 4:41:03 AM

ਜਲੰਧਰ — ਭਾਰਤ ਨੇ ਅੰਡਰ-19 ਵਿਸ਼ਵ ਕੱਪ ਆਖਰੀ ਵਾਰ 2012 ਵਿਚ ਕਪਤਾਨ ਉਨਮੁਕਤ ਚੰਦ ਦੀ ਅਗਵਾਈ ਵਿਚ ਜਿੱਤਿਆ ਸੀ। ਇਸ ਤੋਂ ਬਾਅਦ ਜ਼ਿੰਮੇਵਾਰੀ ਹੈ-ਪ੍ਰਿਥਵੀ ਸ਼ਾਹ 'ਤੇ। ਮਹਾਰਾਸ਼ਟਰ ਦਾ ਸ਼ਾਹ ਹੈਰਿਸ ਸ਼ੀਲਡ ਟੂਰਨਾਮੈਂਟ ਵਿਚ 330 ਗੇਂਦਾਂ 'ਤੇ 556 ਦੌੜਾਂ ਬਣਾਉਣ ਤੋਂ ਬਾਅਦ ਚਰਚਾ ਵਿਚ ਆਇਆ ਸੀ। ਉਸ ਦੇ ਨਾਂ ਰਣਜੀ ਤੇ ਦਲੀਪ ਟਰਾਫੀ ਦੇ ਡੈਬਿਊ ਮੈਚ ਵਿਚ ਸੈਂਕੜੇ ਬਣਾਉਣ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਕਾਰਨਾਮਾ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਹੀ ਕੀਤਾ ਸੀ। ਆਪਣੇ ਬੱਲੇਬਾਜ਼ੀ ਸਟਾਈਲ ਲਈ ਸ਼ਾਹ ਦੀ ਅਕਸਰ ਸਚਿਨ ਨਾਲ ਤੁਲਨਾ ਕੀਤੀ ਜਾਂਦੀ ਹੈ। ਉਥੇ ਹੀ ਟੀਮ ਇੰਡੀਆ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਇਸ ਵਾਰ ਬੀ. ਸੀ. ਸੀ. ਆਈ. ਨੇ ਰਾਹੁਲ ਦ੍ਰਾਵਿੜ ਨੂੰ ਸੌਂਪੀ ਹੈ। ਦ੍ਰਾਵਿੜ ਦੀ ਕੋਚਿੰਗ ਵਿਚ ਭਾਰਤ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਹੀ ਅਭਿਆਸ ਮੈਚ ਵਿਚ ਦੱਖਣੀ ਅਫਰੀਕਾ ਨੂੰ 189 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਮੀਦ ਹੈ ਕਿ ਦ੍ਰਾਵਿੜ ਦੇ ਇਹ 15 ਸ਼ੇਰ ਵਿਸ਼ਵ ਕੱਪ ਵਿਚ ਚੰਗਾ ਦਮ ਦਿਖਾਉਣਗੇ। ਨਿਊਜ਼ੀਲੈਂਡ ਵਿਚ 13 ਜਨਵਰੀ ਤੋਂ ਅੰਡਰ-19 ਕ੍ਰਿਕਟ ਵਿਸ਼ਵ ਕੱਪ ਕਰਵਾਇਆ ਜਾਵੇਗਾ। ਇਸ ਵਿਚ ਭਾਰਤੀ ਟੀਮ ਪ੍ਰਿਥਵੀ ਸ਼ਾਹ ਦੀ ਅਗਵਾਈ ਵਿਚ ਟੱਕਰ ਦੇਣ ਲਈ ਤਿਆਰ ਹੈ। ਭਾਰਤੀ ਟੀਮ ਹੁਣ ਤਕ ਸਭ ਤੋਂ ਵੱਧ 3 ਵਾਰ ਅੰਡਰ-19 ਵਿਸ਼ਵ ਕੱਪ ਜਿੱਤ ਕੇ ਆਸਟ੍ਰੇਲੀਆ ਦੀ ਬਰਾਬਰੀ ਕਰ ਚੁੱਕੀ ਹੈ। ਉਥੇ ਹੀ ਨਿਊਜ਼ੀਲੈਂਡ ਅਜਿਹਾ ਪਹਿਲਾ ਦੇਸ਼ ਹੈ, ਜਿਹੜਾ ਤੀਜੀ ਵਾਰ ਵਿਸ਼ਵ ਕੱਪ ਦਾ ਆਯੋਜਨ ਕਰ ਰਿਹਾ ਹੈ। ਹੁਣ ਟੀਮ ਇੰਡੀਆ ਨੂੰ ਪੂਲ-ਬੀ ਵਿਚ ਰੱਖਿਆ ਗਿਆ ਹੈ, ਜਿਹੜਾ ਕਾਫੀ ਆਸਾਨ ਹੈ।
ਭਾਰਤ ਦੇ ਨਾਂ ਲਗਾਤਾਰ 8 ਜਿੱਤਾਂ ਦਰਜ ਕਰਨ ਦਾ ਰਿਕਰਾਡ
ਭਾਰਤੀ ਟੀਮ ਦਾ ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਹਮੇਸ਼ਾ ਸ਼ਲਾਘਾਯੋਗ ਰਿਹਾ ਹੈ। ਟੀਮ ਦੇ ਨਾਂ 3 ਸੈਸ਼ਨਾਂ ਵਿਚ ਲਗਾਤਾਰ 8ਜਿੱਤਾਂ ਦਾ ਰਿਕਾਰਡ ਹੈ ਹਾਲਾਂਕਿ ਆਸਟ੍ਰੇਲੀਆ ਲਗਾਤਾਰ 9 ਜਿੱਤਾਂ ਨਾਲ ਇਸ ਸੂਚੀ ਵਿਚ ਚੋਟੀ 'ਤੇ ਹੈ ਪਰ ਉਹ ਆਪਣਾ ਇਹ ਰਿਕਾਰਡ ਇਕ ਸੈਸ਼ਨ ਵਿਚ ਹੀ ਰੱਖ ਸਕੀ ਜਦਕਿ ਭਾਰਤ ਨੇ 3 ਸੈਸ਼ਨਾਂ ਵਿਚ 8 ਮੈਚ ਜਿੱਤਣ ਦਾ ਰਿਕਾਰਡ ਬਣਾਇਆ ਹੈ। 5 ਵਾਰ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਅੰਡਰ-19 ਫਾਈਨਲ ਵਿਚ ਪਹੁੰਚੀਆਂ ਹਨ। ਇਨ੍ਹਾਂ ਦੋਵਾਂ ਨੇ 3-3 ਵਾਰ ਖਿਤਾਬ ਜਿੱਤਿਆ। 2010 ਵਿਚ ਭਾਰਤ 6ਵੇਂ ਤੇ 2014 ਵਿਚ ਚੌਥੇ ਨੰਬਰ 'ਤੇ ਆਇਆ ਸੀ, ਜਿਹੜਾ ਕਿ ਹੁਣ ਤਕ ਦਾ ਉਸਦਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ। ਬਾਕੀ ਟੂਰਨਾਮੈਂਟਾਂ ਵਿਚ ਭਾਰਤ ਹਮੇਸ਼ਾ ਟਾਪ-3 ਵਿਚ ਰਿਹਾ।

 


Related News