ਫ਼੍ਰੈਂਚ ਓਪਨ : ਚੌਥਾ ਦਰਜਾ ਪ੍ਰਾਪਤ ਡੋਮਿਨਿਕ ਥਿਏਮ ਪਹਿਲੇ ਰਾਊਂਡ ’ਚ ਬਾਹਰ
Monday, May 31, 2021 - 07:42 PM (IST)
ਪੈਰਿਸ— ਚੌਥਾ ਦਰਜਾ ਪ੍ਰਾਪਤ ਆਸਟ੍ਰੀਆ ਦੇ ਡੋਮਿਨਿਕ ਥਿਏਮ ਪਹਿਲੇ ਦੌਰ ਦੇ ਮੁਕਾਬਲੇ ’ਚ ਸਪੇਨ ਦੇ ਪਾਬਲੋ ਐਨਡੁਜਾਰ ਤੋਂ ਐਤਵਾਰ ਨੂੰ ਲਗਭਗ ਸਾਢੇ ਚਾਰ ਘੰਟੇ ਤਕ ਚਲੇ ਪੰਜ ਸੈੱਟਾਂ ਦੇ ਮੁਕਾਬਲੇ ’ਚ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ਼੍ਰੈਂਚ ਓਪਨ ਤੋਂ ਬਾਹਰ ਹੋ ਗਏ। ਐਨਡੁਜਾਰ ਨੇ ਥਿਏਮ ਤੋਂ ਪਹਿਲੇ ਦੋ ਸੈੱਟ ਹਾਰਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਸੈੱਟ ਜਿੱਤ ਕੇ ਚਾਰ ਘੰਟੇ 28 ਮਿੰਟ ’ਚ 6-4, 7-5, 3-6, 4-6, 4-6 ਨਾਲ ਦੂਜੇ ਦੌਰ ’ਚ ਜਗ੍ਹਾ ਬਣਾ ਲਈ। ਪੰਜਵਾਂ ਦਰਜਾ ਯੂਨਾਨ ਦੇ ਸਤੇਫ਼ਾਨੋਸ ਸਿਤਸਿਪਾਸ ਨੇ ਆਸਾਨ ਜਿੱਤ ਨਾਲ ਦੂਜੇ ਦੌਰ ’ਚ ਜਗ੍ਹਾ ਬਣਾਈ।
ਸਿਤਸਿਪਾਸ ਨੇ ਦੋ ਘੰਟੇ ਚਾਰ ਮਿੰਟ ਤਕ ਚਲੇ ਮੁਕਾਬਲੇ ’ਚ ਜੇਰੇਮੀ ਚਾਡ੍ਰੀ ਨੂੰ ਲਗਾਤਾਰ ਸੈੱਟਾਂ ’ਚ 7-6, 6-3, 6-1 ਨਾਲ ਹਰਾਇਆ। ਛੇਵਾਂ ਦਰਜਾ ਪ੍ਰਾਪਤ ਜਰਮਨੀ ਦੇ ਆਂਦਰੇ ਜਵੇਰੇਵ ਨੇ ਹਮਵਤਨ ਕੁਆਲੀਫ਼ਾਇਰ ਆਕਸਕਰ ਓਟੀਟੀ ਨੂੰ ਪੰਜ ਸੈੱਟਾਂ ’ਚ 3-6, 3-6, 6-2, 6-0 ਨਾਲ ਹਰਾ ਕੇ ਦੂਜੇ ਦੌਰ ’ਚ ਜਗ੍ਹਾ ਬਣਾ ਲਈ। ਮਹਿਲਾਵਾਂ ’ਚ ਤੀਜਾ ਦਰਜਾ ਪ੍ਰਾਪਤ ਬੇਲਾਰੂਸ ਦੀ ਅਰੰਯਾ ਸਬਾਲੇਂਕਾ ਤੇ 23ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਮੇਡੀਸਨ ਕੀਜ ਆਪਣੇ ਪਹਿਲੇ ਦੌਰ ਦੇ ਮੁਕਾਬਲੇ ਜਿੱਤ ਕੇ ਦੂਜੇ ਦੌਰ ’ਚ ਪਹੁੰਚ ਗਈਆਂ ਹਨ।