ਪੰਜਾਬੀਆਂ ਦੀ ਬੱਲੇ-ਬੱਲੇ... ਰਾਸ਼ਟਰਮੰਡਲ ਖੇਡਾਂ 'ਚ ਵੱਖ-ਵੱਖ ਮੁਲਕਾਂ ਦੇ ਪੰਜਾਬੀ ਪਹਿਲਵਾਨਾਂ ਨੇ ਜਿੱਤੇ 4 ਮੈਡਲ

08/07/2022 12:59:33 AM

ਸਪੋਰਟਸ ਡੈਸਕ : ਬਰਮਿੰਘਮ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 'ਚ ਮੁੰਡਿਆਂ ਦੀ ਕੁਸ਼ਤੀ ਦੇ ਸਿਖਰਲੇ ਹੈਵੀਵੇਟ 125 ਕਿਲੋ ਭਾਰ ਵਰਗ ਦੇ ਬੀਤੀ ਅੱਧੀ ਰਾਤ ਹੋਏ ਮੁਕਾਬਲਿਆਂ ਵਿੱਚ ਅਲੱਗ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਇਕ-ਇਕ ਸੋਨੇ ਤੇ ਚਾਂਦੀ ਅਤੇ 2 ਕਾਂਸੀ ਦੇ ਤਮਗੇ ਭਾਵੇਂ 4 ਵੱਖ-ਵੱਖ ਮੁਲਕਾਂ ਨੇ ਜਿੱਤੇ ਪਰ ਮੈਡਲ ਜਿੱਤਣ ਵਾਲੇ ਚਾਰੇ ਪਹਿਲਵਾਨਾਂ ਦਾ ਪਿਛੋਕੜ ਪੰਜਾਬ ਦਾ ਹੈ। ਚਾਰੇ ਪਹਿਲਵਾਨ ਦੀ ਦੇਸ਼ ਵੰਡ ਤੋਂ ਪਹਿਲਾਂ ਵਾਲੇ ਸਾਂਝੇ ਪੰਜਾਬ ਦੇ ਰਹਿਣ ਵਾਲੇ ਹਨ। ਕੈਨੇਡਾ ਦੇ ਅਮਰਵੀਰ ਢੇਸੀ ਨੇ ਫਾਈਨਲ ਵਿੱਚ ਪਾਕਿਸਤਾਨ ਦੇ ਜ਼ਮਾਨ ਅਨਵਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਅਨਵਰ ਨੂੰ ਚਾਂਦੀ ਦਾ ਤਮਗਾ ਮਿਲਿਆ। ਕਾਂਸੀ ਦੇ ਮੈਡਲ ਲਈ ਹੋਏ 2 ਮੁਕਾਬਲਿਆਂ ਵਿੱਚ ਭਾਰਤ ਦੇ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਐਰੋਨ ਜਾਨਸਨ ਤੇ ਇੰਗਲੈਂਡ ਦੇ ਮਨਧੀਰ ਕੂਨਰ ਨੇ ਮੌਰੀਸਿਸ ਦੇ ਕੈਂਸਲੇ ਮੈਰੀ ਨੂੰ ਹਰਾ ਕੇ ਕਾਂਸੀ ਦੇ ਮੈਡਲ ਜਿੱਤੇ।

