ਪਿਛਲੇ ਚਾਰ ਸਾਲਾਂ ਦੀ ਤਰ੍ਹਾਂ ਵਿਸ਼ਵ ਕੱਪ ''ਚ ਵੀ ਰੋਹਿਤ, ਧਵਨ ਤੇ ਕੋਹਲੀ ''ਤੇ ਹੀ ਹੋਵੇਗਾ ਦਾਰੋਮਦਾਰ

Friday, May 17, 2019 - 04:51 AM (IST)

ਪਿਛਲੇ ਚਾਰ ਸਾਲਾਂ ਦੀ ਤਰ੍ਹਾਂ ਵਿਸ਼ਵ ਕੱਪ ''ਚ ਵੀ ਰੋਹਿਤ, ਧਵਨ ਤੇ ਕੋਹਲੀ ''ਤੇ ਹੀ ਹੋਵੇਗਾ ਦਾਰੋਮਦਾਰ

ਨਵੀਂ ਦਿੱਲੀ- ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਖੇਡੇ ਗਏ ਵਿਸ਼ਵ ਕੱਪ ਤੋਂ ਬਾਅਦ ਭਾਰਤ ਨੇ ਜਿਹੜੇ 86 ਵਨ ਡੇ ਮੈਚ ਖੇਡੇ ਹਨ, ਉਨ੍ਹਾਂ ਵਿਚ ਬੱਲੇਬਾਜ਼ੀ ਚੋਟੀਕ੍ਰਮ ਦੇ ਬੱਲੇਬਾਜ਼ਾਂ ਮੁੱਖ ਰੂਪ ਨਾਲ ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਵਿਰਾਟ ਕੋਹਲੀ ਦੇ ਆਲੇ-ਦੁਆਲੇ ਘੁੰਮਦੀ ਰਹੀ ਹੈ ਤੇ ਬ੍ਰਿਟੇਨ ਵਿਚ ਹੋਣ ਵਾਲੇ ਕ੍ਰਿਕਟ ਮਹਾਕੁੰਭ ਵਿਚ ਵੀ ਭਾਰਤੀ ਉਮੀਦਾਂ ਦੀ ਮੁੱਖ ਜ਼ਿੰਮੇਵਾਰੀ ਇਨ੍ਹਾਂ ਤਿੰਨਾਂ 'ਤੇ ਹੀ ਰਹੇਗੀ। 
ਪਿਛਲੇ ਚਾਰ ਸਾਲਾਂ ਵਿਚ ਭਾਰਤੀ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਮੱਧਕ੍ਰਮ ਦੀ ਤੁਲਨਾ ਵਿਚ 6030 ਦੌੜਾਂ ਵੱਧ ਬਣਾਈਆਂ ਹਨ। ਇਸ ਵਿਚਾਲੇ ਚੋਟੀਕ੍ਰਮ ਦੇ 45 ਸੈਂਕੜਿਆਂ ਦੀ ਤੁਲਨਾ ਵਿਚ ਮੱਧਕ੍ਰਮ ਦੇ ਬੱਲੇਬਾਜ਼ ਸਿਰਫ ਛੇ ਸੈਂਕੜੇ ਹੀ ਲਾ ਸਕੇ ਹਨ। ਇਹੀ ਨਹੀਂ ਸਗੋਂ ਚੋਟੀ ਦੇ ਤਿੰਨ ਬੱਲੇਬਾਜ਼ਾਂ ਨੇ ਮਧੱਕ੍ਰਮ ਦੀ ਤੂਲਨਾ ਵਿਚ 35 ਅਰਧ ਸੈਂਕੜਿਆਂ ਨਾਲ ਲਗਭਗ ਦੁੱਗਣੇ 67 ਅਰਧ ਸੈਂਕੜੇ ਬਣਾਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ 30 ਮਈ ਤੋ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿਚ ਚੋਟੀਕ੍ਰਮ ਦੀ ਸਫਲਤਾ ਭਾਰਤ ਲਈ ਕਿੰਨੇ ਮਾਇਨੇ ਰੱਖਦੀ ਹੈ। 

