ਅੰਮ੍ਰਿਤਸਰ 'ਚ ਅੱਜ ਤੋਂ ਸ਼ੁਰੂ ਹੋਵੇਗਾ ਹੜ੍ਹ ਪ੍ਰਭਾਵਿਤ ਫਸਲਾਂ ਦੀ ਗਿਰਦਾਵਰੀ ਦਾ ਕੰਮ
Saturday, Sep 13, 2025 - 11:06 AM (IST)

ਅੰਮ੍ਰਿਤਸਰ (ਨੀਰਜ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ 13 ਸਤੰਬਰ ਯਾਨੀ ਅੱਜ ਤੋਂ ਅਜਨਾਲਾ, ਰਾਮਦਾਸ, ਲੋਪੋਕੇ ਅਤੇ ਬਾਬਾ ਬਕਾਲਾ ਸਾਹਿਬ ’ਚ ਹੜ੍ਹ ਪ੍ਰਭਾਵਿਤ ਫਸਲਾਂ ਦੀ ਗਿਰਦਾਵਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ 26 ਫੀਸਦੀ ਤੋਂ 75 ਫੀਸਦੀ ਤੱਕ ਨੁਕਸਾਨੀਆਂ ਗਈਆਂ ਹਨ, ਉਨ੍ਹਾਂ ਨੂੰ 10 ਹਜ਼ਾਰ ਰੁਪਏ, ਜਦਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ 76 ਤੋਂ 100 ਫੀਸਦੀ ਤੱਕ ਨੁਕਸਾਨੀਆਂ ਗਈਆਂ ਹਨ, ਉਨ੍ਹਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਜ਼ਿਲਾ ਮਾਲ ਅਧਿਕਾਰੀ ਨਵਕੀਰਤ ਸਿੰਘ ਰੰਧਾਵਾ ਨੇ ਦੱਸਿਆ ਕਿ 196 ਪਿੰਡਾਂ ’ਚ 67 ਹਜ਼ਾਰ ਏਕੜ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਗਿਰਦਾਵਰੀ ਲਈ ਸਾਰੇ ਪਟਵਾਰ ਸਰਕਲਾਂ ਦੇ ਪਟਵਾਰੀਆਂ, ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ ਅਤੇ ਇਸ ਕੰਮ ’ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅਦਾਲਤ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦਾ ਐਲਾਨ
ਮਕਾਨਾਂ ਦੀ ਜਾਂਚ ਕਰੇਗਾ ਤਕਨੀਕੀ ਮਾਹਿਰ ਅਤੇ ਪਸ਼ੂਆਂ ਦੀ ਜਾਂਚ ਪਸ਼ੂ ਪਾਲਣ ਵਿਭਾਗ
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰ ਢਹਿ ਗਏ ਹਨ, ਉਨ੍ਹਾਂ ਦਾ ਨਿਰੀਖਣ ਲੋਕ ਨਿਰਮਾਣ ਵਿਭਾਗ ਅਤੇ ਹੋਰ ਤਕਨੀਕੀ ਮਾਹਿਰਾਂ ਵੱਲੋਂ ਕੀਤਾ ਜਾਵੇਗਾ, ਜਦਕਿ ਜਿਨ੍ਹਾਂ ਲੋਕਾਂ ਦੇ ਪਸ਼ੂ ਹੜ੍ਹ ’ਚ ਮਰ ਗਏ ਹਨ ਜਾਂ ਰੁੜ੍ਹ ਗਏ ਹਨ, ਉਨ੍ਹਾਂ ਦਾ ਨਿਰੀਖਣ ਪਸ਼ੂ ਪਾਲਣ ਵਿਭਾਗ ਵੱਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ: ਭਰਾ ਨਾਲ ਪੇਕੇ ਘਰ ਆ ਰਹੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪੁੱਜੇ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ
ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਮੋਟਲਾ, ਨੇਪਾਲ, ਸ਼ਾਹਪੁਰ, ਨੰਗਲ ਅਤੇ ਭਿੰਡੀ ਸੈਦਾ ਦਾ ਅੱਜ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਦੌਰਾ ਕੀਤਾ। ਇਸ ਦੌਰਾਨ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸੰਜੇ ਸੇਠ ਨੇ ਪ੍ਰਭਾਵਿਤ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਸ਼ਤੀ ’ਤੇ ਸਵਾਰ ਹੋ ਕੇ ਉੱਚ ਪਾਣੀ ਵਾਲੇ ਖੇਤਰਾਂ ’ਚ ਵੀ ਗਏ। ਸੇਠ ਨੇ ਕਿਹਾ ਕਿ ਇਸ ਸੰਕਟ ਦੀ ਘੜੀ ’ਚ ਕੇਂਦਰ ਸਰਕਾਰ ਪੰਜਾਬ ਨਾਲ ਖੜ੍ਹੀ ਹੈ ਅਤੇ ਲੋਕਾਂ ਦੇ ਮੁੜ ਵਸੇਬੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਇਹ ਵੀ ਪੜ੍ਹੋ-SGPC ਦੀ ਵੱਡੀ ਕਾਰਵਾਈ, ਮੈਨੇਜਰ ਤੇ ਅਕਾਊਂਟੈਂਟ ਮੁਅੱਤਲ
ਮੰਤਰੀ ਸੇਠ ਨੇ ਸਰਹੱਦ ’ਤੇ ਬੀ. ਐੱਸ. ਐੱਫ. ਦੀਆਂ ਚੌਕੀਆਂ ਦਾ ਲਿਆ ਜਾਇਜ਼ਾ
ਮੰਤਰੀ ਸੇਠ ਨੇ ਸਰਹੱਦ ’ਤੇ ਮੌਜੂਦ ਬੀ. ਐੱਸ. ਐੱਫ. ਦੀਆਂ ਉਨ੍ਹਾਂ ਚੌਕੀਆਂ ਦਾ ਜਾਇਜ਼ਾ ਲੈਣ ਦੀ ਗੱਲ ਕਹੀ, ਜਿਨ੍ਹਾਂ ’ਚ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ। ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹਰਿਆ-ਭਰਿਆ ਰਹਿਣ ਵਾਲਾ ਪੰਜਾਬ ਅੱਜ ਹੜ੍ਹਾਂ ਨਾਲ ਜੂਝ ਰਿਹਾ ਹੈ ਅਤੇ ਇੱਥੇ ਸਥਿਤੀ ਬਹੁਤ ਚਿੰਤਾਜਨਕ ਹੈ। ਇਸ ਸਥਿਤੀ ’ਚ ਰਾਹਤ ਲਈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਚਿੰਤਤ ਹਨ ਅਤੇ ਜੀਵਨ ਨੂੰ ਆਮ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਿਵਿਆਂਗ ਲੋਕਾਂ ਨੂੰ ਘਰ-ਘਰ ਜਾ ਕੇ ਰਾਹਤ ਸਮੱਗਰੀ ਵੰਡ ਰਿਹਾ ਪ੍ਰਸ਼ਾਸਨ
ਦਿਵਿਆਂਗ ਲੋਕ ਜੋ ਹੜ੍ਹ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਘਰਾਂ ਤੋਂ ਬਾਹਰ ਨਹੀਂ ਆ ਸਕਦੇ ਹਨ, ਉਨ੍ਹਾਂ ਨੂੰ ਘਰ-ਘਰ ਜਾ ਕੇ ਪ੍ਰਸਾਸ਼ਨ ਵੱਲੋਂ ਰੈੱਡ ਕਰਾਸ ਰਾਹੀਂ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਰੈੱਡ ਕਰਾਸ ਦੇ ਸਕੱਤਰ ਸੈਮਸਨ ਮਸੀਹ ਨੇ ਕਿਹਾ ਕਿ ਘੋਨੇਵਾਲਾ ਅਤੇ ਮਾਛੀਵਾਲਾ ’ਚ ਦਿਵਿਆਂਗਜਨਾਂ ਨੂੰ ਰਾਹਤ ਸਮੱਗਰੀ ਵੰਡੀ ਹੈ।
ਬੀ. ਐੱਸ. ਐੱਫ. ਦੇ ਡੀ. ਆਈ. ਜੀ. ਨੇ ਕੀਤਾ ਪਾਣੀ ਨਾਲ ਭਰੀਆਂ ਚੌਕੀਆਂ ਦਾ ਦੌਰਾ
ਬੀ. ਐੱਸ. ਐੱਫ. ਦੇ ਡੀ. ਆਈ. ਜੀ. ਜਸਵਿੰਦਰ ਵਿਰਦੀ ਨੇ ਅਜਨਾਲਾ ਅਤੇ ਹੋਰ ਖੇਤਰਾਂ ’ਚ ਬੀ. ਐੱਸ. ਐੱਫ. ਦੀਆਂ ਪਾਣੀ ਨਾਲ ਭਰੀਆਂ ਚੌਕੀਆਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਦਾ ਹੌਸਲਾ ਵਧਾਇਆ। ਵਿਰਦੀ ਨੇ ਕਿਹਾ ਕਿ ਬੀ. ਐੱਸ. ਐੱਫ. ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਕੈਂਪ ਲਾਏ ਜਾ ਰਹੇ ਹਨ।