ਬੇਜ਼ੁਬਾਨ ਪਸ਼ੂਆਂ ’ਤੇ ਵੀ ਪਈ ਹੜ੍ਹਾਂ ਦੀ ਵੱਡੀ ਮਾਰ , ਦੁੱਧ ਉਤਪਾਦਨ ’ਚ 20 ਫੀਸਦੀ ਗਿਰਾਵਟ

Saturday, Sep 13, 2025 - 12:02 PM (IST)

ਬੇਜ਼ੁਬਾਨ ਪਸ਼ੂਆਂ ’ਤੇ ਵੀ ਪਈ ਹੜ੍ਹਾਂ ਦੀ ਵੱਡੀ ਮਾਰ , ਦੁੱਧ ਉਤਪਾਦਨ ’ਚ 20 ਫੀਸਦੀ ਗਿਰਾਵਟ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਅਤੇ ਪਠਾਨਕੋਟ ਸਰਹੱਦੀ ਜ਼ਿਲ੍ਹਿਆਂ ਦੇ ਤਕਰੀਬਨ ਸਵਾ 400 ਪਿੰਡਾਂ ਵਿਚ ਆਏ ਹੜ੍ਹਾਂ ਨੇ ਜਿੱਥੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਸ ਦੇ ਨਾਲ ਹੀ ਇਹਨਾਂ ਹੜ੍ਹਾਂ ਨੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਕੀਤਾ ਹੈ। ਹਾਲਾਤ ਇਹ ਹਨ ਕਿ ਦੋਵਾਂ ਜ਼ਿਲ੍ਹਿਆਂ ਵਿਚ ਤਕਰੀਬਨ ਸਵਾ 400 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਹਜ਼ਾਰਾਂ ਪਸ਼ੂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ- ਅਦਾਲਤ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਦਾ ਐਲਾਨ

ਖਾਸ ਤੌਰ ’ਤੇ ਹੁਣ ਜਦੋਂ ਪਿੰਡਾਂ ’ਚੋਂ ਪਾਣੀ ਸੁੱਕ ਚੁੱਕਾ ਹੈ ਤਾਂ ਬਾਅਦ ਵਿਚ ਵੱਧ ਰਹੇ ਤਾਪਮਾਨ ਅਤੇ ਹਰੇ ਚਾਰੇ ਦੀ ਕਮੀ ਕਾਰਨ ਪਸ਼ੂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ ਜਿਸ ਦੇ ਨਤੀਜੇ ਵਜੋਂ ਨਾ ਸਿਰਫ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਵਿੱਚ ਕਰੀਬਨ 20 ਫੀਸਦੀ ਗਿਰਾਵਟ ਆ ਗਈ ਹੈ ਸਗੋਂ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ। ਜਿਸ ਦੇ ਕਾਰਨ ਐਨੀਮਲ ਹਸਬੈਂਡਰੀ ਵਿਭਾਗ ਦੀਆਂ ਟੀਮਾਂ ਨੇ ਪਸ਼ੂ ਪਾਲਕਾਂ ਤੱਕ ਪਹੁੰਚ ਕੇ ਨਾ ਸਿਰਫ ਪਸ਼ੂਆਂ ਦਾ ਇਲਾਜ ਸ਼ੁਰੂ ਕੀਤਾ ਹੈ ਸਗੋਂ ਉਨ੍ਹਾਂ ਨੂੰ ਗਲ ਘੋਟੂ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਅਗੇਤੀ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਅਤੇ ਨਾਲ ਹੀ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਦੇ ਹੁਕਮਾਂ 'ਤੇ ਅੱਜ ਸ਼ੁਰੂ ਹੋਵੇਗਾ ਵੱਡਾ ਕੰਮ

