ਹੈਦਰਾਬਾਦ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ

Sunday, May 06, 2018 - 01:57 AM (IST)

ਹੈਦਰਾਬਾਦ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ

ਹੈਦਰਾਬਾਦ— ਦਿੱਲੀ ਡੇਅਰਡੇਵਿਲਜ਼ ਨੂੰ ਯੂਸਫ ਪਠਾਨ ਨੂੰ ਰੈਫਰਲ 'ਤੇ ਵਿਵਾਦਪੂਰਨ ਜੀਵਨਦਾਨ ਮਿਲਣ ਦਾ ਭਾਰੀ ਨੁਕਸਾਨ ਚੁੱਕਣਾ ਪਿਆ ਤੇ ਉਸ ਨੂੰ ਸਨਰਾਈਜ਼ਰਸ ਹੈਦਰਾਬਾਦ ਹੱਥੋਂ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੂੰ 10 ਮੈਚਾਂ ਵਿਚੋਂ 7ਵੀਂ ਹਾਰ ਆਈ. ਪੀ. ਐੱਲ. -11 ਵਿਚ ਉਸਦੇ ਲਈ ਜ਼ੋਰ ਦਾ ਝਟਕਾ ਹੈ ਤੇ ਹੁਣ ਉਸਦੀ ਪਲੇਅ ਆਫ ਵਿਚ ਜਾਣ ਦੀਆਂ ਉਮੀਦਾਂ ਧੁੰਦਲੀਆਂ ਪੈ ਗਈਆਂ ਹਨ।
ਦਿੱਲੀ ਨੇ 5 ਵਿਕਟਾਂ 'ਤੇ 163 ਦੌੜਾਂ ਬਣਾਈਆਂ, ਜਦਕਿ ਹੈਦਰਾਬਾਦ ਨੇ 19.5 ਓਵਰਾਂ ਵਿਚ 3 ਵਿਕਟਾਂ 'ਤੇ 164 ਦੌੜਾਂ ਬਣਾ ਕੇ 9 ਮੈਚਾਂ ਵਿਚੋਂ ਸੱਤਵੀਂ ਜਿੱਤ ਹਾਸਲ ਕਰ ਲਈ। ਹੈਦਰਾਬਾਦ ਦੇ ਇਸ ਜਿੱਤ ਤੋਂ ਬਾਅਦ 14 ਅੰਕ ਹੋ ਗਏ ਹਨ ਤੇ ਉਹ ਪਲੇਅ ਆਫ ਦੇ ਕੰਢੇ 'ਤੇ ਪਹੁੰਚ ਗਈ ਹੈ। ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਨੇ ਚੰਗੀ ਸ਼ੁਰੂਆਤ ਕੀਤੀ ਤੇ ਐਲਕਸ ਹੇਲਸ ਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 9 ਓਵਰਾਂ ਵਿਚ 76 ਦੌੜਾਂ ਜੋੜੀਆਂ। ਇੰਗਲੈਂਡ ਦੇ ਹੇਲਸ ਨੇ ਤੇਜ਼ ਗੇਂਦਬਾਜ਼ ਅਵੇਸ਼ ਖਾਨ ਦੇ ਦੂਜੇ ਤੇ ਪਾਰੀ ਦੇ ਛੇਵੇਂ ਓਵਰ ਵਿਚ ਚਾਰ ਛੱਕੇ ਲਾਉਂਦਿਆਂ ਕੁਲ 27 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ 30 ਗੇਂਦਾਂ 'ਤੇ 33 ਦੌੜਾਂ ਵਿਚ ਦੋ ਚੌਕੇ ਤੇ ਇਕ ਛੱਕਾ ਲਾਇਆ। ਮਨੀਸ਼ ਪਾਂਡੇ 17 ਗੇਂਦਾਂ 'ਤੇ 21 ਦੌੜਾਂ ਬਣਾ ਕੇ ਆਊਟ ਹੋਇਆ।  