PunjabKesari
ਭਾਰਤ ਨੇ ਪਿਛਲੇ ਚਾਰ ਸਾਲਾਂ ਵਿਚ ਖੇਡੇ ਗਏ 86 ਮੈਚਾਂ 'ਚੋਂ 56 ਵਿਚ ਜਿੱਤ ਦਰਜ ਕੀਤੀ ਹੈ ਤੇ ਇਸ ਦੀ ਮੁੱਖ ਵਜ੍ਹਾ ਚੋਟੀਕ੍ਰਮ ਭਾਵ ਪਹਿਲੇ ਤੋਂ ਤੀਜੇ ਨੰਬਰ ਦੇ ਬੱਲੇਬਾਜ਼ਾਂ ਦਾ ਚੰਗਾ ਪ੍ਰਦਰਸ਼ਨ ਰਿਹਾ ਹੈ। ਭਾਰਤ ਨੇ ਇਨ੍ਹਾਂ ਮੈਚਾਂ ਵਿਚ ਚੋਟੀਕ੍ਰਮ ਵਿਚ 14 ਬੱਲੇਬਾਜ਼ ਅਜ਼ਮਾਏ ਹਨ, ਜਿਨ੍ਹਾਂ ਨੇ ਕੁਲ ਮਿਲਾ ਕੇ 13055 ਦੌੜਾਂ ਬਣਾਈਆਂ ਹਨ। ਇਸ ਵਿਚਾਲੇ ਮੱਧਕ੍ਰਮ ਦੇ 24 ਬੱਲੇਬਾਜ਼ਾਂ ਦੇ ਨਾਂ ਸਿਰਫ 7025 ਦੌੜਾਂ ਹੀ ਦਰਜ ਰਹੀਆਂ।
ਚੋਟੀਕ੍ਰਮ ਵਿਚ ਵੀ ਸਿਰਫ ਕੋਹਲੀ, ਰੋਹਿਤ  ਤੇ ਧਵਨ ਹੀ 1000 ਤੋਂ ਵੱਧ ਦੌੜਾਂ ਬਣਾ ਸਕੇ ਹਨ। ਕਪਤਾਨ ਕੋਹਲੀ ਇਨ੍ਹ੍ਹਾਂ ਚਾਰ ਸਾਲਾਂ ਵਿਚ 65 ਮੈਚਾਂ ਵਿਚ ਚੋਟੀਕ੍ਰਮ ਵਿਚ ਉਤਰਿਆ, ਜਿਨ੍ਹਾਂ ਵਿਚ ਉਸ ਨੇ 83.76 ਦੀ ਔਸਤ ਨਾਲ 98.54 ਦੀ ਸਟ੍ਰਾਈਕ ਰੇਟ ਨਾਲ 4272 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 19 ਸੈਂਕੜੇ ਤੇ 16 ਅਰਧ ਸੈਂਕੜੇ ਸ਼ਾਮਲ ਹਨ। ਪਿਛਲੇ ਚਾਰ ਸਾਲਾਂ ਵਿਚ ਉਹ ਦੁਨੀਆ ਵਿਚ ਚੋਟੀਕ੍ਰਮ ਦਾ ਇਕੱਲਾ ਅਜਿਹਾ ਬੱਲੇਬਾਜ਼ ਰਿਹਾ, ਜਿਸ ਨੇ 4000 ਤੋਂ ਵੱਧ ਦੌੜਾਂ ਬਣਾਈਆਂ।
ਰੋਹਿਤ ਦਾ ਨੰਬਰ ਉਸ ਤੋਂ ਬਾਅਦ ਆਉਂਦਾ ਹੈ, ਜਿਸ ਨੇ 71 ਮੈਚਾਂ ਵਿਚ 61.12 ਦੀ ਔਸਤ ਨਾਲ 3790 ਦੌੜਾਂ ਬਣਾਈਆਂ ਹਨ। ਉਸ ਨੇ ਇਸ ਵਿਚਾਲੇ 15 ਸੈਂਕੜੇ ਤੇ 16 ਅਰਧ ਸੈਂਕੜੇ ਲਾਏ ਹਨ। ਰੋਹਿਤ ਦੇ ਸਲਾਮੀ ਜੋੜੀਦਾਰ ਧਵਨ ਨੇ 67 ਮੈਚਾਂ ਵਿਚ 45.20 ਦੀ ਔਸਤ ਨਾਲ 2848 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 8 ਸੈਂਕੜੇ ਤੇ 15 ਅਰਧ ਸੈਂਕੜੇ ਸ਼ਾਮਲ ਹਨ।
ਕੇ. ਐੱਲ. ਰਾਹੁਲ ਨੂੰ ਤੀਜੇ ਸਲਾਮੀ ਬੱਲੇਬਾਜ਼  ਦੇ ਰੂਪ ਵਿਚ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਉਹ ਪਿਛਲੇ ਚਾਰ ਸਾਲਾਂ ਵਿਚ ਸਿਰਫ 9 ਮੈਚਾਂ ਵਿਚ ਹੀ ਚੋਟੀਕ੍ਰਮ 'ਤੇ ਉਤਰਿਆ, ਜਿਸ ਵਿਚ ਉਸ ਨੇ 310 ਦੌੜਾਂ ਬਣਾਈਆਂ। ਇਸ ਵਿਚ ਇਕ ਸੈਂਕੜਾ ਤੇ 2 ਅਰਧ ਸੈਂਕੜੇ ਵੀ ਸ਼ਾਮਲ ਹਨ। ਰਾਹੁਲ ਨੂੰ ਬੱਲੇਬਾਜ਼ੀ ਕ੍ਰਮ ਵਿਚ ਚੌਥੇ ਨੰਬਰ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਅੰਕੜੇ ਦੱਸਦੇ ਹਨ ਕਿ ਕਰਨਾਟਕ ਦੇ ਇਸ ਬੱਲੇਬਾਜ਼ ਨੇ ਪਿਛਲੇ ਚਾਰ ਸਾਲਾਂ ਵਿਚ ਮੱਧਕ੍ਰਮ ਵਿਚ ਖੇਡੇ ਗਏ 5 ਮੈਚਾਂ ਵਿਚ ਸਿਰਫ 33 ਦੌੜਾਂ ਹੀ ਬਣਾਈਆਂ। 
ਮੱਧਕ੍ਰਮ ਭਾਵ 4 ਤੋਂ 7 ਨੰਬਰ ਦੇ ਬੱਲੇਬਾਜ਼ਾਂ ਵਿਚ ਭਾਰਤ ਦਾ ਦਾਰੋਮਦਾਰ ਨਿਸ਼ਚਿਤ ਤੌਰ 'ਤੇ ਮਹਿੰਦਰ ਸਿੰਘ ਧੋਨੀ 'ਤੇ ਟਿਕਿਆ ਰਹੇਗਾ, ਜਿਸ ਨੇ ਪਿਛਲੇ ਵਿਸ਼ਵ ਕੱਪ ਤੋਂ ਬਾਅਦ 79 ਮੈਚਾਂ ਵਿਚ 44.46 ਦੀ ਔਸਤ ਨਾਲ 2001 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ ਇਕ ਸੈਂਕੜਾ  ਤੇ 13 ਅਰਧ ਸੈਂਕੜੇ ਸ਼ਾਮਲ ਹਨ। ਧੋਨੀ ਤੋਂ ਇਲਾਵਾ ਸਿਰਫ ਕੇਦਾਰ ਜਾਧਵ (58 ਮੈਚਾਂ ਵਿਚ 1154 ਦੌੜਾਂ) ਹੀ ਇਨ੍ਹਾਂ ਚਾਰ ਸਾਲਾਂ ਵਿਚ 1000 ਦੌੜਾਂ ਤੋਂ ਪਾਰ ਪਹੁੰਚਿਆ। 
ਮੁੱਖ ਕੋਚ ਰਵੀ ਸ਼ਾਸਤਰੀ  ਨੇ ਕੁਝ ਸਮੇਂ ਪਹਿਲਾਂ ਵਿਸ਼ਵ ਕੱਪ ਦੌਰਾਨ ਕੋਹਲੀ ਦੇ ਬੱਲੇਬਾਜ਼ੀ ਕ੍ਰਮ ਵਿਚ ਬਦਲਾਅ ਦੇ ਸੰਕੇਤ ਦਿੱਤੇ ਸਨ, ਜਿਸ ਤੋਂ ਬਾਅਦ ਇਹ ਕਿਆਸ ਲਾਏ ਜਾਣ ਲੱਗੇ ਕਿ ਲੋੜ ਪੈਣ 'ਤੇ ਭਾਰਤੀ ਕਪਤਾਨ ਨੰਬਰ ਚਾਰ 'ਤੇ ਉਤਰ ਸਕਦਾ ਹੈ। ਅੰਕੜਿਆਂ ਦੇ ਹਿਸਾਬ ਨਾਲ ਇਹ ਕਦਮ ਆਤਮਘਾਤੀ ਹੋ ਸਕਦਾ ਹੈ ਕਿਉਂਕਿ ਕੋਹਲੀ ਪਿਛਲੇ ਚਾਰ ਸਾਲਾਂ ਵਿਚ ਸਿਰਫ 4 ਵਾਰ ਹੀ ਮੱਧਕ੍ਰਮ ਵਿਚ ਉਤਰਿਆ ਹੈ, ਜਿਸ ਵਿਚ ਉਸ ਨੇ ਸਿਰਫ 34 ਦੌੜਾਂ ਹੀ ਬਣਾਈਆਂ ਹਨ। ਇਨ੍ਹਾਂ ਚਾਰ ਸਾਲਾਂ ਵਿਚ ਹਾਰਦਿਕ ਪੰਡਯਾ (41 ਮੈਚਾਂ ਵਿਚ 641 ਦੌੜਾਂ), ਦਿਨੇਸ਼ ਕਾਰਤਿਕ (19 ਮੈਚਾਂ ਵਿਚ 381 ਦੌੜਾਂ) ਤੇ ਰਵਿੰਦਰ ਜਡੇਜਾ (17 ਮੈਚਾਂ ਵਿਚ 172 ਦੌੜਾਂ) ਟੁਕੜਿਆਂ ਵਿਚ ਹੀ ਚੰਗਾ ਪ੍ਰਦਰਸ਼ਨ ਕਰ ਸਕੇ ਹਨ। ਵਿਜੇ ਸ਼ੰਕਰ ਪਿਛਲੇ ਇਕ ਸਾਲ ਤੋਂ ਹੀ ਟੀਮ ਨਾਲ ਜੁੜਿਆ ਹੈ। ਇਸ ਵਿਚਾਲੇ ਉਸ ਨੇ ਮੱਧਕ੍ਰਮ ਵਿਚ 9 ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 165 ਦੌੜਾਂ ਬਣਾਈਆਂ ਹਨ।


author

Gurdeep Singh

Content Editor

Related News