ਗੁਰਦਾਸਪੁਰ ’ਚ ਪ੍ਰਭਾਵਿਤ ਹੋਏ ਹਜ਼ਾਰਾਂ ਪਸ਼ੂ

ਐਨੀਮਲ ਹਸਬੈਂਡਰੀ ਵਿਭਾਗ ਦੇ ਜਾਇੰਟ ਡਾਇਰੈਕਟਰ ਡਾ. ਸ਼ਾਮ ਸਿੰਘ ਅਤੇ ਡਿਪਟੀ ਡਾਇਰੈਕਟਰ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਤਕਰੀਬਨ 69 ਹਜ਼ਾਰ ਪਸ਼ੂ ਮੌਜੂਦ ਸਨ, ਜਿਨਾਂ ’ਚੋਂ ਵਧੇਰੇ ਪਸ਼ੂਆਂ ਨੂੰ ਕਿਸੇ ਨਾ ਕਿਸੇ ਰੂਪ ’ਚ ਹੜ੍ਹਾਂ ਨੇ ਨੁਕਸਾਨ ਕੀਤਾ ਹੈ।

ਗੁਰਦਾਸਪੁਰ ਜ਼ਿਲੇ ਅੰਦਰ ਹੁਣ ਤੱਕ 300 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 28000 ਦੇ ਕਰੀਬ ਚੂਚੇ ਵੀ ਹੜ੍ਹਾਂ ਦੀ ਮਾਰ ਕਾਰਨ ਮਰੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲੇ ਅੰਦਰ ਕੰਮ ਕਰ ਰਹੀਆਂ ਵੱਖ-ਵੱਖ 42 ਟੀਮਾਂ ਨੇ 7842 ਪਸ਼ੂਆਂ ਦਾ ਇਲਾਜ ਕੀਤਾ ਹੈ ਜਦੋਂ ਕਿ ਅਜੇ ਵੀ ਪਿੰਡਾਂ ’ਚ ਕੈਂਪ ਲਗਾ ਕੇ ਅਤੇ ਘਰ-ਘਰ ਜਾ ਕੇ ਵੱਖ-ਵੱਖ ਟੀਮਾਂ ਵੱਲੋਂ ਜੰਗੀ ਪੱਧਰ ’ਤੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਰਿਆ ਪਾਰਲੇ ਪਿੰਡਾਂ ਵਿਚ ਵੀ ਪਹੁੰਚ ਕਰਕੇ ਬੀ. ਐੱਸ.ਐੱਫ. ਦੀ ਮਦਦ ਨਾਲ ਕੈਂਪ ਲਗਾਏ ਜਾ ਰਹੇ ਹਨ ਅਤੇ ਹਰੇਕ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਡੀ ਕਾਰਵਾਈ, ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ 'ਚ ਲੱਗੀਆਂ ਐਬੂਲੈਂਸਾਂ ਦੇ ਕਰ'ਤੇ ਚਲਾ

ਕੀ ਹੈ ਡੇਰਾ ਬਾਬਾ ਨਾਨਕ ਦੀ ਸਥਿਤੀ?

ਡੇਰਾ ਬਾਬਾ ਨਾਨਕ ਸਬ ਡਿਵੀਜ਼ਨ ਨਾਲ ਸੰਬੰਧਿਤ ਸਹਾਇਕ ਨਿਰਦੇਸ਼ਕ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਇਕੱਲੇ ਡੇਰਾ ਬਾਬਾ ਨਾਨਕ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਹੀ ਤਕਰੀਬਨ 27 ਪਸ਼ੂਆਂ ਨੂੰ ਇਹਨਾਂ ਹੜ੍ਹ ਨੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਇਲਾਕੇ ਵਿਚ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਮੁਸ਼ਤੈਦ ਹਨ। ਹੜ ਪ੍ਰਭਾਵਿਤ ਹਰੇਕ ਪਿੰਡ ਵਿਚ ਹੀ ਕੈਂਪ ਲਗਾ ਕੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਕੀ ਹੈ ਪਠਾਨਕੋਟ ਜ਼ਿਲੇ ਦੀ ਸਥਿਤੀ?

