ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਡਿੰਗ ਲੀਰੇਨ ਬਣਿਆ ਸਿੰਕਫੀਲਡ ਕੱਪ ਜੇਤੂ
Friday, Aug 30, 2019 - 11:45 PM (IST)

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)— ਚੀਨ ਦੇ ਨੰਬਰ-1 ਖਿਡਾਰੀ ਡਿੰਗ ਲੀਰੇਨ ਨੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਸਿੰਕਫੀਲਡ ਕੱਪ ਸ਼ਤਰੰਜ ਚੈਂਪੀਅਨਸ਼ਿਪ ਦੇ ਪਲੇਅ ਆਫ ਵਿਚ 3-1 ਨਾਲ ਹਰਾਉਂਦਿਆਂ ਇਤਿਹਾਸ ਰਚ ਦਿੱਤਾ। ਇਸ ਤੋਂ ਪਹਿਲਾਂ ਕਾਰਲਸਨ ਦੇ ਟਾਈਬ੍ਰੇਕ ਵਿਚ ਹੋਏ ਦੋਵੇਂ ਰੈਪਿਡ ਮੁਕਾਬਲੇ ਡਰਾਅ ਰਹੇ ਪਰ ਬਲਿਟਜ਼ ਵਿਚ ਡਿੰਗ ਲੀਰੇਨ ਨੇ ਕਾਰਲਸਨ ਨੂੰ ਦੋਵੇਂ ਮੁਕਾਬਲਿਆਂ ਵਿਚ ਹਰਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ।
ਪਹਿਲੇ ਬਲਿਟਜ਼ ਮੁਕਾਬਲੇ ਵਿਚ ਇੰਗਲਿਸ਼ ਵੈਰੀਏਸ਼ਨ ਵਿਚ ਜਿੱਥੇ ਕਾਰਲਸਨ ਲਗਭਗ ਡਰਾਅ ਮੁਕਾਬਲਾ ਸਮੇਂ ਦੀ ਕਮੀ ਦੇ ਕਾਰਣ ਫਲੈਗ ਡਾਊਨ ਤੋਂ ਹਾਰ ਗਿਆ ਤਾਂ ਦੂਜੇ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨ ਦੀ ਕੋਸ਼ਿਸ਼ ਵਿਚ ਡਿੰਗ ਨੇ ਆਪਣੇ ਵਜ਼ੀਰ ਦੇ ਬਦਲੇ ਉਸਦੇ ਰਾਜਾ ਨੂੰ ਘੇਰ ਕੇ ਜ਼ੋਰਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਐਵਾਰਡ ਦੇ ਦੌਰ ’ਤੇ ਡਿੰਗ ਨੂੰ 82,500 ਅਮਰੀਕਨ ਡਾਲਰ ਦੀ ਰਾਸ਼ੀ ਦਿੱਤੀ ਗਈ।