ਦਿਮਿਤਰੋਵ ਅਤੇ ਸਿਨਰ ਫਰੈਂਚ ਓਪਨ ਦੇ ਕੁਆਰਟਰ ਫਾਈਨਲ ''ਚ ਪਹੁੰਚੇ

06/03/2024 1:52:48 PM

ਪੈਰਿਸ (ਭਾਸ਼ਾ)- ਗ੍ਰਿਗੋਰ ਦਿਮਿਤਰੋਵ ਨੇ ਹੁਬਰਟ ਹੁਰਕਾਜ਼ ਨੂੰ ਸਖ਼ਤ ਮੁਕਾਬਲੇ 'ਚ ਹਰਾ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਸ ਦਾ ਸਾਹਮਣਾ ਆਸਟ੍ਰੇਲੀਅਨ ਓਪਨ ਚੈਂਪੀਅਨ ਯਾਨਿਕ ਸਿਨੇਰ ਨਾਲ ਹੋਵੇਗਾ। ਦਸਵਾਂ ਦਰਜਾ ਪ੍ਰਾਪਤ ਦਿਮਿਤਰੋਵ ਨੇ ਅੱਠਵਾਂ ਦਰਜਾ ਪ੍ਰਾਪਤ ਹੁਰਕਾਜ਼ ਨੂੰ 7-6 (5), 6-4, 7-6 (3) ਨਾਲ ਹਰਾਇਆ। ਇਹ ਪਹਿਲੀ ਵਾਰ ਹੈ ਜਦੋਂ ਦਿਮਿਤਰੋਵ ਨੇ ਫਰੈਂਚ ਓਪਨ ਦੇ ਆਖਰੀ ਅੱਠਾਂ ਵਿੱਚ ਥਾਂ ਬਣਾਈ ਹੈ। ਉਹ ਯੂਐਸ ਓਪਨ, ਆਸਟ੍ਰੇਲੀਅਨ ਓਪਨ ਅਤੇ ਵਿੰਬਲਡਨ ਵਿੱਚ ਇੱਕ-ਇੱਕ ਵਾਰ ਸੈਮੀਫਾਈਨਲ ਵਿੱਚ ਪਹੁੰਚਿਆ ਹੈ। 

ਸਿਨਰ ਨੇ ਫਰਾਂਸ ਦੇ ਗੈਰ ਦਰਜਾ ਪ੍ਰਾਪਤ ਕੋਰੇਂਟਿਨ ਮੌਟੇਟ ਖਿਲਾਫ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 2-6, 6-3, 6-2, 6-1 ਨਾਲ ਜਿੱਤ ਦਰਜ ਕੀਤੀ। ਪੁਰਸ਼ ਵਰਗ ਵਿੱਚ ਦੋ ਵਾਰ ਦੇ ਗ੍ਰੈਂਡ ਸਲੈਮ ਜੇਤੂ ਕਾਰਲੋਸ ਅਲਕਾਰਜ਼ ਅਤੇ 2021 ਫ੍ਰੈਂਚ ਓਪਨ ਦੇ ਉਪ ਜੇਤੂ ਸਟੇਫਾਨੋਸ ਸਿਟਸਿਪਾਸ ਨੇ ਵੀ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਇੱਕ ਦੂਜੇ ਨਾਲ ਭਿੜਨਗੇ। ਤੀਜਾ ਦਰਜਾ ਪ੍ਰਾਪਤ ਅਲਕਾਰਜ਼ ਨੇ 21ਵਾਂ ਦਰਜਾ ਪ੍ਰਾਪਤ ਕੈਨੇਡਾ ਦੇ ਫੇਲਿਕਸ ਔਗਰ ਅਲਿਆਸੀਮ ਨੂੰ 6-3, 6-3, 6-1 ਨਾਲ ਹਰਾਇਆ ਜਦੋਂਕਿ ਨੌਵਾਂ ਦਰਜਾ ਪ੍ਰਾਪਤ ਸਿਟਸਿਪਾਸ ਨੇ ਇਟਲੀ ਦੇ ਗੈਰ ਦਰਜਾ ਪ੍ਰਾਪਤ ਮਾਟੇਓ ਅਰਨੋਲਡੀ ਨੂੰ 3-6, 7-6 (4), 6-2 ਨਾਲ ਹਰਾਇਆ।

ਮਹਿਲਾ ਵਰਗ ਵਿੱਚ ਵਿੰਬਲਡਨ ਚੈਂਪੀਅਨ ਮਾਰਕਾ ਵੋਂਡਰੋਸੋਵਾ ਅਤੇ ਓਨਸ ਜਾਬਿਊਰ ਨੇ ਵੀ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਚੈੱਕ ਗਣਰਾਜ ਦੀ ਪੰਜਵਾਂ ਦਰਜਾ ਪ੍ਰਾਪਤ ਵੋਂਡਰੋਸੋਵਾ ਨੇ ਸਰਬੀਆ ਦੀ ਓਲਗਾ ਡੇਨਿਲੋਵਿਕ ਨੂੰ 6-4, 6-2 ਨਾਲ ਹਰਾਇਆ। ਟਿਊਨੀਸ਼ੀਆ ਦੀ ਅੱਠਵਾਂ ਦਰਜਾ ਪ੍ਰਾਪਤ ਜਬੇਉਰ ਨੇ ਗੈਰ ਦਰਜਾ ਪ੍ਰਾਪਤ ਡੇਨ ਕਲਾਰਾ ਟੌਸਨ ਨੂੰ 6-4, 6-4 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ। ਆਖ਼ਰੀ ਅੱਠਾਂ ਵਿੱਚ ਉਸ ਦਾ ਸਾਹਮਣਾ ਅਮਰੀਕਾ ਦੀ ਕੋਕੋ ਗੌਫ਼ ਨਾਲ ਹੋਵੇਗਾ, ਜਿਸ ਨੇ ਗੈਰ ਦਰਜਾ ਪ੍ਰਾਪਤ ਇਟਲੀ ਦੀ ਐਲਿਜ਼ਾਬੇਟਾ ਕੋਸਿਆਰੇਟੋ ਨੂੰ 6-1, 6-2 ਨਾਲ ਹਰਾਇਆ। 


Tarsem Singh

Content Editor

Related News