ਮੈਡਲ ਸੈਰੇਮਨੀ ਦੌਰਾਨ ਜੇਤੂ ਮੰਚ 'ਤੇ ਖੜ੍ਹੇ ਚਾਰੇ ਭਲਵਾਨ ਅਮਰਵੀਰ ਢੇਸੀ, ਜ਼ਮਾਨ ਅਨਵਰ, ਮੋਹਿਤ ਗਰੇਵਾਲ ਤੇ ਮਨਧੀਰ ਕੂਨਰ ਮੂਲ ਰੂਪ 'ਚ ਪੰਜਾਬੀ ਹੀ ਹਨ। ਅਮਰਵੀਰ ਢੇਸੀ ਦਾ ਜੱਦੀ ਪਿੰਡ ਚੜ੍ਹਦੇ ਪੰਜਾਬ (ਭਾਰਤ) ਦੇ ਜਲੰਧਰ ਜ਼ਿਲ੍ਹੇ ਵਿਚਲਾ ਸੰਘਵਾਲ ਹੈ। ਉਸ ਦਾ ਪਿਤਾ ਬਲਬੀਰ ਢੇਸੀ ਭਾਰਤ ਰਹਿੰਦਾ ਹੋਇਆ ਗਰੀਕੋ ਰੋਮਨ ਵਿੱਚ ਨੈਸ਼ਨਲ ਚੈਂਪੀਅਨ ਤੇ ਰੁਸਤਮ-ਏ-ਹਿੰਦ ਰਿਹਾ ਹੈ। 80ਵਿਆਂ ਦੇ ਸ਼ੁਰੂ ਵਿੱਚ ਢੇਸੀ ਪਰਿਵਾਰ ਪੰਜਾਬ ਤੋਂ ਕੈਨੇਡਾ ਸ਼ਿਫਟ ਹੋ ਗਿਆ ਸੀ। ਅਮਰਵੀਰ 2014 'ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਅਤੇ ਇਸ ਸਾਲ ਪੈਨ ਅਮਰੈਕਿਨ ਕੁਸ਼ਤੀ ਚੈਂਪੀਅਨਸ਼ਿਪ ਦਾ ਗੋਲਡ ਮੈਡਲਿਸਟ ਹੈ। ਸੱਚਮੁੱਚ ਇਹ ਪਹਿਲਵਾਨ ਗਾਮੇ, ਕਿੱਕਰ, ਕੇਸਰ, ਕਰਤਾਰ ਦੇ ਹੀ ਵਾਰਸ ਹਨ।

ਜ਼ਮਾਨ ਅਨਵਰ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਗੁਜਰਾਂਵਾਲਾ ਦਾ ਰਹਿਣ ਵਾਲਾ ਹੈ। 31 ਸਾਲ ਦਾ ਇਹ ਪਹਿਲਵਾਨ 2016 ਵਿੱਚ ਸੈਫ਼ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤ ਚੁੱਕਾ ਹੈ। ਕਾਂਸੀ ਦਾ ਮੈਡਲ ਜਿੱਤਣ ਵਾਲੇ ਭਾਰਤ ਦੇ ਮੋਹਿਤ ਗਰੇਵਾਲ ਦਾ ਪਿੰਡ ਹਰਿਆਣਾ ਦੇ ਭਿਆਨੀ ਨੇੜੇ ਬਾਮਲਾ ਹੈ। 1966 ਤੋਂ ਪਹਿਲਾਂ ਇਹ ਇਲਾਕਾ ਵੀ ਸਾਂਝੇ ਪੰਜਾਬ ਦਾ ਹਿੱਸਾ ਰਿਹਾ ਹੈ। ਸੰਤਾਲੀ ਦੀ ਵੰਡ ਤੋਂ ਬਾਅਦ ਜਿਵੇਂ ਪੰਜਾਬ ਚੜ੍ਹਦੇ (ਭਾਰਤ) ਤੇ ਲਹਿੰਦੇ (ਪਾਕਿਸਤਾਨ) ਵਿੱਚ ਵੰਡ ਗਿਆ, ਉਵੇਂ ਹੀ 1956 ਵਿੱਚ ਚੜ੍ਹਦੇ ਪੰਜਾਬ 'ਚੋਂ ਹਿਮਾਚਲ ਪ੍ਰਦੇਸ਼ ਤੇ 1966 ਵਿੱਚ ਹਰਿਆਣਾ ਸੂਬਾ ਅੱਡ ਬਣ ਗਿਆ। ਇੰਗਲੈਂਡ ਵੱਲੋਂ ਖੇਡਦੇ ਮਨਧੀਰ ਕੂਨਰ ਦਾ ਪਿਛੋਕੜ ਚੜ੍ਹਦੇ ਪੰਜਾਬ (ਭਾਰਤ) ਦੇ ਜਲੰਧਰ ਜ਼ਿਲ੍ਹੇ ਵਿੱਚ ਹੈ। 26 ਸਾਲ ਦੇ ਮਨਧੀਰ ਦਾ ਇਹ ਪਹਿਲਾ ਵੱਡਾ ਇੰਟਰਨੈਸ਼ਨਲ ਮੈਡਲ ਹੈ।


Mukesh

Content Editor

Related News