ਪਠਾਨਕੋਟ ਜ਼ਿਲੇ ਦੇ ਐਨੀਮਲ ਹਸਬੈਂਡਰੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦੇ ਤਕਰੀਬਨ 90 ਪਿੰਡਾਂ ਵਿਚ ਪਸ਼ੂ ਵੱਧ ਪ੍ਰਭਾਵਿਤ ਹੋਏ ਸਨ ਜਿਨ੍ਹਾਂ ਵਿਚੋਂ 42 ਦੇ ਕਰੀਬ ਪਿੰਡ ਅਜਿਹੇ ਸਨ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲੇ ਅੰਦਰ ਤਕਰੀਬਨ ਸਵਾ 100 ਪਸ਼ੂਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ 5 ਹਜ਼ਾਰ ਦੇ ਕਰੀਬ ਪੋਲਟਰੀ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਵਿਭਾਗ ਦੀਆਂ ਅੱਠ ਟੀਮਾਂ ਹਰ ਵੇਲੇ ਪਸ਼ੂ ਪਾਲਕਾਂ ਦੀ ਮਦਦ ਲਈ ਕੰਮ ਕਰ ਰਹੀਆਂ ਹਨ ਜਿਨ੍ਹਾਂ ਵੱਲੋਂ ਹੁਣ ਤੱਕ 5400 ਪਸ਼ੂਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਅਤੇ ਅਜੇ ਵੀ ਲੋਕਾਂ ਨੂੰ ਜਾਗਰੂਕ ਕਰ ਕੇ ਪਸ਼ੂਆਂ ਨੂੰ ਬਚਾਉਣ ਲਈ ਵੈਕਸੀਨੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ।

ਪਸ਼ੂਆਂ ਲਈ ਨੁਕਸਾਨਦੇਹ ਹੈ ਤਾਪਮਾਨ ’ਚ ਆ ਰਹੀ ਤਬਦੀਲੀ

ਜ਼ਿਲਾ ਗੁਰਦਾਸਪੁਰ ਨਾਲ ਸੰਬੰਧਿਤ ਸੀਨੀਅਰ ਵੈਟਰਨਰੀ ਅਫਸਰ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਮੌਸਮ ਦੀ ਤਬਦੀਲੀ ਪਸ਼ੂਆਂ ਲਈ ਬੇਹੱਦ ਹਾਨੀਕਾਰਕ ਮੰਨੀ ਜਾ ਰਹੀ ਹੈ। ਖਾਸ ਤੌਰ ’ਤੇ ਹੜ੍ਹ ਵਾਲੇ ਜਿਹੜੇ ਇਲਾਕਿਆਂ ਵਿਚ ਨੁਕਸਾਨ ਹੋਇਆ ਹੈ ਉੱਥੇ ਹੁੰਮਸ ਵਧਨ ਕਾਰਨ ਪਸ਼ੂਆਂ ਦੀ ਸਿਹਤ ’ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਹੁੰਮਸ ਵੱਧਦੀ ਹੈ ਤਾਂ ਪਸ਼ੂਆਂ ਵਿਚ ਗਲ ਘੋਟੂ ਵਰਗੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਕਾਰਨ ਪਸ਼ੂਆਂ ਨੂੰ ਹੁਣ ਤੋਂ ਹੀ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ ਤਾਂ ਜੋ ਗੱਲ ਘੋਟੂ ਵਰਗੀ ਬਿਮਾਰੀ ਤੋਂ ਬਚਾਅ ਹੋ ਸਕੇ।

