ਡਿਸਕਸ ਥਰੋਅਰ ਕਮਲਪ੍ਰੀਤ ਕੌਰ ਡੋਪਿੰਗ ਜਾਂਚ ''ਚ ਪਾਈ ਗਈ ਦੋਸ਼ੀ, ਲੱਗੀ 3 ਸਾਲ ਦੀ ਪਾਬੰਦੀ
Wednesday, Oct 12, 2022 - 08:12 PM (IST)
ਨਵੀਂ ਦਿੱਲੀ- ਭਾਰਤ ਦੀ ਡਿਸਕਸ ਥਰੋਅਰ ਮਹਿਲਾ ਅਥਲੀਟ ਕਮਲਪ੍ਰੀਤ ਕੌਰ 'ਤੇ ਡੋਪਿੰਗ ਕਾਰਨ 3 ਸਾਲ ਦੀ ਪਾਬੰਦੀ ਲਗਾਈ ਗਈ ਹੈ। ਅੰਤਰਰਾਸ਼ਟਰੀ ਸੰਸਥਾ ਵਿਸ਼ਵ ਅਥਲੈਟਿਕਸ ਨਾਲ ਜੁੜੀ ਐਥਲੈਟਿਕਸ ਇੰਟੈਗਰਿਟੀ ਯੂਨਿਟ (ਏ.ਆਈ.ਯੂ.) ਨੇ ਐਲਾਨ ਕੀਤਾ ਹੈ ਕਿ ਖਿਡਾਰਨ ਖ਼ਿਲਾਫ਼ ਇਹ ਫੈਸਲਾ ਉਸ ਵਲੋਂ ਵਰਜਿਤ ਪਦਾਰਥਾਂ ਦੀ ਵਰਤੋਂ ਕਾਰਨ ਲਿਆ ਗਿਆ ਹੈ। AIU ਨੇ ਇਸ ਸਬੰਧ 'ਚ ਟਵੀਟ ਕੀਤਾ ਹੈ ਕਿ 7 ਮਾਰਚ 2022 ਤੋਂ ਬਾਅਦ ਉਨ੍ਹਾਂ ਨੇ ਜਿਸ ਵੀ ਮੁਕਾਬਲੇ 'ਚ ਹਿੱਸਾ ਲਿਆ ਹੈ, ਉਸ ਦੇ ਨਤੀਜੇ ਨੂੰ ਵੈਧ ਨਹੀਂ ਮੰਨਿਆ ਜਾਵੇਗਾ। ਕਮਲਪ੍ਰੀਤ ਕੌਰ 'ਤੇ ਪਾਬੰਦੀ 29 ਮਾਰਚ 2022 ਤੋਂ ਸ਼ੁਰੂ ਹੋਵੇਗੀ। ਕਮਲਪ੍ਰੀਤ ਟੋਕੀਓ ਓਲੰਪਿਕ 'ਚ ਛੇਵੇਂ ਸਥਾਨ 'ਤੇ ਰਹੀ ਸੀ।
ਇਸ ਤੋਂ ਪਹਿਲਾਂ, ਚੋਟੀ ਦੀ ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਪਾਬੰਦੀਸ਼ੁਦਾ ਸਟੇਰੌਇਡ ਦੀ ਜਾਂਚ 'ਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਐਥਲੈਟਿਕਸ ਇੰਟੈਗਰਿਟੀ ਯੂਨਿਟ (AIU) ਦੁਆਰਾ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਕਮਲਪ੍ਰੀਤ ਨੂੰ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਸ 'ਤੇ 3 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ICC Rankings : ਟੀ20 ਰੈਂਕਿੰਗ 'ਚ ਸੂਰਯਕੁਮਾਰ ਦੂਜੇ ਸਥਾਨ 'ਤੇ ਬਰਕਰਾਰ, ਸ਼੍ਰੇਅਸ-ਕੁਲਦੀਪ ਅੱਗੇ ਵਧੇ
ਜ਼ਿਕਰਯੋਗ ਹੈ ਕਿ 'ਐਥਲੈਟਿਕਸ ਇੰਟੀਗਰਿਟੀ ਯੂਨਿਟ' ਵਿਸ਼ਵ ਅਥਲੈਟਿਕਸ ਵਲੋਂ ਸਥਾਪਿਤ ਇੱਕ ਸੁਤੰਤਰ ਸੰਸਥਾ ਹੈ। ਉਸ ਨੇ ਪੰਜਾਬ ਦੀ ਇਸ 26 ਸਾਲਾ ਖਿਡਾਰਨ ਨੂੰ ਨੋਟਿਸ ਜਾਰੀ ਕਰਕੇ ਉਸ ਦਾ ਪੱਖ ਰੱਖਣ ਲਈ ਕਿਹਾ ਸੀ। ਨੈਸ਼ਨਲ ਰਿਕਾਰਡ ਹੋਲਡਰ ਕਮਲਪ੍ਰੀਤ ਟੋਕੀਓ ਓਲੰਪਿਕ 'ਚ ਛੇਵੇਂ ਸਥਾਨ 'ਤੇ ਰਹੀ ਸੀ। ਕਮਲਪ੍ਰੀਤ ਕੌਰ ਨੇ ਪਿਛਲੇ ਸਾਲ ਪਟਿਆਲਾ ਵਿੱਚ 66.59 ਮੀਟਰ ਥਰੋਅ ਕਰਕੇ ਕੌਮੀ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ 2018 ਵਿੱਚ ਉਸ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 61.04 ਮੀਟਰ ਸੀ।
ਪਟਿਆਲਾ ਵਿੱਚ ਕੌਮੀ ਰਿਕਾਰਡ ਨਾਲ ਪਹਿਲੇ ਸਥਾਨ ’ਤੇ ਰਹਿਣ ਵਾਲੀ ਕਮਲਪ੍ਰੀਤ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਉਸਨੇ ਟੋਕੀਓ ਵਿੱਚ ਕੁਆਲੀਫਾਇੰਗ ਰਾਊਂਡ ਵਿੱਚ ਡਿਸਕਸ 64.00 ਮੀਟਰ ਸੁੱਟਿਆ। ਫਾਈਨਲ ਵਿੱਚ ਉਹ 63.70 ਮੀਟਰ ਨਾਲ ਛੇਵੇਂ ਸਥਾਨ ’ਤੇ ਰਹੀ। ਇਸ ਸਾਲ, ਉਸ ਨੇ ਮਾਰਚ ਵਿੱਚ ਤਿਰੂਅਨੰਤਪੁਰਮ ਵਿੱਚ ਇੰਡੀਅਨ ਗ੍ਰਾਂ ਪ੍ਰੀ ਮੀਟ ਵਿੱਚ ਡਿਸਕਸ 61.39 ਮੀਟਰ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।