ਮਨੀਸ਼ ਦੀ ਵਿਕਟ ਲਿਆਮ ਪਲੰਕੇਟ ਨੇ ਲਈ।  ਇਸੇ ਓਵਰ ਵਿਚ ਯੂਸਫ ਪਠਾਨ ਨੂੰ ਵਿਜੇ ਸ਼ੰਕਰ ਹੱਥੋਂ ਜੀਵਨਦਾਨ ਮਿਲਿਆ ਤੇ ਫਿਰ ਉਹ ਰੈਫਰਲ ਲੈ ਕੇ ਐੱਲ. ਬੀ. ਡਬਲਯੂ. ਫੈਸਲੇ ਨਾਲ ਬਚ ਗਿਆ ਜਦਕਿ ਅੰਪਾਇਰ ਨੇ ਉਸ ਨੂੰ ਆਊਟ ਕਰਾਰ ਦਿੱਤਾ ਸੀ।
ਕਪਤਾਨ ਕੇਨ ਵਿਲੀਅਮਸਨ ਇਕ ਪਾਸੇ 'ਤੇ ਡਟਿਆ ਹੋਇਆ ਸੀ। ਹੈਦਰਾਬਾਦ ਨੂੰ ਆਖਰੀ ਓਵਰ ਵਿਚ ਜਿੱਤ ਲਈ 14 ਦੌੜਾਂ ਦੀ ਲੋੜ ਸੀ। ਆਖਰੀ ਓਵਰ ਡੇਨੀਅਲ ਕ੍ਰਿਸਟੀਅਨ ਨੇ ਕੀਤਾ। ਪਹਿਲੀ ਗੇਂਦ 'ਤੇ 2 ਦੌੜਾਂ ਬਣੀਆਂ ਤੇ ਅਗਲੀ ਗੇਂਦ 'ਤੇ ਪਠਾਨ ਨੇ ਛੱਕਾ ਤੇ ਤੀਜੀ ਗੇਂਦ 'ਤੇ ਚੌਕਾ ਲਾਇਆ ਤੇ ਦਿੱਲੀ ਦੀਆਂ ਉਮੀਦਾਂ ਖਤਮ ਹੋ ਗਈਆਂ। ਹੈਦਰਾਬਾਦ ਨੇ ਜਿੱਤ ਹਾਸਲ ਕੀਤੀ ਤੇ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ। ਵਿਲੀਅਮਸਨ ਨੇ 30 ਗੇਂਦਾਂ 'ਤੇ ਅਜੇਤੂ 32 ਦੌੜਾਂ ਵਿਚ ਇਕ ਛੱਕਾ ਲਾਇਆ, ਜਦਕਿ ਪਠਾਨ ਨੇ ਸਿਰਫ 12 ਗੇਂਦਾਂ 'ਤੇ ਅਜੇਤੂ 27 ਦੌੜਾਂ ਵਿਚ ਦੋ ਚੌਕੇ ਤੇ ਦੋ ਛੱਕੇ ਲਾਏ। 
ਇਸ ਤੋਂ ਪਹਿਲਾਂ ਦਿੱਲੀ ਨੇ ਆਪਣੇ ਨੌਜਵਾਨ ਓਪਨਰ ਪ੍ਰਿਥਵੀ ਸ਼ਾਹ (65) ਦੇ ਇਕ ਹੋਰ ਅਰਧ ਸੈਂਕੜੇ ਦੀ ਬਦੌਲਤ ਪੰਜ ਵਿਕਟਾਂ 'ਤੇ 163 ਦੌੜਾਂ ਬਣਾਈਆਂ। ਕਪਤਾਨ ਸ਼੍ਰੇਅਸ ਅਈਅਰ ਨੇ 44 ਦੌੜਾਂ ਬਣਾਈਆਂ, ਜਦਕਿ ਵਿਜੇ ਸ਼ੰਕਰ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਵਿਕਟਕੀਪਰ ਰਿਸ਼ਭ ਪੰਤ ਨੇ 18 ਦੌੜਾਂ ਬਣਾਈਆਂ। 18 ਸਾਲਾ ਪ੍ਰਿਥਵੀ ਦਾ ਦਿੱਲੀ ਲਈ ਪੰਜ ਮੈਚਾਂ ਵਿਚ ਇਹ ਦੂਜਾ ਅਰਧ ਸੈਂਕੜਾ ਸੀ। ਉਸ ਨੇ 36 ਗੇਂਦਾਂ 'ਤੇ 65 ਦੌੜਾਂ ਦੀ ਪਾਰੀ ਵਿਚ ਛੇ ਚੌਕੇ ਤੇ ਦੋ ਛੱਕੇ ਲਾਏ। 


Related News