ਉਨ੍ਹਾਂ ਕਿਹਾ ਕਿ ਇਹ ਵੈਕਸੀਨੇਸ਼ਨ ਕਰਨ ਲਈ 5 ਰੁਪਏ ਪ੍ਰਤੀ ਪਸ਼ੂ ਵਸੂਲੇ ਜਾਂਦੇ ਸਨ। ਪਰ ਹੁਣ ਸਰਕਾਰ ਵੱਲੋਂ ਇਹ ਫੀਸ ਵੀ ਮੁਆਫ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਸ਼ੂਆਂ ਦੇ ਇਲਾਜ ਸਰਕਾਰ ਵੱਲੋਂ ਹਰੇਕ ਤਰ੍ਹਾਂ ਦੀ ਦਵਾਈ ਅਤੇ ਸਹੂਲਤ ਵੀ ਮੁਫਤ ਦਿੱਤੀ ਜਾ ਰਹੀ ਹੈ। ਇਨ੍ਹਾਂ ਦਿਨਾਂ ਵਿਚ ਪਸ਼ੂਆਂ ਨੂੰ ਪੇਟ ਅਤੇ ਚਮੜੀ ਦੇ ਕਈ ਰੋਗ ਲੱਗਣ ਦਾ ਡਰ ਹੈ ਜਿਸ ਕਾਰਨ ਟੀਮਾਂ ਵੱਲੋਂ ਘਰ ਘਰ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਬਿਮਾਰ ਹੋਏ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਹਰਾ ਚਾਰਾ ਨਾ ਮਿਲਣ ਕਾਰਨ ਵਧੀ ਸਮੱਸਿਆ

ਉਨ੍ਹਾਂ ਦੱਸਿਆ ਕਿ ਹੜ ਪ੍ਰਭਾਵਿਤ ਇਲਾਕਿਆਂ ਵਿਚ ਇਸ ਮੌਕੇ ਹਰਾ ਚਾਰਾ ਖਰਾਬ ਹੋ ਚੁੱਕਾ ਹੈ, ਜਿਸ ਕਾਰਨ ਵਧੇਰੇ ਪਸ਼ੂ ਸੁੱਕੇ ਚਾਰੇ ਅਤੇ ਸਾਈਲਜ ’ਤੇ ਹੀ ਨਿਰਭਰ ਹਨ। ਉਨ੍ਹਾਂ ਕਿਹਾ ਕਿ ਹਰਾ ਚਾਰਾ ਨਾ ਮਿਲਣ ਕਾਰਨ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੇਟ ਵਿਚ ਬਿਮਾਰੀਆਂ, ਬੁਖਾਰ ਵਰਗੀਆਂ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਪਸ਼ੂ ਕਈ ਕਈ ਦਿਨ ਪਾਣੀ ਵਿਚ ਹੀ ਖੜ੍ਹੇ ਰਹੇ ਹਨ ਜਿਨ੍ਹਾਂ ਵਿਚੋਂ ਕਈ ਪਸ਼ੂਆਂ ਦੇ ਖੁਰ ਗਲਣ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ। ਇਸ ਮੌਕੇ ਪਸ਼ੂ ਇਨੀ ਸਟਰੈਸ ਵਿਚ ਹਨ ਕਿ ਦੋਵਾਂ ਜ਼ਿਲਿਆਂ ਅੰਦਰ ਦੁਧਾਰੂ ਪਸ਼ੂਆਂ ਦੇ ਦੁੱਧ ਉਤਪਾਦਨ ਵਿਚ ਤਕਰੀਬਨ 20 ਫੀਸਦੀ ਕਮੀ ਆ ਚੁੱਕੀ ਹੈ

ਕਿਵੇਂ ਕੀਤਾ ਜਾਵੇ ਪਸ਼ੂਆਂ ਦਾ ਬਚਾਅ?

ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਸ਼ੂਆਂ ਦੇ ਬਚਾਅ ਲਈ ਬਹੁਤ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਖੁਰ ਗਲਣ ਦੀ ਸਮੱਸਿਆ ਆ ਰਹੀ ਹੈ, ਉਨ੍ਹਾਂ ਪਸ਼ੂਆਂ ਦੇ ਪ੍ਰਭਾਵਿਤ ਖੁਰਾ ਨੂੰ ਲਾਲ ਦਵਾਈ ਦੇ ਘੋਲ ਨਾਲ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ ਜਿਸ ਦੇ ਬਾਅਦ ਬੀਟਾਡੀਨ ਦਵਾਈ ਅਤੇ ਪਾਣੀ ਦਾ ਇਕ ਅਨੁਪਾਤ ਦਾ ਘੋਲ ਚੰਗੀ ਤਰ੍ਹਾਂ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਸਾਫ-ਸੁਥਰੀ ਜਗ੍ਹਾ ’ਤੇ ਰੱਖਿਆ ਜਾਵੇ ਅਤੇ ਖੋਰ ਗੁਲਨ ਦੀ ਸਮੱਸਿਆ ਤੋਂ ਬਚਾਉਣ ਲਈ ਮੈਟ ਵਰਤੇ ਜਾਣ। ਉਨ੍ਹਾਂ ਕਿਹਾ ਕਿ ਕਈ ਪਸ਼ੂਆਂ ਦੀ ਮੌਤ ਬੰਨ ਪੈਣ ਕਰ ਕੇ ਹੋਈ ਹੈ ਕਿ ਕਿਉਂਕਿ ਕਈ ਵਾਰ ਪਸ਼ੂ ਪਾਲਕ ਸਾਈਲਜ ਦੀ ਬੜੀ ਵੱਧ ਮਾਤਰਾ ਦੇਣੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਨੂੰ ਸਾਈਲੇਜ ਦੇਣ ਤੋਂ ਪਹਿਲਾਂ ਉਸ ਦੀ ਮਾਤਰਾ ਘੱਟ ਰੱਖੀ ਜਾਵੇ। ਇਸੇ ਤਰ੍ਹਾਂ ਸਾਇਲੇਜ ਅਤੇ ਸੁੱਕਾ ਚਾਰਾ ਖਾਣ ਨਾਲ ਪਸ਼ੂਆਂ ’ਚ ਤੇਜ਼ਾਬੀ ਮਾਦਾ ਵੀ ਵੱਧ ਬਣ ਰਿਹਾ ਹੈ। ਜਿਸ ਤੋਂ ਬਚਾਉਣ ਲਈ ਪ੍ਰਤੀ ਪਸ਼ੂ 60 ਗ੍ਰਾਮ ਮਿੱਠਾ ਸੋਡਾ ਇਕ ਦਿਨ ਦੇ ਵਕਫੇ ਨਾਲ ਵੀ ਮਿਲਾ ਕੇ ਜ਼ਰੂਰ ਦੇਣਾ ਚਾਹੀਦਾ ਹੈ। ਤਾਂ ਜੋ ਪਸ਼ੂ ਤੇਜਾਬੀ ਮਾਦੇ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਸਾਇਲੇਜ ਮੌਕੇ ਉਸ ਦੀ ਕੁਆਲਿਟੀ ਵੀ ਜ਼ਰੂਰ ਚੈੱਕ ਕਰ ਲਈ ਜਾਵੇ। ਖਾਸ ਤੌਰ ’ਤੇ ਉਸਦਾ ਰੰਗ ਜ਼ਰੂਰ ਦੇਖ ਲਿਆ ਜਾਵੇ ਅਤੇ ਇਹ ਵੀ ਯਕੀਨੀ ਬਣਾ ਲਿਆ ਜਾਵੇ ਕਿ ਉਸ ਵਿਚ ਕੀੜੇ ਵਗੈਰਾ ਨਾ ਪਏ ਹੋਣ। ਉਨ੍ਹਾਂ ਕਿਹਾ ਕਿ ਜੇਕਰ ਪਸ਼ੂਆਂ ਨੂੰ ਕੋਈ ਸਮੱਸਿਆ ਹੈ ਤਾਂ ਤੁਰੰਤ ਨੇੜਲੇ ਵੈਟਨਰੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News